ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੈ ਵਿਗਿਆਨ

08:53 AM Jun 22, 2024 IST

ਬਾਲ ਕਹਾਣੀ

ਰਾਮ ਸਵਰਨ ਲੱਖੇਵਾਲੀ

ਨੀਰੂ ਆਪਣੇ ਪਿੰਡ ਦੇ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ। ਉਹ ਪੜ੍ਹਨ ਵਿੱਚ ਹੁਸ਼ਿਆਰ ਤੇ ਵੱਡਿਆਂ ਦੀ ਆਗਿਆ ਵਿੱਚ ਰਹਿਣ ਵਾਲੀ ਸੀ। ਉਸ ਨੂੰ ਆਪਣੇ ਸਕੂਲ ਨਾਲ ਅੰਤਾਂ ਦਾ ਲਗਾਓ ਸੀ। ਸਕੂਲ ਦਾ ਖੁੱਲ੍ਹਾ ਤੇ ਹਰਿਆ ਭਰਿਆ ਵਿਹੜਾ ਵਿਦਿਆਰਥੀਆਂ ਦਾ ਮਨ ਮੋਂਹਦਾ ਸੀ। ਬਗੀਚੀ ਵਿੱਚ ਲੱਗੇ ਫੁੱਲ ਬੂਟੇ ਤਿਤਲੀਆਂ ਨੂੰ ਬੁਲਾਉਂਦੇ ਜਾਪਦੇ ਸਨ। ਸਕੂਲ ਵਿਚਲੇ ਅਨੁਸ਼ਾਸਨ ਦੇ ਪਾਬੰਦ ਵਿਦਿਆਰਥੀ ਤੇ ਅਧਿਆਪਕ ਆਪੋ ਆਪਣਾ ਕੰਮ ਦਿਲ ਲਾ ਕੇ ਕਰਦੇ। ਛੁੱਟੀ ਵਾਲੇ ਦਿਨ ਵੀ ਨੀਰੂ ਦਾ ਖ਼ਿਆਲ ਸਕੂਲ ਵੱਲ ਹੀ ਰਹਿੰਦਾ ਸੀ।
ਉਹ ਆਪਣੀਆਂ ਸਹੇਲੀਆਂ ਨਾਲ ਸਵੇਰ ਸਾਰ ਚਾਈਂ ਚਾਈਂ ਸਕੂਲ ਜਾਂਦੀ। ਸਕੂਲ ਪਹੁੰਚਣ ’ਤੇ ਉਸ ਨੂੰ ਸਕੂਲ ਦੀ ਬਗੀਚੀ ਦੇ ਖਿੜੇ ਫੁੱਲ ਸੁਆਗਤ ਕਰਦੇ ਜਾਪਦੇ। ਸਕੂਲ ਦੀ ਘੰਟੀ ਵੱਜਦਿਆਂ ਹੀ ਸਾਰੇ ਵਿਦਿਆਰਥੀ ਸਵੇਰ ਦੀ ਸਭਾ ਵਿੱਚ ਜੁੜ ਬੈਠਦੇ। ਰਾਸ਼ਟਰੀ ਗੀਤ ਮਗਰੋਂ ਗਿਆਨ ਦੀਆਂ ਗੱਲਾਂ ਹੁੰਦੀਆਂ। ਹਫ਼ਤੇ ਵਿੱਚ ਦੋ-ਤਿੰਨ ਵਾਰ ਪ੍ਰਿੰਸੀਪਲ ਆਪਣੀ ਜ਼ਿੰਦਗੀ ਦੀ ਕਿਤਾਬ ਵਿੱਚੋਂ ਪ੍ਰੇਰਨਾ ਦੇਣ ਵਾਲੇ ਤਜਰਬੇ ਸਾਂਝੇ ਕਰਦੇ। ਆਲਾ ਦੁਆਲਾ ਚੰਗਾ ਬਣਾਉਣ ਲਈ ਮਿਹਨਤ ਦਾ ਲੜ ਫੜਨ ਦਾ ਸਬਕ ਦਿੰਦੇ। ਸਵੇਰ ਦੀ ਚੰਗੀ ਸ਼ੁਰੂਆਤ ਵਿਦਿਆਰਥੀਆਂ ਨੂੰ ਉਤਸ਼ਾਹ ਨਾਲ ਕਲਾਸਾਂ ਵੱਲ ਤੋਰਦੀ। ਦਿਨ ਭਰ ਕਲਾਸਾਂ ਵਿੱਚ ਪੜ੍ਹਾਈ ਨਿਰਵਿਘਨ ਚੱਲਦੀ ਸੀ। ਨੀਰੂ ਆਪਣੀ ਜਮਾਤ ਦੀ ਮੌਨੀਟਰ ਸੀ। ਜਦੋਂ ਕਦੇ ਕਿਸੇ ਕਾਰਨ ਅਧਿਆਪਕ ਕਲਾਸ ਵਿੱਚ ਨਾ ਹੁੰਦੇ ਤਾਂ ਉਹ ਜਮਾਤ ਨੂੰ ਕੰਮ ਲਾ ਕੇ ਰੱਖਦੀ। ਕੱਲ੍ਹ ਦਾ ਪੜ੍ਹਿਆ ਪਾਠ ਦੁਹਰਾਉਣ ਲੱਗ ਪੈਂਦੀ। ਜਮਾਤ ਦੇ ਸਾਰੇ ਵਿਦਿਆਰਥੀ ਉਸ ਦੇ ਕਹਿਣੇ ਵਿੱਚ ਹੁੰਦੇ ਸਨ। ਉਹ ਜਮਾਤ ਵਿੱਚ ਅਧਿਆਪਕ ਦੀ ਗੈਰਹਾਜ਼ਰੀ ਮਹਿਸੂਸ ਨਾ ਹੋਣ ਦਿੰਦੀ। ਸਾਰੇ ਅਧਿਆਪਕ ਉਸ ’ਤੇ ਮਾਣ ਕਰਦੇ ਸਨ।
ਅੱਧੀ ਛੁੱਟੀ ਵੇਲੇ ਖਾਣਾ ਖਾ ਕੇ ਉਹ ਬਗੀਚੀ ਵਿੱਚ ਤਿਤਲੀਆਂ ਦਾ ਪਿੱਛਾ ਕਰਦੇ। ਆਪਸ ਵਿੱਚ ਮਿਲ ਬੈਠ ਗੱਲਾਂ ਕਰਦੇ। ਪੁਰਾਣੇ ਵਣਾਂ ਦੀ ਗੂੜ੍ਹੀ ਛਾਂ ਹੇਠ ਲੜਕੀਆਂ ਲਈ ਵਾਸ਼ ਰੂਮ ਬਣਾਏ ਹੋਏ ਸਨ। ਲੜਕੀਆਂ ਨੀਰੂ ਕੋਲ ਅਕਸਰ ਆਪਣੇ ਮਨ ਦੇ ਸ਼ੰਕੇ ਜ਼ਾਹਰ ਕਰਦੀਆਂ। ਮੇਰੀ ਦਾਦੀ ਮਾਂ ਆਖਦੀ ਹੈ, ‘‘ਧੀਏ, ਵਣਾਂ ਦੇ ਰੁੱਖਾਂ ਤੋਂ ਦੂਰ ਰਿਹਾ ਕਰੋ। ਉੱਥੇ ਇੱਲ ਬਲਾਵਾਂ ਹੁੰਦੀਆਂ ਨੇ।’’ ਨੀਰੂ ਲੜਕੀਆਂ ਕੋਲ ਸਵੇਰ ਦੀ ਸਭਾ ਵਿੱਚ ਬੋਲੇ ਪ੍ਰਿੰਸੀਪਲ ਸਰ ਦੇ ਬੋਲਾਂ ਨੂੰ ਦੁਹਰਾਉਂਦੀ, ‘‘ਇਹ ਇੱਲ ਬਲਾਵਾਂ ਬੀਤੇ ਯੁੱਗ ਦੀਆਂ ਗੱਲਾਂ ਨੇ। ਜਦੋਂ ਮਨੁੱਖ ਸਿੱਖਿਆ ਤੇ ਗਿਆਨ ਤੋਂ ਸੱਖਣਾ ਸੀ ਤਾਂ ਕੁਝ ਚਾਲਾਕ ਲੋਕਾਂ ਨੇ ਮਨੁੱਖ ਦੀ ਅਗਿਆਨਤਾ ਦਾ ਲਾਹਾ ਲੈਣ ਲਈ ਅਜਿਹੀਆਂ ਝੂਠੀਆਂ ਕਹਾਣੀਆਂ ਘੜੀਆਂ ਸਨ। ਵਿਗਿਆਨ ਦੇ ਇਸ ਯੁੱਗ ਵਿੱਚ ਅਜਿਹੇ ਵਹਿਮਾਂ ਭਰਮਾਂ ਦੀ ਕੋਈ ਥਾਂ ਨਹੀਂ ਹੈ।’’
ਸਕੂਲ ਵਿੱਚ ਪੁਰਾਣੇ ਹਰੇ ਭਰੇ ਰੁੱਖਾਂ ’ਤੇ ਸਾਰਾ ਦਿਨ ਪੰਛੀ ਚਹਿਕਦੇ ਰਹਿੰਦੇ ਸਨ। ਪਾਣੀ ਪੀਣ ਆਉਂਦੇ ਵਿਦਿਆਰਥੀ ਪੰਛੀਆਂ ਦੇ ਮਿੱਠੇ ਬੋਲਾਂ ਦਾ ਸੰਗੀਤ ਸੁਣਦੇ। ਇੱਕ ਦਿਨ ਹਲਕੀ ਬਾਰਿਸ਼ ਵਾਲੇ ਦਿਨ ਵਾਸ਼ ਰੂਮ ਗਈਆਂ ਅੱਠਵੀਂ ਕਲਾਸ ਦੀਆਂ ਦੋ ਲੜਕੀਆਂ ਚੀਕਾਂ ਮਾਰਦੀਆਂ ਵਾਪਸ ਪਰਤੀਆਂ। ਉਹ ਖੂਨ-ਖੂਨ ਆਖਦੀਆਂ ਆਪਣੀ ਕਲਾਸ ਵਿੱਚ ਆ ਕੇ ਬੇਹੋਸ਼ ਹੋ ਗਈਆਂ। ਕਲਾਸ ਦੇ ਸਾਰੇ ਵਿਦਿਆਰਥੀ ਸਹਿਮ ਗਏ। ਦੋਹਾਂ ਲੜਕੀਆਂ ਨੂੰ ਤੁਰੰਤ ਡਿਸਪੈਂਸਰੀ ਵਿੱਚ ਭੇਜਿਆ ਗਿਆ। ਹੋਸ਼ ਵਿੱਚ ਆਉਣ ਮਗਰੋਂ ਉਨ੍ਹਾਂ ਨੇ ਡਰਦਿਆਂ-ਡਰਦਿਆਂ ਦੱਸਿਆ ਕਿ ਵਾਸ਼ ਰੂਮ ਉੱਪਰੋਂ ਆਉਂਦੀ ਪਾਣੀ ਵਾਲੀ ਪਾਈਪ ਵਿੱਚ ਖੂਨ ਆ ਰਿਹਾ ਸੀ। ਜਦ ਅਧਿਆਪਕਾਂ ਨੇ ਜਾ ਕੇ ਵੇਖਿਆ ਤਾਂ ਲੜਕੀਆਂ ਦੀ ਗੱਲ ਸੱਚ ਨਿਕਲੀ। ਕਿਣ ਮਿਣ ਬੰਦ ਹੋਣ ’ਤੇ ਵੀ ਵਾਸ਼ ਰੂਮ ਉੱਪਰੋਂ ਪਾਈਪ ਰਾਹੀਂ ਖੂਨ ਰੰਗੇ ਪਾਣੀ ਦੇ ਤੁਪਕੇ ਡਿੱਗ ਰਹੇ ਸਨ। ਪ੍ਰਿੰਸੀਪਲ ਸਰ ਨੇ ਤੁਰੰਤ ਘਟਨਾ ਦਾ ਅਸਲ ਕਾਰਨ ਖੋਜਣ ਲਈ ਦੋ ਅਧਿਆਪਕਾਂ ਦੀ ਡਿਊਟੀ ਲਗਾ ਦਿੱਤੀ। ਅਗਲੇ ਦਿਨ ਨੀਰੂ ਸਕੂਲ ਪਹੁੰਚ ਕੇ ਆਪਣੀਆਂ ਸਹੇਲੀਆਂ ਨਾਲ ਬਗੀਚੀ ਵਿੱਚ ਆ ਬੈਠੀ। ਸਕੂਲ ਲੱਗਣ ਵਿੱਚ ਕੁਝ ਸਮਾਂ ਬਾਕੀ ਸੀ। ਉਨ੍ਹਾਂ ਨੇ ਵੇਖਿਆ ਕਿ ਕੱਲ੍ਹ ਦੀ ਘਟਨਾ ਵਾਲੀਆਂ ਲੜਕੀਆਂ ਨਾਲ ਉਨ੍ਹਾਂ ਦੇ ਮਾਪੇ ਵੀ ਆਏ ਹੋਏ ਸਨ। ਉਹ ਬਗੀਚੀ ਨਾਲ ਲੱਗਦੇ ਪ੍ਰਿੰਸੀਪਲ ਸਰ ਦੇ ਕਮਰੇ ਸਾਹਮਣੇ ਉਨ੍ਹਾਂ ਨੂੰ ਮਿਲਣ ਦੀ ਉਡੀਕ ਵਿੱਚ ਖੜ੍ਹੇ ਸਨ।
ਪ੍ਰਿੰਸੀਪਲ ਸਰ ਆਏ ਤਾਂ ਮਾਪੇ ਉਨ੍ਹਾਂ ਕੋਲ ਇਤਰਾਜ਼ ਜਤਾਉਣ ਲੱਗੇ। ‘‘ਸਰ ਜੀ, ਕੱਲ੍ਹ ਦੀ ਘਟਨਾ ਦੀ ਸਾਰੇ ਪਿੰਡ ਵਿੱਚ ਚਰਚਾ ਹੈ। ਲੋਕਾਂ ਦਾ ਮੰਨਣਾ ਹੈ ਕਿ ਵਣਾਂ ’ਤੇ ਰਹਿੰਦੀਆਂ ਇੱਲ ਬਲਾਵਾਂ ਨੇ ਮੀਂਹ ਦੇ ਪਾਣੀ ਨੂੰ ਖੂਨ ਵਿੱਚ ਬਦਲਿਆ ਹੈ। ਇਹ ਵਾਪਰਨ ਵਾਲੀ ਕਿਸੇ ਬੁਰੀ ਘਟਨਾ ਦੀ ਨਿਸ਼ਾਨੀ ਹੈ। ਅਸੀਂ ਇਹ ਮੰਨਦੇ ਹਾਂ ਕਿ ਤੁਸੀਂ ਬਹੁਤ ਪੜ੍ਹੇ ਲਿਖੇ ਤੇ ਸੂਝਵਾਨ ਹੋ ਪਰ ਸਾਰੀਆਂ ਗੱਲਾਂ ਪੜ੍ਹਾਈ ਨਾਲ ਹੱਲ ਨ੍ਹੀਂ ਹੁੰਦੀਆਂ। ਆਪਣੇ ਵੱਡ ਵਡੇਰਿਆਂ ਦੀਆਂ ਮੰਨ ਮਨੌਤਾਂ ਨੂੰ ਅਸੀਂ ਭਲਾ ਕਿਵੇਂ ਵਿਸਾਰ ਸਕਦੇ ਹਾਂ?’’
