Jharkhand Elections 2024: ਪਹਿਲੇ ਪੜਾਅ ਦੀਆਂ 43 ਸੀਟਾਂ ਲਈ ਵੋਟਿੰਗ ਜਾਰੀ
ਰਾਂਚੀ, 13 ਨਵੰਬਰ
Jharkhand Elections 2024: ਝਾਰਖੰਡ ਦੀਆਂ 43 ਵਿਧਾਨ ਸਭਾ ਸੀਟਾਂ ਲਈ ਬੁੱਧਵਾਰ ਨੂੰ ਵੋਟਿੰਗ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਝਾਰਖੰਡ ਦੀਆਂ 43 ਵਿਧਾਨ ਸਭਾ ਹਲਕਿਆਂ ਵਿੱਚ ਬੁੱਧਵਾਰ ਨੂੰ ਮਤਦਾਨ ਦੇ ਪਹਿਲੇ ਚਾਰ ਘੰਟਿਆਂ ਵਿੱਚ 29.31 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ।
ਇਨ੍ਹਾਂ ਚੋਣਾਂ ਵਿਚ ਸਾਬਕਾ ਸੀਐਮ ਚੰਪਾਈ ਸੋਰੇਨ ਅਤੇ ਸਾਬਕਾ ਐਮਪੀ ਗੀਤਾ ਕੋਰਾ ਸਮੇਤ 683 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। 15 ਜ਼ਿਲ੍ਹਿਆਂ ਦੇ ਇਨ੍ਹਾਂ ਹਲਕਿਆਂ ਵਿੱਚ ਸਵੇਰੇ 7 ਵਜੇ ਦੇ ਕਰੀਬ ਪੋਲਿੰਗ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਹਾਲਾਂਕਿ 950 ਬੂਥਾਂ ’ਤੇ ਵੋਟਿੰਗ ਸ਼ਾਮ 4 ਵਜੇ ਖਤਮ ਹੋ ਜਾਵੇਗੀ ਅਤੇ ਸਿਰਫ਼ ਕਤਾਰ ’ਚ ਖੜ੍ਹੇ ਲੋਕ ਆਪਣੀ ਵੋਟ ਪਾ ਸਕਣਗੇ।
ਸਵੇਰ ਤੋਂ ਹੀ ਕਈ ਬੂਥਾਂ ਅੱਗੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਇਸ ਦੌਰਾਨ ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਰਾਂਚੀ ਦੇ ਏਟੀਆਈ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ।
ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਆਪਣੇ ਵੋਟ ਦੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਨ ਅਤੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਪੂਰੇ ਉਤਸ਼ਾਹ ਨਾਲ ਵੋਟ ਪਾਉਣ। ਉੱਧਰ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਲੋਕਾਂ ਦਾ ਸਮਰਥਨ ਮੰਗਿਆ, ‘ਐਕਸ’ ’ਤੇ ਇਕ ਪੋਸਟ ਵਿਚ ਉਨ੍ਹਾਂ ਨੇ ਕਿਹਾ, ‘‘ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਹੈ ਤਾਂ ਕਿਰਪਾ ਕਰਕੇ ਸਾਡਾ ਸਮਰਥਨ ਕਰੋ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਅਗਲੇ 5 ਸਾਲਾਂ ਵਿਚ 10 ਸਾਲ ਦਾ ਕੰਮ ਕਰਾਂਗਾ ਤਾਂ ਜੋ ਸਾਡੀ ਤਰੱਕੀ ਦੀ ਰਫ਼ਤਾਰ ਨੂੰ ਕੋਈ ਰੋਕ ਨਾ ਸਕੇ।’’
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਮੁਖੀ ਜੇਪੀ ਨੱਡਾ ਸਮੇਤ ਚੋਟੀ ਦੇ ਭਾਜਪਾ ਆਗੂਆਂ ਨੇ ਇੱਥੇ ਕਈ ਰੈਲੀਆਂ ਕੀਤੀਆਂ। ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਉਨ੍ਹਾਂ ਦੀ ਪਤਨੀ ਅਤੇ ਵਿਧਾਇਕ ਕਲਪਨਾ ਸੋਰੇਨ ਸਮੇਤ ਇੰਡੀਆ ਬਲਾਕ ਦੇ ਨੇਤਾਵਾਂ ਨੇ ਚੋਣ ਪ੍ਰਚਾਰ ਦੌਰਾਨ ਕਲਿਆਣਕਾਰੀ ਯੋਜਨਾਵਾਂ ਨੂੰ ਉਜਾਗਰ ਕੀਤਾ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ’ਤੇ ਈਡੀ, ਸੀਬੀਆਈ ਅਤੇ ਆਈਟੀ ਸਮੇਤ ਸਾਰੀਆਂ ਕੇਂਦਰੀ ਏਜੰਸੀਆਂ ਨੂੰ ਬੇਪਰਦ ਕਰਨ ਦਾ ਦੋਸ਼ ਲਗਾਇਆ।
ਕੁੱਲ 1.37 ਕਰੋੜ ਵੋਟਰ ਇਸ ਵੋਟਿੰਗ ਵਿੱਚ ਹਿੱਸਾ ਲੈਣ ਦੇ ਯੋਗ ਹਨ। ਵੋਟਿੰਗ ਦੋਰਾਨ ਕੁੱਲ 683 ਉਮੀਦਵਾਰ ਜਿੰਨ੍ਹਾਂ ਵਿਚ 609 ਪੁਰਸ਼, 73 ਔਰਤਾਂ ਅਤੇ ਇੱਕ ਟ੍ਰਾਂਸਜੈਂਡਰ ਵਿਅਕਤੀ 43 ਸੀਟਾਂ ’ਤੇ ਚੋਣ ਮੈਦਾਨ ਵਿੱਚ ਹਨ। ਪੀਟੀਆਈ