ਜੇਈ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ
ਬਟਾਲਾ (ਹਰਜੀਤ ਸਿੰਘ ਪਰਮਾਰ)
ਵਿਜੀਲੈਂਸ ਵਿਭਾਗ ਦੀ ਇੱਕ ਟੀਮ ਨੇ ਅੱਜ ਬਟਾਲਾ ਕਾਰਪੋਰੇਸ਼ਨ ਦੇ ਇੱਕ ਜੇਈ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਜੂਨੀਅਰ ਇੰਜੀਨੀਅਰ ਕੋਲ ਪਠਾਨਕੋਟ ਅਤੇ ਬਟਾਲਾ ਕਾਰਪੋਰੇਸ਼ਨ ਦਾ ਦੋਹਰਾ ਚਾਰਜ ਸੀ। ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਪਾਲ ਸਿੰਘ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੁਲਜ਼ਮ ਖਿਲਾਫ਼ ਦੋਸ਼ ਲਾਇਆ ਕਿ ਉਸ ਦੀ ਵਾਹੀਯੋਗ ਜ਼ਮੀਨ ਨੂੰ ਉਸ ਵੱਲੋਂ ਪੜਤਾਲ ਕੀਤੀ ਜਾ ਰਹੀ ਜਾ ਗੈਰ ਕਾਨੂੰਨੀ ਕਾਲੋਨੀ ਦਾ ਹਿੱਸਾ ਨਾ ਦੱਸਣ ਬਦਲੇ ਕੱਲ੍ਹ ਪਠਾਨਕੋਟ ਵਿੱਚ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਹਰਪਾਲ ਸਿੰਘ ਕੋਲੋਂ ਕੱਲ੍ਹ ਸਿਰਫ 50 ਹਜ਼ਾਰ ਰੁਪਏ ਦਾ ਹੀ ਇੰਤਜ਼ਾਮ ਹੋ ਸਕਿਆ ਸੀ ਜਿਸ ’ਤੇ ਜੇਈ ਨੇ ਉਨ੍ਹਾਂ ਨੂੰ ਬਾਕੀ 50 ਹਜ਼ਾਰ ਰੁਪਏ ਉਸ ਨੂੰ ਬਟਾਲਾ ਆ ਕੇ ਦੇਣ ਨੂੰ ਕਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਟਾਲਾ ਆ ਕੇ ਜੇਈ ਜਤਿੰਦਰ ਕੁਮਾਰ ਨੂੰ ਰਿਸ਼ਵਤ ਦੇ 50 ਹਜ਼ਾਰ ਰੁਪਏ ਦਿੱਤੇ ਤਾਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਉਸ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ।