ਜੀਓ ਮਾਮੀ ਮੁੰਬਈ ਫਿਲਮ ਫੈਸਟੀਵਲ 27 ਤੋਂ
ਮੁੰਬਈ: ਜੀਓ ਮਾਮੀ ਮੁੰਬਈ ਫਿਲਮ ਫੈਸਟੀਵਲ 2023 ਦਾ ਅੱਜ ਐਲਾਨ ਕੀਤਾ ਗਿਆ ਹੈ। ਇਹ ਫੈਸਟੀਵਲ ਮੁੰਬਈ ਵਿੱਚ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਵਿੱਚ ਜੀਓ ਵਰਲਡ ਸੈਂਟਰ ’ਤੇ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਇਆ ਜਾਵੇਗਾ। ਇਨ੍ਹਾਂ ਦਸ ਦਿਨਾਂ ਦੌਰਾਨ 250 ਤੋਂ ਵੱਧ ਫਿਲਮਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਵਾਰ ਸਾਊਥ ਏਸ਼ੀਆ ਪ੍ਰੋਗਰਾਮ ਲਈ ਇੱਕ ਹਜ਼ਾਰ ਤੋਂ ਵੱਧ ਸਬਮਿਸ਼ਨਾਂ ਪ੍ਰਾਪਤ ਹੋਈਆਂ ਹਨ। ਇਸ ਵਿੱਚ 40 ਤੋਂ ਵੱਧ ਵਰਲਡ ਪ੍ਰੀਮੀਅਰ, 45 ਏਸ਼ੀਆ ਪ੍ਰੀਮੀਅਰ ਅਤੇ 70 ਤੋਂ ਵੱਧ ਸਾਊਥ ਏਸ਼ੀਆ ਪ੍ਰੀਮੀਅਰ ਸ਼ਾਮਲ ਹਨ। ਇਸ ਫੈਸਟੀਵਲ ਦਾ ਮਕਸਦ ਦੱਖਣੀ ਏਸ਼ੀਆ ਦੀਆਂ ਸਮਕਾਲੀ ਫ਼ਿਲਮਾਂ ਅਤੇ ਨਵੀਆਂ ਸਨਿੇਮਈ ਆਵਾਜ਼ਾਂ ਨੂੰ ਉਜਾਗਰ ਕਰਨਾ ਹੈ। ਇਸ ਸਾਲ ਸਾਰਿਆਂ ਦੀਆਂ ਨਜ਼ਰਾਂ ਸਾਊਥ ਏਸ਼ੀਆ ਕੰਪੀਟੀਸ਼ਨ ’ਤੇ ਹੋਣਗੀਆਂ। ਮੁੰਬਈ ਵਿੱਚ ਨੀਤਾ ਮੁਕੇਸ਼ ਅੰਬਾਨੀ ਕਲਚਰਲ ਕੇਂਦਰ (ਐੱਨਐੱਮਏਸੀਸੀ) ਵਿੱਚ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ ਫੈਸਟੀਵਲ ਬੋਰਡ ਮੈਂਬਰ ਮੌਜੂਦ ਸਨ। ਇਸ ਮੌਕੇ ਅਨੁਪਮਾ ਚੋਪੜਾ, ਫਰਹਾਨ ਅਖ਼ਤਰ, ਰਾਣਾ ਡੱਗੂਬਾਤੀ, ਸਿਧਾਰਥ ਰੌਏ ਕਪੂਰ, ਵਿਕਰਮਾਦਿਤਿਆ ਮੋਟਵਾਨੀ, ਜ਼ੋਇਆ ਅਖ਼ਤਰ, ਰੋਹਨ ਸਿਪੀ ਅਤੇ ਅਜੈ ਬਿਜਲੀ ਨੇ ਇਸ ਫੈਸਟੀਵਲ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਜੀਓ ਮਾਮੀ ਮੁੰਬਈ ਫ਼ਿਲਮ ਫੈਸਟੀਵਲ ਦੀ ਕਲਾਤਮਕ ਨਿਰਦੇਸ਼ਕ ਦੀਪਤੀ ਡੀਕੁੁਨਾ ਨੇ ਕਿਹਾ, ‘‘ਸਾਨੂੰ ਮਾਣ ਹੈ ਕਿ ਅਸੀਂ ਫੈਸਟੀਵਲ ਵਜੋਂ ਆਪਣੇ ਨਜ਼ਰੀਏ ਨੂੰ ਵਧਾਉਣ ਦੇ ਪਹਿਲੇ ਸਾਲ ਦੇ ਅੰਦਰ ਸਾਊਥ ਏਸ਼ੀਆ ਸੈਕਸ਼ਨ ਵਿੱਚ ਇਸ ਤਰ੍ਹਾਂ ਦੀ ਵੰਨ-ਸੁਵੰਨਤਾ ਹਾਸਲ ਕਰਨ ਵਿੱਚ ਸਫਲ ਰਹੇ ਹਾਂ ਜੋ ਦੱਖਣੀ ਏਸ਼ੀਆ ਅਤੇ ਦੱਖਣੀ ਏਸ਼ਿਆਈ ਪਰਵਾਸੀਆਂ ਨੂੰ ਨਵੀਆਂ ਸਨਿੇਮਈ ਆਵਾਜ਼ਾਂ ਲਈ ਮਾਹੌਲ ਬਣਾਉਣ ’ਤੇ ਕੇਂਦਰਤ ਹੈ। ਇਸ ਵਿੱਚ ਆਨੰਦ ਪਟਵਰਧਨ ਦੀ ‘ਵਾਸੂਦੇਵ ਕੁਟੁੰਬਕਮ’, ਅਨੁਰਾਗ ਕਸ਼ਿਅਪ ਦੀ ‘ਕੈਨੇਡੀ’, ਤਾਹਿਰਾ ਕਸ਼ਿਅਪ ਦੀ ‘ਸ਼ਰਮਾਜੀ ਕੀ ਬੇਟੀ’ ਆਦਿ ਫ਼ਿਲਮਾਂ ਪੇਸ਼ ਕੀਤੀਆਂ ਜਾਣਗੀਆਂ। -ਏਐੱਨਆਈ