ਝਾਰਖੰਡ ਨੂੰ 50 ਹਜ਼ਾਰ ਕਰੋੜ ਦੀ ਸੌਗਾਤ ਮਿਲੀ: ਮੋਦੀ
ਖੂੰਟੀ, 15 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਝਾਰਖੰਡ ਨੂੰ 50 ਹਜ਼ਾਰ ਕਰੋੜ ਰੁਪਏ ਮੁੱਲ ਦੀਆਂ ਯੋਜਨਾਵਾਂ ਦੀ ਸੌਗਾਤ ਮਿਲੀ ਹੈ। ਉਨ੍ਹਾਂ ਕਿਹਾ ਕਿ ਝਾਰਖੰਡ 100 ਫ਼ੀਸਦੀ ਰੇਲ ਇਲੈਕਟ੍ਰੀਫਿਕੇਸ਼ਨ ਨਾਲ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਮੋਦੀ ਨੇ ਕਿਹਾ ਕਿ ਆਦਿਵਾਸੀਆਂ ਨੇ ਦੇਸ਼ ਲਈ ਬਹੁਤ ਅਹਿਮ ਯੋਗਦਾਨ ਪਾਇਆ ਹੈ ਪਰ ਉਨ੍ਹਾਂ ਨੂੰ ਢੁੱਕਵਾਂ ਸਥਾਨ ਨਹੀਂ ਮਿਲਿਆ। ਆਦਿਵਾਸੀਆਂ ਦੇ ਯੋਗਦਾਨ ਅੱਗੇ ਸਿਰ ਝੁਕਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਆਦਿਵਾਸੀ ਸੂਰਬੀਰਾਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ। ਉਨ੍ਹਾਂ ਦੇਸ਼ ਦੇ ਵਿਕਾਸ ਲਈ ਮਹਿਲਾਵਾਂ, ਕਿਸਾਨਾਂ, ਨੌਜਵਾਨਾਂ ਤੇ ਮੱਧ ਵਰਗ ਅਤੇ ਗਰੀਬਾਂ ਦੇ ਯੋਗਦਾਨ ਦੀ ਲੋੜ ’ਤੇ ਜ਼ੋਰ ਦਿੱਤਾ। ਮੋਦੀ ਨੇ ਕਿਹਾ ਕਿ 70 ਫ਼ੀਸਦ ਆਬਾਦੀ ਜਲ ਜੀਵਨ ਮਿਸ਼ਨ ਅਧੀਨ ਆ ਗਈ ਹੈ, 100 ਫ਼ੀਸਦ ਨੂੰ ਟੀਕੇ ਲੱਗ ਚੁੱਕੇ ਹਨ ਅਤੇ 2014 ਤੋਂ ਮੁਕੰਮਲ ਤੌਰ ’ਤੇ ਐੱਲਪੀਜੀ ਕਵਰੇਜ ਹੋ ਚੁੱਕੀ ਹੈ। ਦੋ ਦਿਨੀਂ ਝਾਰਖੰਡ ਦੇ ਦੌਰੇ ’ਤੇ ਆਏ ਮੋਦੀ ਨੇ ਰਾਂਚੀ ’ਚ ਮੰਗਲਵਾਰ ਰਾਤ 10 ਕਿਲੋਮੀਟਰ ਲੰਮਾ ਰੋਡ ਸ਼ੋਅ ਕੀਤਾ ਅਤੇ ਬੁੱਧਵਾਰ ਨੂੰ ਆਦਿਵਾਸੀ ਗੁਰੂ ਬਿਰਸਾ ਮੁੰਡਾ ਦੀ ਜੈਅੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅੱਜ ਦੇ ਦਿਨ ਨੂੰ ਜਨਜਾਤੀਯ ਗੌਰਵ ਦਿਵਸ ਵਜੋਂ ਮਨਾਇਆ ਜਾਂਦਾ ਹੈ ਜੋ ਝਾਰਖੰਡ ਦਾ ਸਥਾਪਨਾ ਦਿਵਸ ਵੀ ਹੈ। -ਪੀਟੀਆਈ
ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਅਤੇ ਦੇਸ਼ ਨੂੰ ਵਿਕਸਤ ਕਰਨ ਲਈ ਭਾਜਪਾ ਨੂੰ ਮੁੜ ਸੱਤਾ ’ਚ ਲਿਆਉਣ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਦੀ ਪਰਿਵਾਰਵਾਦੀ ਅਤੇ ਨਾਂਹ-ਪੱਖੀ ਸਿਆਸਤ ਤੋਂ ਬਹੁਤ ਨਾਰਾਜ਼ ਹਨ। ਸੋਸ਼ਲ ਮੀਡੀਆ ਐਕਸ ’ਤੇ ਪੋਸਟਾਂ ਪਾਉਂਦਿਆਂ ਮੋਦੀ ਨੇ ਛੱਤੀਸਗੜ੍ਹ ਦੇ ਵੋਟਰਾਂ ਨੂੰ ਵੀ ਭਰੋਸਾ ਦਿੱਤਾ ਹੈ ਕਿ ਭਾਜਪਾ ਨੇ ਸਾਰੇ ਅਹਿਦ ਪੂਰੇ ਕਰਨ ਦੀ ਸਹੁੰ ਚੁੱਕੀ ਹੈ। ਮੱਧ ਪ੍ਰਦੇਸ਼ ਦੇ ਵੋਟਰਾਂ ਨੂੰ ਦਿੱਤੇ ਸੁਨੇਹੇ ’ਚ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਡਬਲ ਇੰਜਣ ਸਰਕਾਰ ਦਾ ਫਾਇਦਾ ਦੇਖਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਕਾਂਗਰਸ ਕੋਲ ਕੋਈ ਖਾਕਾ ਨਹੀਂ ਹੈ। ਮੋਦੀ ਨੇ ਛੱਤੀਸਗੜ੍ਹ ’ਚ ਆਪਣੇ ਪ੍ਰਚਾਰ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਸੂਬੇ ਦੇ ਲੋਕ ਭਾਜਪਾ ਵੱਲ ਵੱਡੀ ਆਸ ਨਾਲ ਦੇਖ ਰਹੇ ਹਨ। -ਪੀਟੀਆਈ
ਰਾਜਸਥਾਨ ’ਚ ਸ਼ਾਂਤੀ ਲਈ ਕਾਂਗਰਸ ਨੂੰ ਹਟਾਉਣਾ ਜ਼ਰੂਰੀ: ਮੋਦੀ
ਜੈਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਦੀ ਤੁਸ਼ਟੀਕਰਨ ਵਾਲੀ ਨੀਤੀ ਕਾਰਨ ਉਨ੍ਹਾਂ ਦੀਆਂ ਸਰਕਾਰਾਂ ਦੌਰਾਨ ਅਤਿਵਾਦੀਆਂ ਅਤੇ ਦੰਗਾਕਾਰੀਆਂ ਦੇ ਹੌਸਲੇ ਬੁਲੰਦ ਹੋ ਜਾਂਦੇ ਹਨ। ਬਾੜਮੇਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਮਹਜਿ਼ ਵਿਧਾਇਕ ਚੁਣਨਾ ਨਹੀਂ ਹੈ ਸਗੋਂ ਕਾਂਗਰਸ ਨੂੰ ਹਟਾ ਕੇ ਰਾਜਸਥਾਨ ’ਚ ਅਮਨ-ਕਾਨੂੰਨ ਵੀ ਬਹਾਲ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਦੇ ਲੋਕ ਸ਼ਾਂਤੀ ਨਾਲ ਕੋਈ ਵੀ ਤਿਉਹਾਰ ਨਹੀਂ ਮਨਾ ਸਕੇ ਹਨ। ‘ਕਦੇ ਦੰਗੇ ਹੋ ਜਾਂਦੇ ਹਨ, ਕਦੇ ਪਥਰਾਅ ਅਤੇ ਕਦੇ ਕਰਫਿਊ ਲੱਗ ਜਾਂਦਾ ਹੈ। ਇਸ ਲਈ ਕਾਂਗਰਸ ਨੂੰ ਸੱਤਾ ਤੋਂ ਹਟਾਉਣਾ ਜ਼ਰੂਰੀ ਹੈ।’ ਮੋਦੀ ਨੇ ਕਿਹਾ ਕਿ ਕਾਂਗਰਸ ਸ਼ਾਸਨ ਦੌਰਾਨ ਰਾਜਸਥਾਨ ’ਚ ਔਰਤਾਂ ਖ਼ਿਲਾਫ਼ ਵਧੀਕੀਆਂ ਦੀਆਂ ਘਟਨਾਵਾਂ ਵਧੀਆਂ ਹਨ। -ਪੀਟੀਆਈ