For the best experience, open
https://m.punjabitribuneonline.com
on your mobile browser.
Advertisement

ਕਿਸਾਨ ਹਿਤੈਸ਼ੀ ਹੋਣ ਦਾ ਦਿਖਾਵਾ ਕਰ ਰਿਹੈ ਜਿੰਦਲ: ਸੁਸ਼ੀਲ ਗੁਪਤਾ

09:07 AM Apr 20, 2024 IST
ਕਿਸਾਨ ਹਿਤੈਸ਼ੀ ਹੋਣ ਦਾ ਦਿਖਾਵਾ ਕਰ ਰਿਹੈ ਜਿੰਦਲ  ਸੁਸ਼ੀਲ ਗੁਪਤਾ
ਸ਼ਾਹਬਾਦ ਦੀ ਸਬਜ਼ੀ ਮੰਡੀ ’ਚ ਵਪਾਰੀਆਂ ਲਈ ਚਾਹ ਬਣਾਉਂਦੇ ਹੋਏ ਡਾ. ਸੁਸ਼ੀਲ ਗੁਪਤਾ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 19 ਅਪਰੈਲ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਨੇ ਅੱਜ ਸ਼ਾਹਬਾਦ ਵਿਚ ਵੱਖ-ਵੱਖ ਥਾਵਾਂ ’ਤੇ ਚੋਣ ਬੈਠਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸ਼ਾਹਬਾਦ ਦੀ ਸਬਜ਼ੀ ਮੰਡੀ ’ਚ ਵਪਾਰੀਆਂ ਨੂੰ ਆਪਣੇ ਹੱਥਾਂ ਨਾਲ ਚਾਹ ਬਣਾ ਕੇ ਪਿਲਾਈ। ਇਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਮੈਮੋਰੀਅਲ ਹਾਲ ਵਿਚ ਪਾਰਟੀ ਕਾਰਕੁਨਾਂ ਦੀ ਬੈਠਕ ਦੌਰਾਨ ਚੋਣਾਂ ਸਬੰਧੀ ਰਣਨੀਤੀ ਬਾਰੇ ਲਾਮਬੰਦੀ ਕੀਤੀ। ਉਨ੍ਹਾਂ ਨੇ ਕਾਰਕੁਨਾਂ ਨੂੰ ਕਿਹਾ ਕਿ ਉਹ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਮਝਾਉਣ ਕਿ ਭਾਜਪਾ ਨੇ ਕਿਸ ਤਰ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਉੱਤੇ ਅੱਤਿਆਚਾਰ ਕੀਤਾ ਹੈ ਤੇ ਇਸ ਅੱਤਿਆਚਾਰ ਦਾ ਬਦਲਾ ਲੈਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਉਮੀਦਵਾਰ ਨਵੀਨ ਜਿੰਦਲ ਕਣਕ ਦੀ ਭਰੀ ਬੋਰੀ ਚੁੱਕ ਕੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਨਾਟਕ ਕਰ ਰਿਹਾ ਹੈ ਪਰ ਜਿਸ ਵੇਲੇ ਕੁਰੂਕਸ਼ੇਤਰ ਤੇ ਪਿਪਲੀ ਵਿਚ ਕਿਸਾਨਾਂ ’ਤੇ ਡੰਡੇ ਵਰਸਾਏ ਜਾ ਰਹੇ ਸਨ ਤਾਂ ਉਸ ਵੇਲੇ ਉਹ ਕਿਥੇ ਸਨ? ਉਨ੍ਹਾਂ ਕਿਹਾ ਕਿ ਭਾਜਪਾ ਨੇ ਪੂਰਾ ਡੇਢ ਸਾਲ ਕਿਸਾਨਾਂ ’ਤੇ ਜ਼ੁਲਮ ਕੀਤੇ ਤੇ ਕਿਸਾਨਾਂ ਨੂੰ ਦਿੱਲੀ ਬਾਰਡਰ ’ਤੇ ਬਿਠਾ ਕੇ ਰੱਖਿਆ। ਸ੍ਰੀ ਗੁਪਤਾ ਨੇ ਕਿਹਾ ਕਿ ਹਵਾਈ ਜਹਾਜ਼ ਵਿਚ ਬੈਠਣ ਵਾਲਾ ਤੇ ਕਦੇ ਪਾਣੀ ਦਾ ਗਿਲਾਸ ਨਾ ਚੁੱਕਣ ਵਾਲਾ ਜਿੰਦਲ ਅੱਜ ਬੋਰੀ ਚੁੱਕ ਕੇ ਦਿਖਾ ਰਿਹਾ ਹੈ। ਲੋਕ ਇਸ ਦੇ ਨਾਟਕ ਤੋਂ ਜਾਣੂ ਹਨ ਤੇ ਲੋਕ ਵੋਟ ਨਾਲ ਇਨ੍ਹਾਂ ਨੂੰ ਸਬਕ ਸਿਖਾਉਣਗੇ। ਸ੍ਰੀ ਗੁਪਤਾ ਨੇ ਕਿਹਾ ਕਿ ਇਨ੍ਹਾਂ ਦੇ ਹੱਥ ਕਿਸਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ, ਜਿਸ ਕਰ ਕੇ ਇਨ੍ਹਾਂ ਨੂੰ ਚੌਕ-ਚੌਰਾਹਿਆਂ ’ਤੇ ਖੜ੍ਹ ਕੇ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਗੁਪਤਾ ਨੇ ਕਿਹਾ ਕਿ ਅਭੈ ਸਿੰਘ ਚੌਟਾਲਾ ਨਵੀਨ ਜਿੰਦਲ ਦੇ ਵੱਡੇ ਭਰਾ ਹੋਣ ਦਾ ਵਾਅਦਾ ਨਿਭਾ ਰਿਹਾ ਹੈ ਤੇ ਉਹ ਭਾਜਪਾ ਦੇ ਸਮਰਥਨ ਲਈ ਹੀ ਕੁਰੂਕਸ਼ੇਤਰ ਆਇਆ ਹੈ। ਉਨ੍ਹਾਂ ਕਿਹਾ ਕਿ 400 ਸੀਟਾਂ ਦਾ ਦਾਅਵਾ ਕਰਨ ਵਾਲੀ ਭਾਜਪਾ 100 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ‘ਇੰਡੀਆ’ ਗੱਠਜੋੜ ਬਣਿਆ ਹੈ, ਉਦੋਂ ਤੋਂ ਭਾਜਪਾ ਡਰੀ ਹੋਈ ਹੈ। ਜੋ ਵੀ ਸਰਕਾਰ ਖ਼ਿਲਾਫ਼ ਬੋਲਦਾ ਹੈ, ਉੁਸ ਨੂੰ ਈਡੀ ਤੇ ਸੀਬੀਆਈ ਦਾ ਡਰ ਦਿਖਾ ਕੇ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਲੋਕ ਬਦਲਾਅ ਦੇ ਮੂਡ ਵਿਚ ਹਨ ਤੇ ਚੋਣਾਂ ਤੋਂ ਬਾਅਦ ਗੱਠਜੋੜ ਦੀ ਸਰਕਾਰ ਬਣਨੀ ਯਕੀਨੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×