ਢਾਬੇ ’ਤੇ ਚਾਹ ਲਈ ਰੁਕੇ ਪਰਿਵਾਰ ਦੀ ਕਾਰ ’ਚੋਂ ਗਹਿਣੇ ਚੋਰੀ
ਨਿੱਜੀ ਪੱਤਰ ਪ੍ਰੇਰਕ
ਧਨੌਲਾ, 5 ਦਸੰਬਰ
ਧਨੌਲਾ ਲਾਗੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਬਣੇ ਰਜਵਾੜਾ ਢਾਬੇ ’ਤੇ ਬੀਤੀ ਦੇਰ ਰਾਤ ਚਾਹ ਪੀਣ ਲਈ ਰੁਕੇ ਇਕ ਪਰਿਵਾਰ ਦੀ ਕਾਰ ਦਾ ਸ਼ੀਸ਼ਾ ਭੰਨ੍ਹ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਲੱਖਾਂ ਰੁਪਏ ਦੇ ਗਹਿਣਿਆਂ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਹਾਲੀ ਤੋਂ ਦਿਲਬਾਗ ਸਿੰਘ ਤੇ ਉਸ ਦੀ ਪਤਨੀ ਹਰਦੀਪ ਕੌਰ ਆਪਣੀ ਧੀ ਨੂੰ ਰਾਜਸਥਾਨ ਦੇ ਬਾੜਮੇਰ ਦੇ ਏਅਰ ਫੋਰਸ ਸਟੇਸ਼ਨ ਵਿਖੇ ਡਿਊਟੀ ’ਤੇ ਛੱਡਣ ਜਾ ਰਹੇ ਸਨ ਕਿ ਧਨੌਲਾ ਲਾਗੇ ਬਣੇ ਰਜਵਾੜਾ ਢਾਬੇ ’ਤੇ ਚਾਹ ਪੀਣ ਲਈ ਕਾਰ ਬਾਹਰ ਬਣੀ ਪਾਰਕਿੰਗ ’ਚ ਗੱਡੀ ਖੜ੍ਹੀ ਕਰ ਕੇ ਅੰਦਰ ਚਲੇ ਗਏ। ਜਦੋਂ ਪਰਿਵਾਰ ਚਾਹ ਪੀ ਕੇ ਬਾਹਰ ਆਇਆ ਤਾਂ ਦੇਖਿਆ ਕਿ ਕਾਰ ਦਾ ਸ਼ੀਸ਼ਾ ਭੰਨਿਆ ਪਿਆ ਹੈ। ਕਾਰ ਦੀ ਅੰਦਰੋਂ ਪੜਤਾਲ ਕਰਨ ’ਤੇ ਲੱਖਾਂ ਰੁਪਏ ਦੇ ਗਹਿਣਿਆਂ ਵਾਲਾ ਬੈਗ ਗਾਇਬ ਸੀ। ਥਾਣਾ ਇੰਚਾਰਜ ਇੰਸਪੈਕਟਰ ਲਖਵੀਰ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਜਲਦ ਗਿ੍ਰਫ਼ਤਾਰ ਕਰ ਲਿਆ ਜਾਵੇਗਾ।