ਤਨਖ਼ਾਹ ਦੇ ਵਾਧੇ ਵਿੱਚ ਲਾਈਆਂ ਸ਼ਰਤਾਂ ਹਟਵਾਉਣ ਲਈ ਡਟੇ ਜੇਈ
ਖੇਤਰੀ ਪ੍ਰਤੀਨਿਧ
ਪਟਿਆਲਾ, 18 ਨਵੰਬਰ
‘ਕੌਂਸਲ ਆਫ਼ ਜੂਨੀਅਰ ਇੰਜਨੀਅਰਜ਼ ਵੱਲੋਂ ਇਥੇ ਸਥਿਤ ਪਾਵਰਕੌਮ ਦੇ ਦਫ਼ਤਰ ਮੂਹਰੇ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਸੰਗਰੂਰ ਅਤੇ ਬਰਨਾਲਾ ਸਰਕਲਾਂ ਦੇ ਨੁਮਾਇੰਦੇ ਚੌਵੀ ਘੰਟਿਆਂ ਲਈ ਭੁੱਖ ਹੜਤਾਲ਼ ’ਤੇ ਬੈਠੇ ਹਨ। ਕੌਂਸਲ ਦੇ ਸੂਬਾਈ ਪ੍ਰਧਾਨ ਇੰਜ. ਪਰਮਜੀਤ ਸਿੰਘ ਖੱਟੜਾ ਦੀ ਅਗਵਾਈ ਹੇਠਲੇ ਇਸ ਧਰਨੇ ਨੂੰ ਸੂਬਾਈ ਜਨਰਲ ਸਕੱਤਰ ਇੰਜ. ਦਵਿੰਦਰ ਸਿੰਘ ਸਣੇ ਪਟਿਆਲਾ ਜ਼ੋਨ ਦੇ ਪ੍ਰਧਾਨ ਵਿਕਾਸ ਗੁਪਤਾ ਅਤੇ ਲੁਧਿਆਣਾ ਜ਼ੋਨ ਦੇ ਪ੍ਰਧਾਨ ਦਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਦਾ ਕਹਿਣਾ ਹੈ ਕਿ ਸਮੂਹ ਵਿਭਾਗਾਂ ਦੇ ਜੂਨੀਅਰਾਂ ਇੰਜਨੀਅਰਾਂ ਨੂੰ ਮੁਢਲੀ ਤਨਖਾਹ ਬਰਾਬਰ (17,450) ਮਿਲਦੀ ਸੀ ਤੇ ਇੱਕ ਦਸੰਬਰ 2011 ਨੂੰ ਹੋਏ ਵਾਧੇ ਦੌਰਾਨ ਬਾਕੀ ਵਿਭਾਗਾਂ ਦੀ ਤਨਖਾਹ ਵਧਾ ਕੇ 18,250 ਕਰ ਦਿੱਤੀ ਗਈ ਪਰ ਬਿਜਲੀ ਅਦਾਰੇ ਦੇ ਜੇਈਜ਼ ਦੀ ਤਨਖਾਹ 17,450 ਹੀ ਰੱਖੀ ਗਈ। ਸੰਘਰਸ਼ ਦੌਰਾਨ ਸਰਕਾਰ ਨੇ ਭਾਵੇਂ ਉਨ੍ਹਾਂ ਨੂੰ ਵੀ ਨਵੀਂ ਤਨਖਾਹ 19,260 ਦੇਣ ਲਈ ਪੱਤਰ ਜਾਰੀ ਕਰ ਦਿੱਤਾ ਹੈ ਪਰ ਲਾਈਆਂ ਗਈਆਂ ਕੁਝ ਸ਼ਰਤਾਂ ਕਾਰਨ ਉਹ ਵਾਧੇ ਵਾਲੀ ਤਨਖਾਹ ਲੈਣ ਤੋਂ ਅਸਮਰੱਥ ਹਨ। ਪ੍ਰਧਾਨ ਦਾ ਕਹਿਣਾ ਸੀ ਕਿ ਇਹ ਸ਼ਰਤਾਂ ਹਟਵਾਉਣ ਲਈ ਹੀ ਉਨ੍ਹਾਂ ਨੂੰ ਸੜਕਾਂ ’ਤੇ ਰਾਤਾਂ ਬਿਤਾਉਣੀਆਂ ਪੈ ਰਹੀਆਂ ਹਨ।
ਸ੍ਰੀ ਖੱਟੜਾ ਨੇ ਕਿਹਾ ਕਿ 25 ਮਈ ਨੂੰ ਜਥੇਬੰਦੀ ਨਾਲ ਮੈਨੇਜਮੈਂਟ ਦੀ ਹੋਈ ਮੀਟਿੰਗ ’ਚ ਹੋਰ ਵੀ ਮੰਗਾਂ ’ਤੇ ਸਹਿਮਤੀ ਬਣੀ ਸੀ ਪਰ ਅਧਿਕਾਰੀਆਂ ਦੇ ਅਵੇਸਲੇ ਰਵੱਈਏ ਕਾਰਨ ਕਈ ਮੰਗਾਂ ਅਧਵਾਟੇ ਹੀ ਪਈਆਂ ਹਨ।