ਝਾਰਖੰਡ: ਹਜ਼ਾਰੀਬਾਗ ’ਚ ਬੱਸ ਪਲਟਣ ਕਾਰਨ ਸੱਤ ਹਲਾਕ
ਹਜ਼ਾਰੀਬਾਗ, 21 ਨਵੰਬਰ
ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ’ਚ ਅੱਜ ਪਟਨਾ ਜਾ ਰਹੀ ਬੱਸ ਪਲਟਣ ਕਾਰਨ ਉਸ ’ਚ ਸਵਾਰ ਘੱਟ ਤੋਂ ਘੱਟ ਸੱਤ ਯਾਤਰੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਤਕਰੀਬਨ 50 ਕਿਲੋਮੀਟਰ ਦੂਰ ਗੋਰਹਰ ਥਾਣੇ ਅਧੀਨ ਇਲਾਕੇ ’ਚ ਹੋਇਆ। ਤੇਜ਼ ਰਫ਼ਤਾਰ ਬੱਸ ਤਿੱਖਾ ਮੋੜ ਮੁੜਦੇ ਸਮੇਂ ਪਲਟ ਗਈ। ਹਜ਼ਾਰੀਬਾਗ ਦੇ ਐੱਸਪੀ ਅਰਵਿੰਦ ਕੁਮਾਰ ਸਿੰਘ ਨੇ ਦੱਸਿਆ, ‘ਹੁਣ ਤੱਕ ਸੱਤ ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਬੱਸ ’ਚ ਕੁਝ ਹੋਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ।’ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਸਮੇਂ ਬੱਸ ’ਚ ਤਕਰੀਬਨ 50 ਯਾਤਰੀ ਸਵਾਰ ਸਨ। ਬੱਸ ਕੋਲਕਾਤਾ ਤੋਂ ਪਟਨਾ ਜਾ ਰਹੀ ਸੀ। ਬੱਸ ’ਚ ਸਫ਼ਰ ਕਰ ਰਹੇ ਬਿਹਾਰ ਦੇ ਰਹਿਣ ਵਾਲੇ ਮੋਤੀਚੰਦ ਪ੍ਰਸਾਦ ਨੇ ਦੱਸਿਆ ਕਿ ਇਸ ਹਾਦਸੇ ’ਚ ਉਸ ਦੀ ਪਤਨੀ ਰਾਜਕੁਮਾਰੀ ਪ੍ਰਸਾਦ ਦੀ ਮੌਤ ਹੋ ਗਈ। ਜ਼ਖ਼ਮੀਆਂ ਵਿੱਚੋਂ 10 ਦੀ ਹਾਲਤ ਗੰਭੀਰ ਹੈ। -ਪੀਟੀਆਈ
ਬੱਸ-ਟਰੱਕ ਦੀ ਟੱਕਰ ਵਿੱਚ ਪੰਜ ਦੀ ਮੌਤ
ਅਲੀਗੜ੍ਹ: ਇੱਥੇ ਯਮੁਨਾ ਐਕਸਪ੍ਰੈੱਸਵੇਅ ’ਤੇ ਬੱਸ ਤੇ ਟਰੱਕ ਵਿਚਾਲੇ ਹੋਈ ਟੱਕਰ ’ਚ ਪੰਜ ਜਣਿਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਲੰਘੀ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਇਹ ਵਾਹਨ ਜ਼ਿਲ੍ਹੇ ਦੇ ਤੱਪਲ ਇਲਾਕੇ ’ਚੋਂ ਲੰਘ ਰਹੇ ਸਨ। ਹਾਦਸੇ ’ਚ ਜ਼ਖ਼ਮੀ ਹੋਏ ਵਿਅਕਤੀਆਂ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀ ਦੀ ਬੱਸ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜਾ ਰਹੀ ਸੀ। ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। -ਪੀਟੀਆਈ