ਐੱਸਐੱਸਪੀ ਦਫ਼ਤਰ ਅੱਗੇ ਅੱਜ ਭੁੱਖ ਹੜਤਾਲ ’ਤੇ ਬੈਠੇਗੀ ਜੈਇੰਦਰ
ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਕਤੂਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਦੀ ਧੀ ਅਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸੂਬਾਈ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਪੰਚਾਇਤੀ ਚੋਣਾ ’ਚ ਗੜਬੜੀ ਦੇ ਨੂੰ ਲੈ ਕੇ 28 ਅਕਤੂਬਰ ਨੂੰ ਪੁਲੀਸ ਦੇ ਜ਼ਿਲ੍ਹਾ ਹੈੱਡਕੁਆਰਟਰ ਪਟਿਆਲਾ ਵਿੱਚ ਭੁੱਖ ਹੜਤਾਲ ਸਹਿਤ ਧਰਨੇ ’ਤੇ ਬੈਠਣ ਦਾ ਐਲਾਨ ਕੀਤਾ ਹੈ। ਭਾਜਪਾ ਦੇ ਸੂਬਾਈ ਆਗੂ ਅਤੇ ਮੋਤੀ ਮਹਿਲ ਦੇ ਅਤਿ ਕਰੀਬੀ ਹਰਵਿੰਦਰ ਸਿੰਘ ਹਰਪਾਲਪੁਰ ਦਾ ਕਹਿਣਾ ਸੀ ਕਿ ਪੰਚਾਇਤਾਂ ਸਬੰਧੀ ਵੋਟਾਂ ਵਾਲੇ ਦਿਨ ਸਨੌਰ ਦੇ ਪਿੰਡ ਖੁੱਡਾ ਵਿੱਚ ਕੁਝ ਵਿਅਕਤੀਆਂ ਨੇ ਬੂਥ ’ਤੇ ਕਬਜ਼ਾ ਕਰ ਲਿਆ ਸੀ। ਇਸ ਦਾ ਵਿਰੋਧ ਕਰਨ ’ਤੇ ਹਮਲਾਵਰ ਨੇ ਗੋਲ਼ੀਆਂ ਚਲਾ ਦਿੱਤੀਆਂ ਸਨ। ਇਨ੍ਹਾਂ ਵਿੱਚੋਂ ਹੀ ਇੱਕ ਗੋਲ਼ੀ ਸਰਬਜੀਤ ਸਿੰਘ ਦੇ ਢਿੱਡ ’ਚ ਲੱਗ ਗਈ ਸੀ। ਪਰ ਦੋ ਹਫਤੇ ਬੀਤਣ ਮਗਰੋਂ ਵੀ ਗੋਲੀ ਮਾਰਨ ਵਾਲੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਬੂਥ ’ਤੇ ਕਬਜ਼ਾ ਕਰਨ ਵਾਲਿਆਂ ਵਿੱਚੋਂ ਹੀ ਕਿਸੇ ਦੀ ਗ੍ਰਿਫ਼ਤਾਰੀ ਹੋਈ ਹੈ। ਉਧਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਦਾ ਕਹਿਣਾ ਸੀ ਕਿ ਇਸੇ ਮਾਮਲੇ ਨੂੰ ਲੈ ਕੇ ਪਿਛਲੇ ਦਿਨੀ ਪਰਨੀਤ ਕੌਰ ਦੀ ਅਗਵਾਈ ਹੇਠ ਸਨੌਰ ਵਿੱਚ ਵੀ ਧਰਨਾ ਦਿਤਾ ਗਿਆ ਸੀ। ਇਸ ਦੌਰਾਨ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਸੀ ਪਰ ਅਜੇ ਤੱਕ ਗ੍ਰਿਫ਼ਤਾਰੀ ਨਾ ਹੋਣ ਕਰਕੇ ਹੀ ਬੀਬਾ ਜੈਇੰਦਰ ਕੌਰ ਵੱਲੋਂ ਭੁੱਖ ਹੜਤਾਲ਼ ਰੱਖੀ ਜਾ ਰਹੀ ਹੈ।