For the best experience, open
https://m.punjabitribuneonline.com
on your mobile browser.
Advertisement

ਝਾਰਖੰਡ: ਚੰਪਈ ਸੋਰੇਨ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼

06:58 AM Feb 02, 2024 IST
ਝਾਰਖੰਡ  ਚੰਪਈ ਸੋਰੇਨ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਜੇਐੱਮਐੱਮ ਆਗੂ ਚੰਪਈ ਸੋਰੇਨ ਝਾਰਖੰਡ ਦੇ ਰਾਜਪਾਲ ਨਾਲ ਮੁਲਾਕਾਤ ਮਗਰੋਂ ਰਾਜ ਭਵਨ ’ਚੋਂ ਬਾਹਰ ਆਉਂਦੇ ਹੋਏ। -ਫੋਟੋ: ਪੀਟੀਆਈ
Advertisement

* ਪੀਐੱਮਐੱਲਏ ਅਦਾਲਤ ਨੇ ਸੋਰੇਨ ਨੂੰ ਇਕ ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ
* ਸੁਪਰੀਮ ਕੋਰਟ ’ਚ ਵੀ ਅੱਜ ਹੋਵੇਗੀ ਕੇਸ ਦੀ ਸੁਣਵਾਈ

Advertisement

ਰਾਂਚੀ, 1 ਫਰਵਰੀ
ਝਾਰਖੰਡ ’ਚ ਸਿਆਸੀ ਸੰਕਟ ਦਰਮਿਆਨ ਜੇਐੱਮਐੱਮ ਵਿਧਾਇਕ ਦਲ ਦੇ ਆਗੂ ਚੰਪਈ ਸੋਰੇਨ ਨੇ ਅੱਜ ਰਾਜਪਾਲ ਸੀ ਪੀ ਰਾਧਾਕ੍ਰਿਸ਼ਨਨ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਜੇਐੱਮਐੱਮ ਦੀ ਅਗਵਾਈ ਹੇਠਲੇ ਗੱਠਜੋੜ ਦੇ ਵਫ਼ਦ ਨੂੰ ਭਰੋਸਾ ਦਿਤਾ ਹੈ ਕਿ ਉਹ ਮਾਮਲੇ ’ਤੇ ਛੇਤੀ ਕੋਈ ਫ਼ੈਸਲਾ ਲੈਣਗੇ। ਉਧਰ ਪੀਐੱਮਐੱਲਏ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਇਕ ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਅਦਾਲਤ ਵੱਲੋਂ ਈਡੀ ਦੀ 10 ਦਿਨਾਂ ਦੇ ਰਿਮਾਂਡ ਦੀ ਮੰਗ ’ਤੇ ਸ਼ੁੱਕਰਵਾਰ ਨੂੰ ਫ਼ੈਸਲਾ ਲਿਆ ਜਾਵੇਗਾ। ਸੋਰੇਨ ਦੇ ਵਕੀਲਾਂ ਨੇ ਸੁਪਰੀਮ ਕੋਰਟ ’ਚ ਵੀ ਅਰਜ਼ੀ ਦਾਖ਼ਲ ਕੀਤੀ ਹੈ ਜਿਸ ’ਤੇ ਭਲਕੇ ਸੁਣਵਾਈ ਹੋਵੇਗੀ।
ਰਾਜਪਾਲ ਨਾਲ ਮੁਲਾਕਾਤ ਮਗਰੋਂ ਚੰਪਈ ਸੋਰੇਨ ਨੇ ਕਿਹਾ,‘‘ਝਾਰਖੰਡ ’ਚ ਪਿਛਲੇ 20 ਘੰਟਿਆਂ ਤੋਂ ਕੋਈ ਸਰਕਾਰ ਨਹੀਂ ਹੈ ਜਿਸ ਕਾਰਨ ਅਸੀਂ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਫੌਰੀ ਕੋਈ ਫ਼ੈਸਲਾ ਲੈਣ।’’ ਸੋਰੇਨ ਨੇ ਐਕਸ ’ਤੇ ਕਿਹਾ ਕਿ ਉਹ ਸਾਰੇ ਇਕਜੁੱਟ ਹਨ ਅਤੇ ਗੱਠਜੋੜ ਮਜ਼ਬੂਤ ਹੈ ਜਿਸ ਨੂੰ ਕੋਈ ਵੀ ਨਹੀਂ ਤੋੜ ਸਕਦਾ ਹੈ। ਜੇਐੱਮਐੱਮ ਦੀ ਅਗਵਾਈ ਹੇਠਲੇ ਗੱਠਜੋੜ ਵੱਲੋਂ ਜਾਰੀ ਵੀਡੀਓ ’ਚ 43 ਵਿਧਾਇਕਾਂ ਦੀ ਹਮਾਇਤ ਦਿਖਾਈ ਗਈ ਹੈ। ਕਾਂਗਰਸ ਵਿਧਾਇਕ ਦਲ ਦੇ ਆਗੂ ਆਲਮਗੀਰ ਆਲਮ ਨੇ ਕਿਹਾ ਕਿ ਜੇਕਰ ਰਾਜਪਾਲ ਨੇ ਸਰਕਾਰ ਬਣਾਉਣ ਲਈ ਸੱਦਾ ਨਾ ਦਿੱਤਾ ਤਾਂ ਉਹ ਸ਼ੁੱਕਰਵਾਰ ਦੁਪਹਿਰ ਉਨ੍ਹਾਂ ਨੂੰ ਮਿਲਣ ਲਈ ਮੁੜ ਸਮਾਂ ਲੈਣਗੇ। ਆਲਮ ਨੇ ਕਿਹਾ ਕਿ ਰਾਜਪਾਲ ਨਾਲ ਮੀਟਿੰਗ ਦੌਰਾਨ ਉਨ੍ਹਾਂ ਇਸ ਗੱਲ ’ਤੇ ਚਿੰਤਾ ਜਤਾਈ ਕਿ ਜੇਕਰ ਸਰਕਾਰ ਬਣਾਉਣ ਦਾ ਫ਼ੌਰੀ ਫ਼ੈਸਲਾ ਨਾ ਲਿਆ ਗਿਆ ਤਾਂ ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਲਈ ਕੌਣ ਜ਼ਿੰਮੇਵਾਰ ਹੋਵੇਗਾ। ਰਾਜਪਾਲ ਨਾਲ ਮੀਟਿੰਗ ਦੌਰਾਨ ਆਰਜੇਡੀ ਵਿਧਾਇਕ ਸਤਿਆਨੰਦ ਭੋਕਤਾ, ਸੀਪੀਆਈ (ਐੱਮਐੱਲ) ਵਿਧਾਇਕ ਵਿਨੋਦ ਸਿੰਘ ਅਤੇ ਵਿਧਾਇਕ ਪ੍ਰਦੀਪ ਯਾਦਵ ਵੀ ਹਾਜ਼ਰ ਸਨ।

