ਟਰਾਂਸਪੋਰਟ ਨਗਰ ’ਚ ਵਿਕਾਸ ਕਾਰਜਾਂ ਦਾ ਜਤਿੰਦਰ ਭੱਲਾ ਵੱਲੋਂ ਉਦਘਾਟਨ
ਸ਼ਗਨ ਕਟਾਰੀਆ
ਬਠਿੰਡਾ, 8 ਜਨਵਰੀ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਅੱਜ ਇੱਥੇ ਟਰਾਂਸਪੋਰਟ ਨਗਰ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਟਰਾਂਸਪੋਰਟ ਨਗਰ ਦੀ ਸੁੰਦਰਤਾ ਕਾਇਮ ਕਰਨ ਲਈ ਟਰੱਕ ਚਾਲਕਾਂ ਲਈ ਲੱਖਾਂ ਰੁਪਏ ਖਰਚ ਕਰ ਕੇ ਆਧੁਨਿਕ ਬਾਥਰੂਮ ਬਣਾਏ ਗਏ ਹਨ। ਇਸ ਤੋਂ ਇਲਾਵਾ ਇੰਟਰਲਾਕਿੰਗ ਟਾਈਲਾਂ ਲਾਉਣ ਸਮੇਤ ਪਾਰਕਿੰਗ ਨੂੰ ਵੀ ਖੂਬਸੂਰਤ ਦਿੱਖ ਦਿੱਤੀ ਗਈ ਹੈ। ਨਗਰ ਨਿਗਮ ਬਠਿੰਡਾ ਵੱਲੋਂ ਟਰੱਕ ਚਾਲਕਾਂ ਦੀ ਸਹੂਲਤ ਲਈ ਨਵੇਂ ਬਾਥਰੂਮ ਤਿਆਰ ਕੀਤੇ ਗਏ ਹਨ। ਇਨ੍ਹਾਂ ਸਾਰੇ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਤੋਂ ਬਾਅਦ ਚੇਅਰਮੈਨ ਜਤਿੰਦਰ ਭੱਲਾ ਨੇ ਕਿਹਾ ਕਿ ਟਰੱਕ ਚਾਲਕ, ਸਮਾਜ ਵੱਲੋਂ ਅਣਗੌਲਿਆ ਵਰਗ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਨਗਰ ਵਿੱਚ ਟਰੱਕ ਚਾਲਕਾਂ ਲਈ ਕੋਈ ਸਹੂਲਤ ਨਹੀਂ ਸੀ, ਇੱਥੋਂ ਤੱਕ ਕਿ ਇੱਥੇ ਬਣੇ ਹੋਏ ਪਖਾਨੇ ਖਸਤਾ ਹਾਲਤ ਸਨ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਨਗਰ ਸੁਧਾਰ ਟਰੱਸਟ ਵੱਲੋਂ ਟਰਾਂਸਪੋਰਟ ਨਗਰ ਵਿੱਚ ਬਾਥਰੂਮ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕਾਂ ਲਈ ਬਣਾਏ ਗਏ ਆਧੁਨਿਕ ਬਾਥਰੂਮਾਂ ਉੱਪਰ ਕਰੀਬ 30 ਲੱਖ ਰੁਪਏ ਖਰਚ ਕੀਤੇ ਗਏ ਹਨ। ਟਰੱਕ ਚਾਲਕਾਂ ਨੇ ਬਾਥਰੂਮ ਬਣਾਉਣ ਲਈ ਚੇਅਰਮੈਨ ਜਤਿੰਦਰ ਭੱਲਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਭੱਲਾ ਅਜਿਹੇ ਆਗੂ ਹਨ, ਜਿਨ੍ਹਾਂ ਨੇ ਇਸ ਟਰੱਕ ਚਾਲਕਾਂ ਦੀ ਸਮੱਸਿਆ ਨੂੰ ਦੇਖਦਿਆਂ ਸਹੂਲਤ ਦਿੱਤੀ ਹੈ। ਇਸ ਮੌਕੇ ਭੁਪਿੰਦਰ ਸਿੰਘ, ਗਗਨ ਜਵੰਦਾ, ਮਹਿੰਦਰ ਪਾਲ ਸਿੰਘ, ਲਖਬੀਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਨਾਇਬ ਸਿੰਘ, ਲਾਲ ਚੰਦ, ਕੁਲਵੰਤ ਸਿੰਘ, ਸੰਦੀਪ ਸਿੰਘ ਅਤੇ ਲੇਬਰ ਯੂਨੀਅਨ ਦੇ ਪ੍ਰਧਾਨ ਬਿੱਟੂ ਆਦਿ ਹਾਜ਼ਰ ਸਨ।