ਸ਼ੱਕੀ ਹਾਲਾਤ ’ਚ ਝੁਲਸੀ ਵਿਆਹੁਤਾ ਹਸਪਤਾਲ ਦਾਖ਼ਲ
ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੁਲਾਈ
ਇੱਥੇ ਦੇ ਗਿਆਸਪੁਰਾ ਇਲਾਕੇ ’ਚ ਰਹਿਣ ਵਾਲੀ ਵਿਆਹੁਤਾ ਸੁਮਨ ਸ਼ੁੱਕਰਵਾਰ ਨੂੰ ਸ਼ੱਕੀ ਹਾਲਾਤ ’ਚ ਝੁਲਸ ਗਈ। ਔਰਤ ਤੇ ਉਸਦੇ ਪੇਕੇ ਵਾਲਿਆਂ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰੇ ਵਾਲਿਆਂ ਨੇ ਅੱਗ ਲਾਈ ਹੈ। ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਮਾਮਲੇ ’ਚ ਨਾ ਤਾਂ ਥਾਣਾ ਸਾਹਨੇਵਾਲ ਪੁਲੀਸ ਨੂੰ ਸ਼ਿਕਾਇਤ ਮਿਲੀ ਹੈ ਤੇ ਨਾ ਹੀ ਥਾਣਾ ਫੋਕਲ ਪੁਆਇੰਟ ਪੁਲੀਸ ਨੂੰ ਕੋਈ ਸ਼ਿਕਾਇਤ ਪੁੱਜੀ ਹੈ। ਪੀੜਤ ਦੇ ਭਰਾ ਸੰਦੀਪ ਅਨੁਸਾਰ ਉਸ ਦੀ ਭੈਣ ਸੁਮਨ ਦਾ ਵਿਆਹ 5 ਸਾਲ ਪਹਿਲਾਂ ਹੋ ਚੁੱਕਿਆ ਹੈ, ਉਸ ਦੇ 2 ਬੱਚੇ ਵੀ ਹਨ। ਸੰਦੀਪ ਨੇ ਦੋਸ਼ ਲਾਇਆ ਕਿ ਸੁਮਨ ਨੂੰ ਉਸਦੀ ਸੱਸ, ਜੇਠ, ਦਿਓਰ ਤੇ ਜੀਜਾ ਤੰਗ ਕਰਦੇ ਹਨ। ਪਤੀ ਦੇ ਨਾਲ ਵੀ ਕਈ ਵਾਰ ਉਹ ਲੜਾਈ ਝਗੜਾ ਕਰ ਚੁੱਕੇ ਹਨ। ਸੁਮਨ ਘਰ ’ਚ ਇਕੱਲੀ ਸੀ। ਮੌਕਾ ਦੇਖ ਜੇਠ, ਦਿਓਰ ਤੇ ਜੀਜਾ ਤਿੰਨਾਂ ਨੇ ਮਿਲ ਕੇ ਮਿੱਟੀ ਦਾ ਤੇਲ ਪਾ ਕੇ ਸੁਮਨ ਨੂੰ ਅੱਗ ਲਾ ਦਿੱਤੀ। ਸੁਮਨ ਦੀਆਂ ਚੀਕਾਂ ਸੁਣ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਕਿਸੇ ਤਰ੍ਹਾਂ ਪਾਣੀ ਪਾ ਕੇ ਭੈਣ ਨੇ ਖੁਦ ਦੀ ਅੱਗ ਬੁਝਾਈ। ਸੰਦੀਪ ਨੇ ਦੱਸਿਆ ਕਿ ਉਹ ਆਪਣੀ ਮਾਂ ਦੇ ਨਾਲ ਵਰਧਮਾਨ ਚੌਕ ਕੋੋਲ ਰਹਿੰਦੇ ਹਨ। ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਤੁਰੰਤ ਸੁਮਨ ਕੋਲ ਪੁੱਜੇ। ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਨੇ ਸੁਮਨ ਨੂੰ ਇਲਾਜ ਲਈ ਹਸਪਤਾਲ ਵੀ ਨਹੀਂ ਪਹੁੰਚਾਇਆ। ਉਹ ਖੁਦ ਆਟੋ ’ਚ ਬਿਠਾ ਕੇ ਉਸਨੂੰ ਹਸਪਤਾਲ ਲੈ ਕੇ ਗਏ। ਸੰਦੀਪ ਅਨੁਸਾਰ ਪਹਿਲਾਂ ਉਹ ਮਾਮਲੇ ਨੂੰ ਹਮੇਸ਼ਾ ਹੱਲ ਕਰਨ ਦੀ ਕੋਸ਼ਿਸ਼ ’ਚ ਰਹਿੰਦੇ ਸਨ, ਪਰ ਹੁਣ ਸਾਰੀਆਂ ਹੱਦਾਂ ਪਾਰ ਕਰ ਕੇ ਉਨ੍ਹਾਂ ਦੀ ਧੀ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ।