ਜਹਾਜ਼ ਦਾ ਈਂਧਣ ਤਿੰਨ ਫੀਸਦ ਤੇ ਵਪਾਰਕ ਸਿਲੰਡਰ 24 ਰੁਪਏ ਸਸਤਾ
ਨਵੀਂ ਦਿੱਲੀ, 1 ਜੂਨ
ਜਹਾਜ਼ ਵਿਚ ਪੈਂਦੇ ਈਂਂਧਣ ਏਵੀਏਸ਼ਨ ਟਰਬਾਈਨ ਫਿਊਲ (ATF) ਵਿਚ ਤਿੰਨ ਫੀਸਦ ਦੀ ਕਟੌਤੀ ਕੀਤੀ ਗਈ ਹੈ ਜਦੋਂਕਿ ਹੋਟਲ ਤੇ ਰੈਸਟੋਰੈਂਟਾਂ ਵਿਚ ਵਰਤਿਆ ਜਾਂਦਾ 19 ਕਿਲੋਗ੍ਰਾਮ ਦਾ ਵਪਾਰਕ ਸਿਲੰਡਰ 24 ਰੁਪਏ ਸਸਤਾ ਹੋ ਗਿਆ ਹੈ। ਐਤਵਾਰ ਨੂੰ ਏਟੀਐੱਫ ਤੇ ਵਪਾਰਕ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਕਟੌਤੀ ਦਾ ਐਲਾਨ ਕੀਤਾ ਗਿਆ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂਕਿ AFT ਦੀਆਂ ਕੀਮਤਾਂ ਘਟੀਆਂ ਹਨ। ਕੌਮਾਂਤਰੀ ਪੱਧਰ ’ਤੇ ਬੈਂਚਮਾਰਕ ਕੱਚੇ ਤੇਲ ਤੇ ਗੈਸ ਕੀਮਤਾਂ ਵਿਚ ਕਟੌਤੀ ਤੋਂ ਬਾਅਦ ਘਰੇਲੂ ਬਾਜ਼ਾਰ ਵਿਚ ਕੀਮਤਾਂ ’ਚ ਨਿਘਾਰ ਆਇਆ ਹੈ।
ਸਰਕਾਰੀ ਖੇਤਰ ਦੀ ਪੈਟਰੋਲੀਅਮ ਕੰਪਨੀਆਂ ਮੁਤਾਬਕ ਕੌਮੀ ਰਾਜਧਾਨੀ ਵਿਚ ATF ਦੀ ਕੀਮਤ 2,414.25 ਰੁਪਏ ਪ੍ਰਤੀ ਕਿਲੋਲਿਟਰ ਜਾਂ 2.82 ਫੀਸਦ ਘਟ ਕੇ 83,072.55 ਰੁਪਏ ਪ੍ਰਤੀ ਕਿਲੋਲਿਟਰ ਰਹਿ ਗਈ ਹੈ। ਇਸ ਤੋਂ ਪਹਿਲਾਂ ਇਕ ਮਈ ਨੂੰ ATF ਦੇ ਭਾਅ 4.4 ਫੀਸਦ (3,954.38 ਰੁਪਏ ਪ੍ਰਤੀ ਕਿਲੋਲਿਟਰ) ਤੇ ਪਹਿਲੀ ਅਪਰੈਲ 6.15 ਫੀਸਦ (5,870.54 ਰੁਪਏ ਪ੍ਰਤੀ ਕਿਲੋਲਿਟਰ) ਘਟਾਏ ਗਏ ਸਨ। ਏਟੀਐੱਫ ਦੀ ਕੀਮਤ ਵਿਚ ਕਟੌਤੀ ਨਾਲ ਵਪਾਰਰ ਏਅਰਲਾਈਨ ਕੰਪਨੀਆਂ ’ਤੇ ਬੋਝ ਘਟੇਗਾ।
ਉਧਰ ਪੈਟਰੋਲੀਅਮ ਕੰਪਨੀਆਂ ਵੱਲੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿਚ 24 ਰੁਪਏ ਦੀ ਕਟੌਤੀ ਨਾਲ ਕੌਮੀ ਰਾਜਧਾਨੀ ਵਿਚ ਹੁਣ ਕਮਰਸ਼ਲ ਐੱਲਪੀਜੀ ਸਿਲੰਡਰ ਦੀ ਕੀਮਤ 1,723.50 ਰੁਪਏ ਅਤੇ ਮੁੰਬਈ ਵਿਚ 1,647.50 ਰੁਪਏ ਪ੍ਰਤੀ ਲਿਟਰ ਹੋਵੇਗੀ। ਇਸ ਤੋਂ ਪਹਿਲਾਂ ਇਕ ਮਈ ਨੂੰ ਵਪਾਰਕ ਸਿਲੰਡਰ ਦੇ ਭਾਅ 14.50 ਰੁਪਏ ਤੇ ਪਹਿਲੀ ਅਪਰੈਲ ਨੂੰ 41 ਰੁਪਏ ਘਟਾਏ ਗਏ ਸਨ। -ਪੀਟੀਆਈ