Advertisement

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਅਦਾਲਤ ’ਚ ਪੇਸ਼ ਕਰਨ ਲਿਜਾਂਦੀ ਹੋਈ ਈਡੀ ਦੀ ਟੀਮ। -ਫੋਟੋ: ਪੀਟੀਆਈ

ਉਧਰ ਹੇਮੰਤ ਸੋਰੇਨ ਵੱਲੋਂ ਅਦਾਲਤ ’ਚ ਪੇਸ਼ ਹੋਏ ਐਡਵੋਕੇਟ ਜਨਰਲ ਰਾਜੀਵ ਰੰਜਨ ਨੇ ਅਦਾਲਤ ਦੇ ਬਾਹਰ ਕਿਹਾ ਕਿ ਜੇਐੱਮਐੱਮ ਆਗੂ ਨੂੰ ਅਗਲੇ ਹੁਕਮਾਂ ਤੱਕ ਲਈ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰਾ ਕੇਸ ਗਲਤ ਇਰਾਦੇ ਨਾਲ ਤਿਆਰ ਕੀਤਾ ਗਿਆ ਹੈ। ‘ਇਹ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਹੈ। ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਸੋਰੇਨ ਦੀ ਗ੍ਰਿਫ਼ਤਾਰੀ ਉਸ ਸਮੇਂ ਹੋਈ ਹੈ ਜਦੋਂ ਉਨ੍ਹਾਂ ਦੇ ਬਿਆਨ ਰਿਕਾਰਡ ਕਰਨ ਦੀ ਕਾਰਵਾਈ ਚੱਲ ਰਹੀ ਸੀ। ਇਹ ਗ਼ੈਰਕਾਨੂੰਨੀ ਕਾਰਵਾਈ ਹੈ।’ ਸੋਰੇਨ ਨੂੰ ਈਡੀ ਨੇ ਸੱਤ ਘੰਟਿਆਂ ਦੀ ਪੁੱਛ-ਪੜਤਾਲ ਮਗਰੋਂ ਬੁੱਧਵਾਰ ਰਾਤ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜੇਐੱਮਐੱਮ ਆਗੂ ਨੂੰ ਇਥੇ ਬਿਰਸਾ ਮੁੰਡਾ ਸੈਂਟਰਲ ਜੇਲ੍ਹ ਲਿਜਾਇਆ ਗਿਆ।
ਸੋਰੇਨ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪਹਿਲਾਂ ਝਾਰਖੰਡ ਦੇ ਹਾਈ ਕੋਰਟ ’ਚ ਵੀ ਅਰਜ਼ੀ ਦਾਖ਼ਲ ਕੀਤੀ ਗਈ ਸੀ ਪਰ ਉਨ੍ਹਾਂ ਦੇ ਵਕੀਲਾਂ ਕਪਿਲ ਸਿੱਬਲ ਅਤੇ ਅਭਿਸ਼ੇਕ ਸਿੰਘਵੀ ਸਮੇਤ ਹੋਰਾਂ ਨੇ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਲਿਆ। -ਪੀਟੀਆਈ

