ਝੀਂਡਾ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਚੋਣਾਂ ਜਲਦੀ ਕਰਾਉਣ ਦੀ ਮੰਗ
ਰਤਨ ਸਿੰਘ ਢਿੱਲੋਂ
ਅੰਬਾਲਾ, 4 ਨਵੰਬਰ
ਸ਼੍ਰੋਮਣੀ ਪੰਥਕ ਅਕਾਲੀ ਦਲ (ਹਰਿਆਣਾ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਪੰਚਕੂਲਾ ਵਿੱਚ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਮਿਲ ਕੇ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦੀ ਮੰਗ ਕੀਤੀ ਹੈ।
ਸ੍ਰੀ ਝੀਂਡਾ ਅੱਜ ਅੰਬਾਲਾ ਸ਼ਹਿਰ ਸਥਿਤ ਡੇਰਾ ਕਾਰ ਸੇਵਾ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਝੀਂਡਾ ਨੇ ਕਮਿਸ਼ਨਰ ਨਾਲ ਸਿੱਖਾਂ ਦੀਆਂ ਬਣੀਆਂ ਗਲਤ ਵੋਟਾਂ ਅਤੇ ਨਵੀਆਂ ਵੋਟਾਂ ਬਣਾਉਣ ਬਾਰੇ ਚਰਚਾ ਕੀਤੀ ਹੈ। ਇਸ ’ਤੇ ਕਮਿਸ਼ਨਰ ਨੇ ਦੱਸਿਆ ਕਿ ਇਸ ਕੰਮ ਲਈ ਉਨ੍ਹਾਂ ਨੇ ਰਿਟਰਨਿੰਗ ਅਧਿਕਾਰੀ ਐੱਸਡੀਐੱਮ ਦੀ ਡਿਊਟੀ ਲਾਈ ਹੈ। ਕਮਿਸ਼ਨਰ ਨੇ ਕਿਹਾ ਕਿ ਜੇ ਕੋਈ ਅਧਿਕਾਰੀ ਨਾਂਹ-ਨੁੱਕਰ ਕਰਦਾ ਹੈ ਤਾਂ ਇਸ ਬਾਰੇ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਕੀਤੀ ਜਾ ਸਕਦੀ ਹੈ ਅਤੇ ਜੇ ਡਿਪਟੀ ਕਮਿਸ਼ਲਰ ਵੀ ਅਣਦੇਖੀ ਕਰਦੇ ਹਨ ਤਾਂ ਸ਼ਿਕਾਇਤਕਰਤਾ ਕਮਿਸ਼ਨਰ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਝੀਂਡਾ ਨੇ ਕਿਹਾ ਕਿ ਕਮਿਸ਼ਨਰ ਮੁਤਾਬਕ ਸਾਰੇ ਸਿੱਖਾਂ ਦੀਆਂ ਵੋਟਾਂ ਹਰ ਹਾਲਤ ਵਿੱਚ ਬਣਾਈਆਂ ਜਾਣਗੀਆਂ।
ਝੀਂਡਾ ਨੇ ਹਰਿਆਣਾ ਦੇ ਹਰੇਕ ਸਿੱਖ ਨੂੰ ਵੋਟ ਬਣਵਾਉਣ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਈ ਚੰਗੇ ਕਿਰਦਾਰ ਦੇ ਮੈਂਬਰ ਚੁਣਨ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਸੰਧੂ, ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ, ਸੁਖਵਿੰਦਰ ਸਿੰਘ ਬਿੱਟਾ, ਰਣਜੀਤ ਸਿੰਘ ਖੱਟੜਾ, ਅਵਤਾਰ ਸਿੰਘ ਕੇਸਰੀ ਤੇ ਹਰਨੇਕ ਸਿੰਘ ਪੰਜੋਖਰਾ ਆਦਿ ਵੀ ਮੌਜੂਦ ਸਨ।