ਸੁੰਨੇ ਘਰ ’ਚੋਂ ਗਹਿਣੇ ਤੇ ਨਕਦੀ ਚੋਰੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਅਕਤੂਬਰ
ਵਾਰਡ ਨੰਬਰ ਚਾਰ ਦੇ ਕ੍ਰਿਸ਼ਨ ਕੁਮਾਰ ਪੁੱਤਰ ਲਛਮਣ ਦਾਸ, ਸ਼ੁਭ ਮੈਡੀਕਲ ਹਾਲ ਵਾਲਿਆਂ ਦੇ ਘਰ ਸੋਮਵਾਰ ਦੀ ਰਾਤ ਚੋਰੀ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਕ੍ਰਿਸ਼ਨ ਕੁਮਾਰ ਅਤੇ ਘਰ ਦੇ ਮੈਂਬਰ ਇਕ ਦਿਨ ਪਹਿਲਾਂ ਹੀ ਚੰਡੀਗੜ੍ਹ ਕਿਸੇ ਕੰਮ ਗਏ ਸੀ ਪਿੱਛੋਂ ਰਾਤ ਨੂੰ ਚੋਰਾਂ ਵੱਲੋਂ ਘਰ ਦਾ ਜਿੰਦਰਾ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਅਜੇ ਚੰਡੀਗੜ੍ਹ ਹੀ ਸੀ ਕਿ ਉਸਨੂੰ ਗੁਆਂਢੀਆਂ ਨੇ ਫੋਨ ਕਰ ਕੇ ਦੱਸਿਆ ਕਿ ਤੁਹਾਡੇ ਘਰ ਦਾ ਜਿੰਦਾ ਟੁੱਟਿਆ ਹੋਇਆ ਹੈ। ਗੁਆਂਢੀਆਂ ਵੱਲੋਂ ਅੰਦਰ ਜਾ ਕੇ ਦੇਖਿਆ ਗਿਆ ਕਿ ਸਾਰੀਆਂ ਪੇਟੀਆਂ, ਟਰੰਕਾਂ ਅਤੇ ਅਲਮਾਰੀਆਂ ਵਿੱਚੋਂ ਸਾਮਾਨ ਖਿੱਲਾਰਿਆ ਪਿਆ ਸੀ। ਗੁਆਂਢੀਆਂ ਦੇ ਸੀਸੀ ਟੀਵੀ ਕੈਮਰਿਆਂ ਦੇ ਵਿੱਚ ਤਿੰਨ ਨਕਾਬਪੋਸ਼ ਆਉਂਦੇ ਅਤੇ ਫਿਰ ਝੋਲਿਆਂ ਅਤੇ ਗਠੜੀ ਵਿੱਚ ਸਾਮਾਨ ਲਿਜਾਂਦੇ ਦਿਖਾਈ ਦੇ ਰਹੇ ਹਨ।
ਕ੍ਰਿਸ਼ਨ ਕੁਮਾਰ ਮੁਤਾਬਕ ਚੋਰ ਉਨ੍ਹਾਂ ਦੇ ਘਰੋਂ ਸੋਨਾ-ਚਾਂਦੀ ਦੇ ਗਹਿਣੇ, ਨਕਦੀ ਅਤੇ ਕੱਪੜੇ ਵਗੇਰਾ ਲੈ ਗਏ ਹਨ। ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ। ਸਿਟੀ ਪੁਲੀਸ ਚੌਕੀ ਇੰਚਾਰਜ ਰਘਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਸੀਸੀਟੀਵੀ ਕੈਮਰੇ ਦੀਆਂ ਫੋਟੋਆਂ ਨੂੰ ਘੋਖ ਕੇ ਛੇਤੀ ਚੋਰਾਂ ਨੂੰ ਕਾਬੂ ਕਰ ਲਵੇਗੀ।