ਰਾਂਚੀ ’ਚ ਸੋਰੇਨ ਕੋਲ ਸਾਢੇ ਅੱਠ ਏਕੜ ਜ਼ਮੀਨ: ਈਡੀ

ਰਾਂਚੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਾਅਵਾ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਕੋਲ ਇਕ ਦਰਜਨ ਜ਼ਮੀਨ ਦੇ ਟੁਕੜੇ ਹਨ ਜੋ ਕੁਲ ਮਿਲਾ ਕੇ ਸਾਢੇ 8 ਏਕੜ ਜ਼ਮੀਨ ਬਣਦੀ ਹੈ ਅਤੇ ਇਹ ਜ਼ਮੀਨ ਭ੍ਰਿਸ਼ਟਾਚਾਰ ਰਾਹੀਂ ਬਣਾਈ ਗਈ ਹੈ। ਏਜੰਸੀ ਨੇ ਮਾਲ ਵਿਭਾਗ ਦੇ ਸਬ-ਇੰਸਪੈਕਟਰ ਭਾਨੂ ਪ੍ਰਤਾਪ ਪ੍ਰਸਾਦ ਦੇ ਟਿਕਾਣਿਆਂ ਤੋਂ 11 ਟਰੰਕ ਬਰਾਮਦ ਕੀਤੇ ਸਨ ਜਿਨ੍ਹਾਂ ’ਚ ਜ਼ਮੀਨ ਦੇ ਦਸਤਾਵੇਜ਼ ਰੱਖੇ ਹੋਏ ਸਨ। ਇਸ ਦੇ ਨਾਲ ਹੀ 17 ਰਜਿਸਟਰ ਵੀ ਬਰਾਮਦ ਕੀਤੇ ਸਨ। ਈਡੀ ਦਾ ਦਾਅਵਾ ਹੈ ਕਿ ਪ੍ਰਸਾਦ, ਹੇਮੰਤ ਸੋਰੇਨ ਦੀਆਂ ਗ਼ੈਰਕਾਨੂੰਨੀ ਸੰਪਤੀਆਂ ਸਮੇਤ ਕਈ ਹੋਰ ਸੰਪਤੀਆਂ ਦੀ ਖ਼ਰੀਦ ਅਤੇ ਉਨ੍ਹਾਂ ਨੂੰ ਛੁਪਾਉਣ ’ਚ ਹੋਰ ਲੋਕਾਂ ਨਾਲ ਸਾਜ਼ਿਸ਼ ਘੜਨ ’ਚ ਸ਼ਾਮਲ ਸੀ। ਸਾਬਕਾ ਮੁੱਖ ਮੰਤਰੀ ਨੇ ਆਪਣੀ ਤਲਾਸ਼ੀ ਲਏ ਜਾਣ ਦੌਰਾਨ ਇਕ ਧਾਰਮਿਕ ਲਾਕੇਟ ਅਤੇ ਇਕ ਅੰਗੂਠੀ ਕੱਢਣ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ

ਚੰਪਈ ਸੋਰੇਨ ਨੂੰ ਸਰਕਾਰ ਬਣਾਉਣ ਦਾ ਸੱਦਾ ਨਾ ਦੇਣਾ ਸੰਵਿਧਾਨ ਦੀ ਉਲੰਘਣਾ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਝਾਰਖੰਡ ’ਚ ਚੰਪਈ ਸੋਰੇਨ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ’ਚ ਦੇਰੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਹੈ ਕਿ ਇਹ ਸੰਵਿਧਾਨ ਦੀ ਉਲੰਘਣਾ ਅਤੇ ਲੋਕ ਫ਼ਤਵੇ ਦਾ ਅਪਮਾਨ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਾਂਗਰਸ ਅਤੇ ਜੇਐੱਮਐੱਮ ਦੇ ਵਿਧਾਇਕਾਂ ਦਾ ਵੀਡੀਓ ਸਾਂਝਾ ਕਰਦਿਆਂ ਰਾਜਪਾਲ ’ਤੇ ਦੋਸ਼ ਲਾਇਆ ਕਿ ਉਹ ਭਾਰਤੀ ਲੋਕਤੰਤਰ ਦਾ ਗਲ ਘੁੱਟ ਰਹੇ ਹਨ। ਉਨ੍ਹਾਂ ‘ਐਕਸ’ ’ਤੇ ਪੋਸਟ ਕੀਤਾ,‘‘ਵਿਧਾਨ ਸਭਾ ਦੇ 81 ਮੈਂਬਰੀ ਸਦਨ ’ਚ 41 ਤੋਂ ਵਧ ਵਿਧਾਇਕਾਂ ਦੀ ਹਮਾਇਤ ਦੇ ਬਾਵਜੂਦ ਚੰਪਈ ਸੋਰੇਨ ਨੂੰ ਸਰਕਾਰ ਬਣਾਉਣ ਦਾ ਸੱਦਾ ਨਹੀਂ ਦਿੱਤਾ ਜਾ ਰਿਹਾ ਹੈ।’’ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਸਿਆਸੀ ਅਨਿਆਂ ਦੀ ਇਕ ਹੋਰ ਮਿਸਾਲ ਹੈ ਜਿਸ ’ਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਾਹਿਰ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਲਈ ਸਿਰਫ਼ ਸਮਾਂ ਦਿੱਤਾ ਜਾ ਰਿਹਾ ਹੈ ਜੋ ਨਾ ਸਿਰਫ਼ ਬੇਇਨਸਾਫ਼ੀ ਹੈ ਸਗੋਂ ਇਹ ਲੋਕਤੰਤਰ ਦੀ ਹੱਤਿਆ ਵੀ ਹੈ। ਪਾਰਟੀ ਆਗੂ ਅਭਿਸ਼ੇਕ ਸਿੰਘਵੀ ਨੇ ਸਵਾਲ ਕੀਤਾ ਕਿ ਕੀ ਕੇਂਦਰ ਸਰਕਾਰ ਝਾਰਖੰਡ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਚਾਹੁੰਦੀ ਹੈ ਅਤੇ ਰਾਜਪਾਲ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰਾਂ ਤੋਂ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਭਾਜਪਾ ਨੇ ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਮੁਕਤ ਭਾਰਤ ਬਣਾਉਣ ਦਾ ਫ਼ੈਸਲਾ ਲਿਆ ਹੈ। -ਪੀਟੀਆਈ

ਹੈਦਰਾਬਾਦ ਰਵਾਨਾ ਨਹੀਂ ਹੋ ਸਕੇ ਗੱਠਜੋੜ ਦੇ ਵਿਧਾਇਕ

ਝਾਰਖੰਡ ਮੁਕਤੀ ਮੋਰਚਾ, ਕਾਂਗਰਸ ਅਤੇ ਆਰਜੇਡੀ ਨੇ ਆਪਣੇ ਵਿਧਾਇਕਾਂ ਨੂੰ ਹੈਦਰਾਬਾਦ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਕੋਹਰਾ ਪੈਣ ਕਾਰਨ ਹਵਾਈ ਅੱਡੇ ਤੋਂ ਜਹਾਜ਼ ਨਹੀਂ ਉੱਡ ਸਕਿਆ। ਜਾਣਕਾਰੀ ਮੁਤਾਬਕ ਉਡਾਣ ਰੱਦ ਕਰ ਦਿੱਤੀ ਗਈ ਹੈ। ਗੱਠਜੋੜ ਨੂੰ ਖ਼ਦਸ਼ਾ ਹੈ ਕਿ ਭਾਜਪਾ ਉਨ੍ਹਾਂ ਦੇ ਵਿਧਾਇਕਾਂ ਨੂੰ ਡਰਾ-ਧਮਕਾ ਕੇ ਤੋੜ ਸਕਦੀ ਹੈ ਅਤੇ ਆਪਣੇ ਨਾਲ ਰਲਾ ਕੇ ਝਾਰਖੰਡ ’ਚ ਸਰਕਾਰ ਬਣਾ ਸਕਦੀ ਹੈ।

Advertisement
Author Image

joginder kumar

View all posts

Advertisement