ਜੇਸੀਡੀਏਵੀ ਕਾਲਜ ਦੇ ਡਾ. ਰਾਜੇਸ਼ ਕੁਮਾਰ ਵਿਸ਼ਵ ਦੇ ਚੋਟੀ ਦੇ ਵਿਗਿਆਨਕਾਂ ਵਿੱਚ ਮੁੜ ਸ਼ਾਮਲ
ਪੱਤਰ ਪ੍ਰੇਰਕ
ਦਸੂਹਾ, 11 ਅਕਤੂਬਰ
ਇੱਥੋਂ ਦੇ ਜੇਸੀਡੀਏਵੀ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜੇਸ਼ ਕੁਮਾਰ (ਡਿਪਾਰਟਮੈਂਟ ਆਫ ਕਮਿਸਟਰੀ) ਨੂੰ ਇਸ ਸਾਲ ਮੁੜ ਸਟੈਨਫੋਰਡ ਯੂਨੀਵਰਸਿਟੀ ਕੈਲੀਫੋਰਨੀਆ (ਅਮਰੀਕਾ) ਵੱਲੋਂ ਵਿਸ਼ਵ ਦੇ ਦੋ ਫ਼ੀਸਦੀ ਸਿਖਰਲੇ ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪਿਛਲੇ ਸਾਲ ਵੀ ਇਸ ਸੂਚੀ ਵਿੱਚ ਡਾ. ਰਾਜੇਸ਼ ਕੁਮਾਰ ਵਿਗਿਆਨਕ ਖੋਜਾਂ ਰਾਹੀਂ ਇਸ ਵਿਸ਼ਵ ਪੱਧਰੀ ਵਕਾਰੀ ਸੂਚੀ ’ਚ ਆਪਣਾ ਨਾਂਅ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਸਨ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਕਮਲ ਕਿਸ਼ੋਰ ਨੇ ਦੱਸਿਆ ਕਿ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਜਾਰੀ ਵਿਸ਼ਵ ਪੱਧਰੀ 2 ਫ਼ੀਸਦੀ ਚੋਟੀ ਦੇ ਖੋਜਕਰਤਾਵਾਂ, ਵਿਗਿਆਨੀਆਂ ਡੇਟਾਬੇਸ- 2023 ਦੀ ਸੂਚੀ 8 ਅਕਤੂਬਰ ਨੂੰ ਜਾਰੀ ਕੀਤੀ ਗਈ ਹੈ। ਇਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਉਨ੍ਹਾਂ ਦੀ ਪੁਜ਼ੀਸ਼ਨ ਉੱਚੀ ਹੋਈ ਹੈ। ਡਾ. ਰਾਜੇਸ਼ ਕੁਮਾਰ ਲੰਬੇ ਸਮੇਂ ਤੋਂ ਸੈਸਿੰਗ ਤਕਨਾਲੋਜੀ ਤੇ ਵਾਤਾਵਰਨ ਸਬੰਧੀ ਐਪਲੀਕੇਸ਼ਨਾਂ ਲਈ ਨੈਨੋਤਕਨਾਲੋਜੀ ਦੇ ਖੇਤਰ ਵਿੱਚ 11 ਸਾਲ ਤੋਂ ਕੰਮ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ 80 ਤੋਂ ਵੱਧ ਖੋਜ ਪ੍ਰਕਾਸ਼ਨ ਵੱਖ-ਵੱਖ ਉੱਚ-ਪ੍ਰਾਪਤ ਐਸਸੀਆਈ ਤੇ ਸਕੋਪਸ ਇੰਡੈਕਸਡ ਕੌਮਾਂਤਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਕੀਤੇ ਹਨ।