ਜੈਮੀਮਾ ਨੇ ਸਾਬਕਾ ਪਤੀ ਇਮਰਾਨ ਖ਼ਾਨ ਦੀ ਹਾਲਤ ’ਤੇ ਚਿੰਤਾ ਪ੍ਰਗਟਾਈ
ਇਸਲਾਮਾਬਾਦ, 16 ਅਕਤੂਬਰ
ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਜੈਮੀਮਾ ਗੋਲਡਸਮਿਥ ਨੇ ਇਮਰਾਨ ਉੱਤੋਂ ਪਰਿਵਾਰਕ ਮੈਂਬਰਾਂ ਨਾਲ ਮਿਲਣ ਦੀ ਪਾਬੰਦੀ ਹਟਾਉਣ ਤੇ ਉਨ੍ਹਾਂ ਰਿਹਾਈ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਇਹ ‘ਉਨ੍ਹਾਂ ਅਤੇ ਪਾਕਿਸਤਾਨ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਚੁੱਪ ਕਰਵਾਉਣ ਦੀ ਸਾਜ਼ਿਸ਼ ਹੈ।’ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਮੁਖੀ ਇਮਰਾਨ ਖ਼ਾਨ ਆਪਣੇ ਖ਼ਿਲਾਫ਼ ਕਈ ਕੇਸਾਂ ਤਹਿਤ ਇੱਕ ਸਾਲ ਤੋਂ ਪੰਜਾਬ ਦੇ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ’ਚ ਬੰਦ ਹੈ। ਪੰਜਾਬ ਸਰਕਾਰ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਇਮਰਾਨ ਖ਼ਾਨ ’ਤੇ 18 ਅਕਤੂਬਰ ਤੱਕ ਪਰਿਵਾਰਕ ਮੈਂਬਰਾਂ, ਵਕੀਲਾਂ ਅਤੇ ਪਾਰਟੀ ਆਗੂਆਂ ਨਾਲ ਮਿਲਣ ’ਤੇ ਪਾਬੰਦੀ ਲਾਈ ਹੋਈ ਹੈ। ਜੈਮੀਮਾ ਗੋਲਡਸਮਿਥ ‘ਐਕਸ’ ਅਕਾਊਂਟ ’ਤੇ ਪੋਸਟ ’ਚ ਦੋਸ਼ ਲਾਇਆ ਕਿ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਗੁੰਡਿਆਂ ਨੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਧਮਕਾਇਆ ਤੇ ਪ੍ਰੇਸ਼ਾਨ ਕੀਤਾ। ਉਹ ਜਬਰ-ਜਨਾਹ ਸਣੇ ਹੋਰ ਧਮਕੀਆਂ ਵੀ ਦੇ ਰਹੇ ਹਨ। ਵਿਦੇਸ਼ੀ ਪੱਤਰਕਾਰ ਜੈਮੀਮਾ ਗੋਲਡਸਮਿਥ ਤੇ ਇਮਰਾਨ ਖ਼ਾਨ 1995 ਤੋਂ 2004 ਤੱਕ ਪਤੀ-ਪਤਨੀ ਰਹੇ। ਉਨ੍ਹਾਂ ਦੇ ਦੋ ਬੇਟੇ ਹਨ। ਜੈਮੀਮਾ ਨੇ ਇਮਰਾਨ ਖ਼ਾਨ ਨਾਲ ਜੇਲ੍ਹ ’ਚ ਪਿਛਲੇ ਕੁਝ ਹਫ਼ਤਿਆਂ ਤੋਂ ਕੀਤੇ ਸਲੂਕ ਨੂੰ ‘ਗੰਭੀਰ ਤੇ ਚਿੰਤਾਜਨਕ’ ਦੱਸਦਿਆਂ ਦੋਸ਼ ਲਾਇਆ, ‘‘ਹੁਣ ਉਨ੍ਹਾਂ ਦੇ ਸੈੱਲ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ।’’ -ਪੀਟੀਆਈ