ਮੀਂਹ ਕਾਰਨ ਹਵਾ ਦੀ ਗੁਣਵੱਤਾ ਵਿੱਚ ਹੋਏ ਸੁਧਾਰ ਮਗਰੋਂ ਜਿਸਤ-ਟਾਂਕ ਯੋਜਨਾ ਮੁਲਤਵੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਨਵੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਇੱਥੇ ਕਿਹਾ ਕਿ ਦਿੱਲੀ ਵਿੱਚ ਪਏ ਮੀਂਹ ਕਰਕੇ ਹਵਾ ਦੀ ਗੁਣਵੱਤਾ ’ਚ ਹੋਏ ਸੁਧਾਰ ਸਦਕਾ ਜਿਸਤ-ਟਾਂਕ ਯੋਜਨਾ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਏ ਨੇ ਕਿਹਾ ਕਿ ਸਰਕਾਰ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਦੀ ਸਥਤਿੀ ਦੀ ਸਮੀਖਿਆ ਕਰੇਗੀ, ਜਿਸ ਮਗਰੋਂ ਅਗਲਾ ਫ਼ੈਸਲਾ ਲਿਆ ਜਾਵੇਗਾ। ਰਾਏ ਨੇ ਕਿਹਾ ਕਿ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਦੇ ਦਿੱਲੀ ਵਿਚ ਦਾਖਲੇ ’ਤੇ ਪਾਬੰਦੀ ਦੇ ਛੋਟੇ ਐਂਟਰੀ ਪੁਆਇੰਟਾਂ ਬਾਰੇ ਸਰਕਾਰ ਦਿੱਲੀ ਟਰੈਫਿਕ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਜਿਹੀਆਂ ਕਮੀਆਂ ਦੂਰ ਕਰਨ ਦੀ ਅਪੀਲ ਕਰੇਗੀ। ਉਨ੍ਹਾਂ ਕਿਹਾ ਕਿ ਉਹ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਟਰਾਂਸਪੋਰਟ ਮੰਤਰੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਅਪੀਲ ਕਰਨਗੇ ਕਿ ਉਹ ਰਾਜਧਾਨੀ ਦੀਆਂ ਸਰਹੱਦਾਂ ’ਤੇ ਜਾਮ ਤੋਂ ਬਚਣ ਲਈ ਗੈਰ-ਜ਼ਰੂਰੀ ਸਾਮਾਨ ਵਾਲੇ ਟਰੱਕਾਂ ਨੂੰ ਐਕਸਪ੍ਰੈਸ ਵੇਅ ’ਤੇ ਮੋੜਨ ਲਈ ਨਿਰਦੇਸ਼ ਦੇਣ। ਹਵਾ ਪ੍ਰਦੂਸ਼ਣ ਅਤੇ ਧੂੰਏਂ ਤੋਂ ਪਰੇਸ਼ਾਨ ਦਿੱਲੀ ਵਾਸੀਆਂ ਨੂੰ ਬੀਤੀ ਰਾਤ ਪਏ ਮੀਂਹ ਕਰਕੇ ਕੁੱਝ ਰਾਹਤ ਮਿਲੀ, ਜਿਸ ਸਦਕਾ ਅੱਜ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦਿਖਾਈ ਦਿੱਤਾ। ਅੱਜ ਦੁਪਹਿਰ 1 ਵਜੇ ਦਿੱਲੀ ’ਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 314 ਰਿਹਾ, ਜੋ ‘ਬਹੁਤ ਖਰਾਬ’ ਸ਼੍ਰੇਣੀ ‘ਚ ਆਉਂਦਾ ਹੈ। ਸਵੇਰੇ ਨੌਂ ਵਜੇ ਇਹ 376 ਅਤੇ ਸੱਤ ਵਜੇ 408 ਸੀ। ਵੀਰਵਾਰ ਰਾਤ 11 ਵਜੇ ਇਹ 460 ਸੀ। ਏਕਿਊਆਈ ਪਿਛਲੇ 24 ਘੰਟਿਆਂ ਦਾ ਔਸਤ ਡੇਟਾ ਹੁੰਦਾ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਦੇ ਪ੍ਰਾਇਮਰੀ ਮੌਸਮ ਵਿਗਿਆਨ ਕੇਂਦਰ ਸਫਦਰਜੰਗ ਆਬਜ਼ਰਵੇਟਰੀ ਨੇ ਅੱਜ ਸਵੇਰੇ 8:30 ਵਜੇ ਪਿਛਲੇ 24 ਘੰਟਿਆਂ ਵਿੱਚ ਛੇ ਮਿਲੀਮੀਟਰ ਅਤੇ ਸਵੇਰੇ 8:30 ਤੋਂ 11:30 ਵਜੇ ਦਰਮਿਆਨ 2.2 ਮਿਲੀਮੀਟਰ ਮੀਂਹ ਰਿਕਾਰਡ ਕੀਤਾ। ਮੌਸਮ ਵਿਭਾਗ ਨੇ ਦੀਵਾਲੀ ਤੋਂ ਪਹਿਲਾਂ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਦੀ ਪੇਸ਼ੀਨਗੋਈ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਤਾਜ਼ਾ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਹਵਾ ਦੀ ਦਿਸ਼ਾ ਉੱਤਰ-ਪੱਛਮ ਤੋਂ ਦੱਖਣ-ਪੂਰਬ ਵੱਲ ਬਦਲਣ ਨਾਲ ਭਾਰਤ ਦੇ ਉੱਤਰ-ਪੱਛਮੀ ਖੇਤਰ ਵਿੱਚ ਪਰਾਲੀ ਸਾੜਨ ਦੇ ਧੂੰਏਂ ਕਾਰਨ ਪੈਦਾ ਹੋਣ ਵਾਲਾ ਪ੍ਰਦੂਸ਼ਣ ਘਟ ਸਕਦਾ ਹੈ।