ਰਾਮੱਲ੍ਹਾ ’ਚ ਯਹੂਦੀਆਂ ਨੇ ਫਲਸਤੀਨੀਆਂ ਦੀਆਂ ਕਾਰਾਂ ਸਾੜੀਆਂ
ਰਾਮੱਲ੍ਹਾ, 4 ਨਵੰਬਰ
ਪੱਛਮੀ ਕੰਢੇ ਵਾਲੇ ਰਾਮੱਲ੍ਹਾ ਦੇ ਬਾਹਰਲੇ ਇਲਾਕੇ ’ਚ ਯਹੂਦੀ ਆਬਾਦਕਾਰਾਂ ਨੇ ਫਲਸਤੀਨੀਆਂ ਦੀਆਂ ਸੰਪਤੀਆਂ ’ਤੇ ਹਮਲੇ ਦੌਰਾਨ 20 ਕਾਰਾਂ ਨੂੰ ਅੱਗ ਲਗਾ ਦਿੱਤੀ। ਇਲਾਕੇ ’ਚ ਅਜਿਹੀ ਪਹਿਲੀ ਵੱਡੀ ਘਟਨਾ ਵਾਪਰੀ ਹੈ।
ਲੋਕਾਂ ਨੇ ਕਿਹਾ ਕਿ ਕਰੀਬ ਦਰਜਨ ਕੁ ਨਕਾਬਪੋਸ਼ ਹਮਲਾਵਰਾਂ ਨੇ ਪੈਟਰੋਲ ਬੰਬਾਂ ਨਾਲ ਅਲ-ਬਿਰੇਹ ਇਲਾਕੇ ਨੂੰ ਅੱਜ ਤੜਕੇ 3 ਵਜੇ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਕੁਝ ਹੀ ਮਿੰਟਾਂ ’ਚ ਕਈ ਕਾਰਾਂ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਇਕ ਵਿਅਕਤੀ ਇਹਾਬ ਅਲ-ਜ਼ਾਬੇਨ ਨੇ ਕਿਹਾ ਕਿ ਉਸ ਨੇ ਹਮਲਾਵਰਾਂ ਨੂੰ ਲਲਕਾਰਿਆ ਪਰ ਉਹ ਵਾਹਨਾਂ ਨੂੰ ਅੱਗ ਲਗਾਉਂਦੇ ਰਹੇ। ਉਸ ਨੇ ਦੱਸਿਆ ਕਿ ਜਦੋਂ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਪਰ ਉਹ ਵਾਲ ਵਾਲ ਬਚ ਗਏ।
ਇਜ਼ਰਾਇਲੀ ਪੁਲੀਸ ਅਤੇ ਸ਼ਿਨ ਬੇਤ ਸੁਰੱਖਿਆ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੱਛਮੀ ਕੰਢੇ ’ਚ ਫਲਸਤੀਨੀਆਂ ਖ਼ਿਲਾਫ਼ ਯਹੂਦੀ ਆਬਾਦਕਾਰਾਂ ਵੱਲੋਂ ਕੀਤੇ ਗਏ ਹਮਲੇ ਦੀ ਕੌਮਾਂਤਰੀ ਪੱਧਰ ’ਤੇ ਨਿਖੇਧੀ ਹੋਈ ਹੈ। ਫਲਸਤੀਨੀ ਅਥਾਰਿਟੀ ਨੇ ਹਮਲੇ ਦੀ ਨਿਖੇਧੀ ਕਰਦਿਆਂ ਵਿਦੇਸ਼ ਮੰਤਰਾਲੇ ਨੂੰ ਵੱਡੇ ਪੱਧਰ ’ਤੇ ਹਮਲਾਵਰਾਂ ਖ਼ਿਲਾਫ਼ ਪਾਬੰਦੀਆਂ ਲਾਉਣ ਲਈ ਕਿਹਾ ਹੈ। -ਰਾਇਟਰਜ਼