ਝਾਰਖੰਡ: ਹੇਮੰਤ ਸੋਰੇਨ ਸਰਕਾਰ ਨੇ ਭਰੋਸੇ ਦਾ ਮਤ ਜਿੱਤਿਆ
ਰਾਂਚੀ, 8 ਜੁਲਾਈ
ਹੇਮੰਤ ਸੋਰੇਨ ਦੀ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਭਰੋਸੇ ਦਾ ਮਤ ਜਿੱਤਣ ਮਗਰੋਂ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਅਤੇ ਝਾਰਖੰਡ ਮੁਕਤੀ ਮੋਰਚੇ ਦੀ ਅਗਵਾਈ ਵਾਲੇ ਗੱਠਜੋੜ ਦੇ 10 ਹੋਰ ਆਗੂਆਂ ਨੇ ਮੰਤਰੀਆਂ ਵਜੋਂ ਹਲਫ਼ ਲਿਆ। ਮਨੋਨੀਤ ਮੈਂਬਰ ਗਲੈਨ ਜੋਸਫ ਗੈਲਸਟਨ ਸਮੇਤ ਕੁੱਲ 45 ਵਿਧਾਇਕਾਂ ਨੇ ਭਰੋਸੇ ਦੇ ਮਤ ਦੇ ਪੱਖ ਵਿੱਚ ਵੋਟਾਂ ਪਾਈਆਂ। ਇਸ ਦੌਰਾਨ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਮਗਰੋਂ ਭਾਜਪਾ ਤੇ ਏਜੇਐੱਸਯੂ ਦੇ ਵਿਧਾਇਕ ਸਦਨ ’ਚੋਂ ਵਾਕਆਊਟ ਕਰ ਗਏ।
ਭਾਜਪਾ ਦੀ ਅਗਵਾਈ ਵਾਲੀ ਵਿਰੋਧੀ ਧਿਰ ਕੋਲ 24 ਜਦਕਿ ਏਜੇਐੱਸਯੂ ਪਾਰਟੀ ਕੋਲ ਤਿੰਨ ਵਿਧਾਇਕ ਹਨ। ਭਰੋਸੇ ਦਾ ਮਤ ਜਿੱਤਣ ਮਗਰੋਂ ਹੇਮੰਤ ਸੋਰੇਨ ਨੇ ਕਿਹਾ, ‘ਅੱਜ, ਮੁੜ ਸਾਰਿਆਂ ਨੇ ਸੱਤਾਧਾਰੀ ਗੱਠਜੋੜ ਦੀ ਏਕਤਾ ਅਤੇ ਤਾਕਤ ਦੇਖੀ ਹੈ। ਮੈਂ ਸਪੀਕਰ ਅਤੇ ਗੱਠਜੋੜ ਦੇ ਸਾਰੇ ਵਿਧਾਇਕਾਂ ਦਾ ਧੰਨਵਾਦ ਕਰਦਾ ਹਾਂ।’ ਭਰੋਸੇ ਦੇ ਮਤ ’ਤੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਕਿਹਾ, ‘ਮੈਨੂੰ ਸਦਨ ਵਿੱਚ ਮੁੜ ਦੇਖ ਕੇ ਭਾਜਪਾ ਵਿਧਾਇਕਾਂ ਦਾ ਆਚਰਣ ਹਰ ਕੋਈ ਦੇਖ ਸਕਦਾ ਹੈ।’ ਭਾਜਪਾ ਕੋਲ ਸੂਬੇ ਲਈ ਕੋਈ ਏਜੰਡਾ ਨਹੀਂ ਹੈ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਲੋਕ ਭਾਜਪਾ ਨੂੰ ਸ਼ੀਸ਼ਾ ਦਿਖਾ ਚੁੱਕੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਜੇਐੱਮਐੱਮ ਦੀ ਅਗਵਾਈ ਵਾਲੇ ਗੱਠਜੋੜ ਵੱਲੋਂ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਦੌਰਾਨ ਭਰੋਸੇ ਦੇ ਮਤ ’ਤੇ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਆਗੂ ਅਮਰ ਬੌਰੀ ਨੇ ਦੋਸ਼ ਲਾਇਆ ਕਿ ਜੇਐਮਐੱਮ-ਕਾਂਗਰਸ-ਆਰਜੇਡੀ ਗੱਠਜੋੜ ਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਭਰੋਸੇ ਦਾ ਮਤ ਜਿੱਤਣ ਮਗਰੋਂ, ਰਾਜ ਭਵਨ ਵਿੱਚ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਝਾਰਖੰਡ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ 