For the best experience, open
https://m.punjabitribuneonline.com
on your mobile browser.
Advertisement

ਵਿਧਵਾ ਨੂੰ ਮਿਲਣ ਆਏ ਭਰਾ ਦਾ ਜੇਠ ਵੱਲੋਂ ਕਤਲ

06:50 AM Jul 04, 2023 IST
ਵਿਧਵਾ ਨੂੰ ਮਿਲਣ ਆਏ ਭਰਾ ਦਾ ਜੇਠ ਵੱਲੋਂ ਕਤਲ
Advertisement

ਜਗਮੋਹਨ ਸਿੰਘ
ਰੂਪਨਗਰ, 3 ਜੁਲਾਈ
ਥਾਣਾ ਸਿੰਘ ਭਗਵੰਤਪੁਰਾ ਅਧੀਨ ਪੈਂਦੇ ਪਿੰਡ ਬਹਿਡਾਲੀ ਵਿੱਚ ਇੱਕ ਵਿਧਵਾ ਔਰਤ ਨੂੰ ਮਿਲਣ ਆਏ ਉਸ ਦੇ ਅਪਾਹਿਜ ਭਰਾ ਦੀ ਔਰਤ ਦੇ ਸ਼ਰਾਬੀ ਜੇਠ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਸ਼ਿਕਾਇਤਕਰਤਾ ਦਲਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਸਾਲ 2017 ਵਿੱਚ ਮੌਤ ਹੋ ਗਈ ਸੀ ਤੇ ਉਹ ਆਪਣੇ ਦੋ ਪੁੱਤਰਾਂ ਸਮੇਤ ਆਪਣੇ ਸਹੁਰੇ ਘਰ ਪਿੰਡ ਬਹਿਡਾਲੀ ਵਿੱਚ ਰਹਿੰਦੀ ਹੈ। ਪਹਿਲੀ ਜੁਲਾਈ ਨੂੰ ਉਸ ਦਾ ਭਰਾ, ਉਸ ਦੇ ਪੁੱਤਰ ਨੂੰ ਲੈਣ ਲਈ ਆਇਆ ਹੋਇਆ ਸੀ ਜਿਹਡ਼ਾ ਕਿ ਆਪਣੇ ਨਾਨਕੇ ਪਿੰਡ ਕੁਰਾਲੀ ਦੇ ਸਕੂਲ ਵਿੱਚ ਪੜ੍ਹਦਾ ਹੈ। ਉਸ ਨੇ ਦੱ‌ਸਿਆ ਕਿ ਜਦੋਂ ਸਾਰਾ ਪਰਿਵਾਰ ਰੋਟੀ ਖਾ ਕੇ ਹਟਿਆ ਤਾਂ ਉਸ ਦਾ ਜੇਠ ਸੁਖਵਿੰਦਰ ਸਿੰਘ ਉਸ ਦੇ ਭਰਾ ਗੁਰਿੰਦਰ ਸਿੰਘ ਨੂੰ ਸੌਂਣ ਲਈ ਆਪਣੇ ਕਮਰੇ ਵਿੱਚ ਲੈ ਗਿਆ ਤੇ ਅੱਧੀ ਰਾਤ ਨੂੰ ਉਸ ਦੇ ਭਰਾ ਦੀ ਆਵਾਜ਼ ਆਈ। ਉਸ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਉਸ ਦਾ ਜੇਠ ਉਸ ਦੇ ਭਰਾ ’ਤੇ ਦਾਤ ਨਾਲ ਵਾਰ ਕਰ ਰਿਹਾ ਸੀ। ਉਸ ਦੇ ਭਰਾ ਦੀ ਗਰਦਨ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਡੂੰਘੇ ਜ਼ਖਮ ਸਨ। ਜਦੋਂ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸੁਖਵਿੰਦਰ ਸਿੰਘ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਬਾਹਰੋਂ ਕੁੰਡੀ ਲਗਾ ਕੇ ਫਰਾਰ ਹੋ ਗਿਆ। ਉਸ ਵੱਲੋਂ ਸੂਚਿਤ ਕਰਨ ’ਤੇ ਪੁਲੀਸ ਨੇ ਉਸ ਦੇ ਘਰ ਪੁੱਜ ਕੇ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਕੁੰਡੇ ਖੋਲ੍ਹ ਕੇ ਕਮਰਿਆਂ ਵਿੱਚੋਂ ਬਾਹਰ ਕੱਢਿਆ। ਉਹ ਆਪਣੇ ਜ਼ਖ਼ਮੀ ਭਰਾ ਨੂੰ ਲੈ ਕੇ ਹਸਪਤਾਲ ਪੁੱਜੀ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਿੰਘ ਭਗਵੰਤਪੁਰ ਦੇ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮ ਸੁਖਵਿੰਦਰ ਸਿੰਘ ਵਿਰੁੱਧ ਧਾਰਾ 302 ਅਧੀਨ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Advertisement

Advertisement
Tags :
Author Image

Advertisement
Advertisement
×