For the best experience, open
https://m.punjabitribuneonline.com
on your mobile browser.
Advertisement

ਪੁਲੀਸ ਚੌਕੀ ਦੀ ਸਾਂਝੀ ਕੰਧ ਵਾਲੇ ਹਸਪਤਾਲ ’ਚੋਂ ਗਹਿਣੇ ਤੇ ਨਕਦੀ ਲੁੱਟੀ

07:30 AM Jul 23, 2024 IST
ਪੁਲੀਸ ਚੌਕੀ ਦੀ ਸਾਂਝੀ ਕੰਧ ਵਾਲੇ ਹਸਪਤਾਲ ’ਚੋਂ ਗਹਿਣੇ ਤੇ ਨਕਦੀ ਲੁੱਟੀ
ਘਟਨਾ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਪੁਲੀਸ ਅਧਿਕਾਰੀ।
Advertisement

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 22 ਜੁਲਾਈ
ਪੁਲੀਸ ਜ਼ਿਲ੍ਹਾ ਡੱਬਵਾਲੀ ਵਿੱਚ ਅੱਜ ਚਾਰ ਹਥਿਆਰਬੰਦ ਲੁਟੇਰੇ ਦਿਨ ਦਿਹਾੜੇ ਗੋਲ ਬਾਜ਼ਾਰ ਚੌਕੀ ਦੀ ਸਾਂਝੀ ਕੰਧ ਵਾਲੇ ਜਿੰਦਲ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ 15 ਲੱਖ ਰੁਪਏ, 10 ਤੋਲੇ ਸੋਨਾ ਅਤੇ ਚਾਂਦੀ ਦੇ ਭਾਂਡੇ ਆਦਿ ਲੁੱਟ ਕੇ ਲੈ ਗਏ। ਜਾਣਕਾਰੀ ਅਨੁਸਾਰ ਨਕਦੀ ਤੇ ਸੋਨੇ ਸਣੇ ਕੁੱਲ 23 ਲੱਖ ਰੁਪਏ ਦੀ ਲੁੱਟ ਦੱਸੀ ਜਾ ਰਹੀ ਹੈ। ਦੂਜੇ ਪਾਸੇ ਸੂਚਨਾ ਮਿਲਣ ’ਤੇ ਗੋਲ ਬਾਜ਼ਾਰ ਚੌਕੀ ਦੇ ਪੁਲੀਸ ਅਮਲੇ ਮੌਕੇ ਤੋਂ ਬਾਅਦ ਡੀਐੱਸਪੀ ਅਤੇ ਹੋਰਨਾਂ ਪੁਲੀਸ ਅਧਿਕਾਰੀਆਂ ਦੀ ਟੀਮ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ। ਲੁਟੇਰਿਆਂ ਦੇ ਚਿਹਰੇ ਬਾਜ਼ਾਰ ਦੇ ਇੱਕ ਸੀਸੀਟੀਵੀ ਕੈਮਰੇ ’ਚ ਆਏ ਹਨ, ਜਿਨ੍ਹਾਂ ਪੜਤਾਲ ਜਾਰੀ ਹੈ। ਪਤਾ ਲੱਗਾ ਹੈ ਕਿ ਲੁਟੇਰੇ ਬਿਨਾਂ ਨੰਬਰ ਦੇ ਮੋਟਰਸਾਈਕਲਾਂ ’ਤੇ ਆਏ ਸਨ। ਕੰਪਾਊਂਡਰ ਅਜੈ ਵਾਸੀ ਵੜਿੰਗਖੇਡਾ ਨੇ ਦੱਸਿਆ ਕਿ ਸਵੇਰੇ 9 ਵਜੇ ਚਾਰ ਨੌਜਵਾਨ ਦਵਾਈ ਲੈਣ ਦੇ ਬਹਾਨੇ ਹਸਪਤਾਲ ਵਿੱਚ ਆਏ। ਇਸ ਦੌਰਾਨ ਮਰੀਜ਼ ਨੌਜਵਾਨਾਂ ਨੇ ਠੰਢਾ ਪਾਣੀ ਪੀਣ ਲਈ ਬਰਫ ਲਿਆਉਣ ਵਾਸਤੇ ਆਖਿਆ। ਅਜੈ ਦੇ ਮੁਤਾਬਕ ਉਹ ਬਰਫ ਲੈਣ ਲਈ ਡਾਕਟਰ ਦੀ ਪਹਿਲੀ ਮੰਜ਼ਿਲ ਸਥਿਤ ਰਿਹਾਇਸ਼ ’ਤੇ ਗਿਆ। ਇੰਨੇ ਵਿੱਚ ਚਾਰੇ ਨੌਜਵਾਨ ਵੀ ਉਸ ਦੇ ਪਿੱਛੇ ਪਹਿਲੀ ਮੰਜ਼ਿਲ ’ਤੇ ਆ ਗਏ ਅਤੇ ਉਨ੍ਹਾਂ ਵਿੱਚੋਂ ਦੋ ਜਣਿਆਂ ਨੇ ਪਿਸਤੌਲਾਂ ਕੱਢ ਲਈਆਂ।
ਲੁਟੇਰਿਆਂ ਨੇ ਰਿਹਾਇਸ਼ ’ਤੇ ਮੌਜੂਦ ਡਾਕਟਰ ਦੀ ਮਾਤਾ ਰੇਣੂ ਬਾਲਾ ਅਤੇ ਉਸ ਨੂੰ ਡਰਾ ਕੇ ਇੱਕ ਕਮਰੇ ’ਚ ਬਿਠਾ ਦਿੱਤਾ। ਰੇਣੂ ਬਾਲਾ ਨੇ ਦੱਸਿਆ ਕਿ ਲੁਟੇਰੇ ਕਰੀਬ ਘੰਟਾ ਭਰ ਘਰ ਦਾ ਸਾਮਾਨ ਫਰੋਲਦੇ ਰਹੇ। ਇਸ ਮਗਰੋਂ ਇੱਕ ਬੈਗ ਵਿੱਚ ਭਰ ਕੇ ਘਰ ਵਿੱਚ ਰੱਖੇ 15 ਲੱਖ ਰੁਪਏ ਨਗਦ, ਦਸ ਤੋਲੇ ਸੋਨੇ ਗਹਿਣੇ ਅਤੇ ਚਾਂਦੀ ਦੇ ਭਾਂਡੇ ਆਦਿ ਲੁੱਟ ਕੇ ਲੈ ਗਏ। ਡੱਬਵਾਲੀ ਦੇ ਡੀਐੱਸਪੀ ਕਿਸ਼ੋਰੀ ਲਾਲ ਨੇ ਦੱਸਿਆ ਕਿ ਵਾਰਦਾਤ ਦੇ ਸਬੰਧ ਵਿੱਚ ਮੁਕੱਦਮਾ ਦਰਜ ਕਰ ਲਿਆ ਹੈ। ਲੁਟੇਰਿਆਂ ਦਾ ਸੁਰਾਗ ਲਗਾਉਣ ਲਈ ਪੁਲੀਸ ਦੀਆਂ ਕਈ ਟੀਮ ਗਠਿਤ ਕੀਤੀਆਂ ਹਨ। ਛੇਤੀ ਲੁਟੇਰੇ ਫੜ ਲਏ ਜਾਣਗੇ।
ਦੂਜੇ ਪਾਸੇ ਡੱਬਵਾਲੀ ਦੇ ਵਿਧਾਇਕ ਅਮਿਤ ਸਿਹਾਗ ਨੇ ਐੱਸਪੀ ਦੀਪਤੀ ਗਰਗ ਨਾਲ ਗੱਲ ਕਰਕੇ ਕਿਹਾ ਕਿ ਪੁਲੀਸ ’ਤੇ ਜਨਤਾ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣ ਲਈ ਲੁਟੇਰੇ ਤੁਰੰਤ ਗ੍ਰਿਫ਼ਤਾਰ ਕੀਤੇ ਜਾਣੇ ਚਾਹੀਦੇ ਹਨ।

Advertisement
Advertisement
Author Image

sukhwinder singh

View all posts

Advertisement