ਇਸ ਸਾਲ ਮੁੜ ਆਸਕਰ ਐਵਾਰਡਜ਼ ਦੀ ਮੇਜ਼ਬਾਨੀ ਕਰੇਗਾ ਜਿੰਮੀ ਕਿਮਲ
ਨਿਊ ਯਾਰਕ: ਜਿੰਮੀ ਕਿਮਲ ਐਤਕੀ ਲਗਾਤਾਰ ਚੌਥੀ ਵਾਰ ਵੱਕਾਰੀ ਅਕੈਡਮੀ ਐਵਾਰਡਜ਼ ਦੀ ਮੇਜ਼ਬਾਨੀ ਕਰੇਗਾ। ਇਹ ਜਾਣਕਾਰੀ ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਜਿ਼ ਵੱਲੋਂ ਦਿੱਤੀ ਗਈ ਹੈ। ਪਿਛਲੇ ਸਾਲ ਜਿੰਮੀ ਦੀ ਮੇਜ਼ਬਾਨੀ ਮੌਕੇ ਇਸ ਸਮਾਗਮ ਨੂੰ 1 ਕਰੋੜ 87 ਲੱਖ ਦਰਸ਼ਕਾਂ ਨੇ ਵੇਖਿਆ ਸੀ। ਸਾਲ 2022 ਵਿੱਚ ਵਿਲ ਸਮਿੱਥ ਵੱਲੋਂ ਕ੍ਰਿਸ ਰੌਕ ਨੂੰ ਥੱਪੜ ਮਾਰਨ ਦੀ ਘਟਨਾ ਦੌਰਾਨ ਜਿੰਮੀ ਕਿਮਲ ਨੇ ਮੇਜ਼ਬਾਨੀ ਕਰਦਿਆਂ ਅਕੈਡਮੀ ਐਵਾਰਡਜ਼ ਪ੍ਰੋਗਰਾਮ ਨੂੰ ਸੰਭਾਲੀ ਰੱਖਿਆ ਸੀ। ਇਸ ਤੋਂ ਇਲਵਾ ਕਿਮਲ 2017, 2018 ਅਤੇ 2022 ਵਿੱਚ ਇਸ ਸਮਾਗਮ ਦੀ ਮੇਜ਼ਬਾਨੀ ਕਰ ਚੁੱਕਿਆ ਹੈ। ਅਦਾਕਾਰ ਨੇ ਕਿਹਾ, ‘ਮੈਂ ਹਮੇਸ਼ਾ ਇਸ ਵੱਕਾਰੀ ਸਮਾਗਮ ਦੀ ਚਾਰ ਵਾਰ ਮੇਜ਼ਬਾਨੀ ਦਾ ਸੁਫ਼ਨਾ ਵੇਖਿਆ ਸੀ।’ ਗੌਰਤਲਬ ਹੈ ਕਿ ਸਭ ਤੋਂ ਵੱਧ ਵਾਰ ਅਕੈਡਮੀ ਐਵਾਰਡਜ਼ ਦੀ ਮੇਜ਼ਬਾਨੀ ਕਰਨ ਦਾ ਰਿਕਾਰਡ ਹਾਲੇ ਤੱਕ ਬੌਬ ਹੋਪ ਦੇ ਨਾਂ ਹੈ, ਜਿਨ੍ਹਾਂ ਇਕੱਲਿਆਂ ਅਤੇ ਸਹਿ ਕਲਾਕਾਰ ਦੀ ਮੌਜੂਦਗੀ ਵਿੱਚ ਕੁਲ 19 ਵਾਰ ਮੇਜ਼ਬਾਨੀ ਕੀਤੀ ਹੈ। ਇਸ ਤੋਂ ਬਿਨਾਂ ਬਿਲੀ ਕ੍ਰਿਸਟਲ ਨੇ 1990 ਤੋਂ 2012 ਦਰਮਿਆਨ ਕੁਲ 9 ਵਾਰ ਮੇਜ਼ਬਾਨੀ ਕੀਤੀ ਹੈ। -ਏਪੀ