11 ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਵਾਈ, ਜਿਨ੍ਹਾਂ ਵਿੱਚ ਚੰਪਈ ਸੋਰੇਨ ਵੀ ਸ਼ਾਮਲ ਸਨ। ਇਸ ਦੌਰਾਨ 12 ਮੈਂਬਰੀ ਕੈਬਨਿਟ ਵਿੱਚ ਮੁੱਖ ਮੰਤਰੀ ਸਮੇਤ ਕਾਂਗਰਸੀ ਵਿਧਾਇਕ ਇਰਫਾਨ ਅੰਸਾਰੀ, ਵਿਧਾਇਕ ਦੀਪਿਕਾ ਪਾਂਡੇ ਤੇ ਵਿਧਾਇਕ ਵੈਦਿਆਨਾਥ ਰਾਮ ਸ਼ਾਮਲ ਹਨ। ਜਿਨ੍ਹਾਂ ਵਿਧਾਇਕਾਂ ਨੂੰ ਮੁੜ ਮੰਤਰੀ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਰਮੇਸ਼ਵਰ ਓਰਾਓਂ ਤੇ ਬੰਨਾ ਗੁਪਤਾ, ਮਿਥੀਲੇਸ਼ ਕੁਮਾਰ ਠਾਕੁਰ, ਹਫੀਜ਼ੁਲ ਹਸਨ, ਦੀਪਕ ਬਿਰੂਆ ਤੇ ਬੇਬੀ ਦੇਵੀ ਤੇ ਸੱਤਿਆਨੰਦ ਭੋਖਤਾ ਦੇ ਸ਼ਾਮਲ ਹਨ।
ਇਸ ਦੌਰਾਨ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਨਵੀਂ ਕੈਬਨਿਟ ਦੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ।
ਇਸ ਦੌਰਾਨ ਗ੍ਰਹਿ, ਪਰਸੋਨਲ ਤੇ ਕੈਬਨਿਟ ਸਕੱਤਰੇਤ ਜਿਹੇ ਪ੍ਰਮੁੱਖ ਵਿਭਾਗ ਉਨ੍ਹਾਂ ਆਪਣੇ ਕੋਲ ਰੱਖੇ ਹਨ। ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਨੂੰ ਜਲ ਸਰੋਤ ਵਿਭਾਗ ਤੇ ਉਚੇਰੀ ਸਿੱਖਿਆ ਤੇ ਤਕਨੀਕੀ ਸਿੱਖਿਆ ਵਿਭਾਗ ਦਿੱਤੇ ਗਏ ਹਨ ਜਦਕਿ ਜੇਐੱਮਐੱਮ ਦੇ ਬੈਦਿਆਨਾਥ ਰਾਮ ਨੂੰ ਸਕੂਲ ਸਿੱਖਿਆ ਤੇ ਐਕਸਾਈਜ਼ ਮਹਿਕਮਾ ਦਿੱਤਾ ਗਿਆ ਹੈ। -ਪੀਟੀਆਈ
ਈਡੀ ਨੇ ਹੇਮੰਤ ਸੋਰੇਨ ਦੀ ਜ਼ਮਾਨਤ ਨੂੰ ਚੁਣੌਤੀ ਦਿੱਤੀ
ਨਵੀਂ ਦਿੱਲੀ: ਝਾਰਖੰਡ ਮੁਕਤੀ ਮੋਰਚਾ ਦੇ ਆਗੂ ਹੇਮੰਤ ਸੋਰੇਨ ਨੂੰ ਇੱਕ ਕਥਿਤ ਜ਼ਮੀਨ ਘੁਟਾਲੇ ਨਾਲ ਜੁੜੇ ਇੱਕ ਮਨੀ ਲਾਂਡਰਿੰਗ ਕੇਸ ਵਿੱਚ ਝਾਰਖੰਡ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਦੇ ਫ਼ੈਸਲੇ ਨੂੰ ਈਡੀ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਬੀਤੀ 28 ਜੂਨ ਨੂੰ ਹੇਮੰਤ ਸੋਰੇਨ ਨੂੰ ਜ਼ਮਾਨਤ ਦੇ ਦਿੱਤੀ ਸੀ, ਜਿਨ੍ਹਾਂ 4 ਜੁਲਾਈ ਨੂੰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ। ਇਸ ਕੇਸ ਵਿੱਚ ਬੀਤੀ 31 ਜਨਵਰੀ ਨੂੰ ਈਡੀ ਵੱਲੋਂ ਸ੍ਰੀ ਸੋਰੇਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਪਹਿਲਾਂ ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