ਜ਼ਿਊਲਰ ਦੇ ਸ਼ੋਅਰੂਮ ’ਤੇ ਪਿਸਤੌਲ ਵਿਖਾ ਕੇ ਗਹਿਣੇ ਲੁੱਟੇ
ਗੁਰਦੀਪ ਸਿੰਘ ਭੱਟੀ
ਟੋਹਾਣਾ, 29 ਨਵੰਬਰ
ਇਥੇ ਦੁਪਹਿਰ ਦੋ ਵਜੇ ਇਥੋਂ ਦੇ ਸ਼ਾਸਤਰੀ ਬਾਜ਼ਾਰ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਜ਼ਿਊਲਰ ਦੀ ਦੁਕਾਨ ਵਿੱਚ ਦਾਖਲ ਹੋ ਕੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਸ਼ਿਵ ਸੰਕਰ ਨੇ ਦੱਸਿਆ ਕਿ ਸਵੇਰੇ ਤੋਂ ਉਹ ਪਿਓ ਪੁੱਤਰ ਦੁਕਾਨ ਵਿੱਚ ਹਾਜ਼ਰ ਸਨ। ਇਕ ਵਜੇ ਉਨ੍ਹਾਂ ਦੇ ਪਿਤਾ ਰਤਨ ਕੁਮਾਰ ਘਰ ਖਾਣਾ ਖਾਣ ਲਈ ਚਲੇ ਗਏ। ਉਹ ਦੁਕਾਨ ’ਤੇ ਇਕੱਲਾ ਹੀ ਬੈਠਾ ਸੀ। ਇਸ ਦੌਰਾਨ ਦੋ ਲੁਟੇਰੇ ਜਿਸ ਵਿੱਚੋਂ ਇਕ ਲੁਟੇਰੇ ਨੇ ਹੈਲਮੇਟ ਤੇ ਦੂਜੇ ਨੇ ਸਾਫ਼ੇ ਨਾਲ ਮੂੰਹ ਬੰਨ੍ਹਿਆ ਹੋਇਆ ਸੀ, ਇਕਦਮ ਦੁਕਾਨ ਵਿੱਚ ਦਾਖਲ ਹੋਏ। ਲੁਟੇਰਿਆਂ ਨੇ ਪਿਸਤੌਲ ਵਿਖਾ ਕੇ ਸਾਰਾ ਸਾਮਾਨ ਦੇਣ ਦੀ ਧਮਕੀ ਦਿੱਤੀ। ਇਸ ਦੌਰਾਨ ਦੋਵਾਂ ਲੁਟੇਰਿਆਂ ਨੇ ਕਾਊਂਟਰ ਵਿੱਚੋਂ ਕਰੀਬ ਢਾਈ-ਤਿੰਨ ਕਿੱਲੋਂ ਚਾਂਦੀ ਦੇ ਗਹਿਣੇ ਥੈਲੇ ਵਿੱਚ ਪਾਏ ਤੇ ਪਿਸਤੌਲ ਲਹਿਰਾਉਂਦੇ ਹੋਏ ਬਾਹਰ ਜਾ ਕੇ ਤੀਜੇ ਸਾਥੀ ਨਾਲ ਮੋਟਰਸਾਈਕਲ ’ਤੇ ਅਗਰਸੈਨ ਚੌਕ ਵੱਲ ਫ਼ਰਾਰ ਹੋ ਗਏ। ਉਸ ਨੇ ਮਗਰੋਂ ਇਸ ਦੀ ਸੂਚਨਾ ਪਿਤਾ ਅਤੇ ਪੁਲੀਸ ਨੂੰ ਦਿੱਤੀ। ਮਗਰੋਂ ਉਸ ਦੇ ਪਿਤਾ ਤੋਂ ਇਲਾਵਾ ਡੀਐੱਸਪੀ ਸ਼ਮਸ਼ੇਰ ਸਿੰਘ, ਐੱਸਐੱਚਓ ਪ੍ਰਲਾਦ ਸਿੰਘ ਤੇ ਗੁਪਤਚਰਾਂ ਦੀ ਟੀਮਾਂ ਪੁੱਜੀਆ। ਪੁਲੀਸ ਵੱਲੋਂ ਬਾਜ਼ਾਰ ਦੇ ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਡੀਐੱਸਪੀ ਸ਼ਮਸੇਰ ਸਿੰਘ ਨੇ ਦੱਸਿਆ ਕਿ ਲੁਟੇਰਿਆ ਨੂੰ ਇਕ ਦੋ ਦਿਨ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੁਕਾਨ ਮਾਲਕ ਰਤਨ ਕੁਮਾਰ ਨੇ ਦੱਸਿਆ ਕਿ ਲੁੱਟ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਕਰੀਬ ਤਿੰਨ ਲੱਖ ਦੀ ਲੁੱਟ ਦਾ ਖਦਸ਼ਾ ਹੈ। ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰਕੇ ਐੱਸਐੱਚਓ ਪ੍ਰਲਾਦ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦੀ ਪਛਾਣ ਦੇ ਕਾਫ਼ੀ ਕਰੀਬ ਪੁੱਜ ਗਏ ਹਾਂ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।