ਪ੍ਰਿੰਸੀਪਲ ਸਰ ਮਾਪਿਆਂ ਦੀ ਗੱਲ ਸੁਣ ਕੇ ਕਹਿਣ ਲੱਗੇ, ‘‘ਤੁਸੀਂ ਮੈਨੂੰ ਥੋੜ੍ਹਾ ਵਕਤ ਦਿਓ। ਹੁਣੇ ਸਵੇਰ ਦੀ ਸਭਾ ਸ਼ੁਰੂ ਹੋਣ ਵਾਲੀ ਹੈ। ਸੁਣ ਕੇ ਜਾਇਓ। ਤੁਹਾਨੂੰ ਕੱਲ੍ਹ ਵਾਲੀ ਘਟਨਾ ਤੇ ਇੱਲ ਬਲਾਵਾਂ ਬਾਰੇ ਚਾਨਣ ਹੋ ਜਾਵੇਗਾ। ਜੇਕਰ ਫਿਰ ਵੀ ਤੁਹਾਡੀ ਤਸੱਲੀ ਨਾ ਹੋਈ ਤਾਂ ਦੱਸਣਾ।’’ ਘੰਟੀ ਵੱਜਣ ’ਤੇ ਸਕੂਲ ਦੇ ਸਾਰੇ ਵਿਦਿਆਰਥੀ ਸਵੇਰ ਦੀ ਸਭਾ ਵਿੱਚ ਆ ਜੁੜੇ। ਰਾਸ਼ਟਰੀ ਗੀਤ ਤੇ ਵਿਚਾਰ ਤੋਂ ਬਾਅਦ ਪ੍ਰਿੰਸੀਪਲ ਸਰ ਮੰਚ ’ਤੇ ਆਏ। ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ, ‘‘ਪਿਆਰੇ ਵਿਦਿਆਰਥੀਓ ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਬੇਸਬਰੀ ਨਾਲ ਕੱਲ੍ਹ ਵਾਪਰੀ ਘਟਨਾ ਬਾਰੇ ਜਾਣਨ ਲਈ ਉਤਾਵਲੇ ਹੋ। ਹੁਣ ਵਿਗਿਆਨ ਦਾ ਯੁੱਗ ਹੈ। ਜਿਸ ਨੇ ਸਾਡਾ ਜੀਵਨ ਸੁੱਖ ਸਹੂਲਤਾਂ ਨਾਲ ਭਰਿਆ ਹੈ। ਵਿਗਿਆਨ ਨੇ ਹੀ ਹਰ ਬਿਮਾਰੀ ਦਾ ਇਲਾਜ ਖੋਜਿਆ ਹੈ। ਵਿਗਿਆਨੀਆਂ ਦੀਆਂ ਉਮਰਾਂ ਲਗਾ ਕੇ ਕੀਤੀਆਂ ਖੋਜਾਂ ਸਦਕਾ ਸਾਡਾ ਜੀਵਨ ਸੌਖਾਲਾ ਹੋਇਆ ਹੈ। ਵਿਗਿਆਨ ਨੇ ਹੀ ਸਾਨੂੰ ਹਰੇਕ ਘਟਨਾ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਖੋਜਣ ਦਾ ਨਜ਼ਰੀਆ ਦਿੱਤਾ ਹੈ। ਇਸੇ ਨਜ਼ਰੀਏ ਨੇ ਕੱਲ੍ਹ ਵਾਲੀ ਘਟਨਾ ਦਾ ਸੱਚ ਸਾਹਮਣੇ ਲਿਆਂਦਾ ਹੈ।’’
‘‘ਪਿਛਲੇ ਮਹੀਨੇ ਆਪਣੀ ਸਕੂਲ ਲਾਇਬ੍ਰੇਰੀ ਦੀ ਇਮਾਰਤ ਨੂੰ ਬਾਹਰੋਂ ਲਾਲ ਰੰਗ ਕੀਤਾ ਗਿਆ ਸੀ। ਰੰਗ ਕਰਨ ਵਾਲੇ ਪੇਂਟਰ ਥੋੜ੍ਹਾ ਵਧਿਆ ਰੰਗ ਵਾਸ਼ ਰੂਮ ਦੀ ਛੱਤ ਉੱਪਰ ਡੋਲ੍ਹ ਗਏ। ਮੌਸਮ ਦੀ ਪਹਿਲੀ ਬਰਸਾਤ ਵੇਲੇ ਉਹ ਰੰਗ ਖੁਰ ਕੇ ਪਾਣੀ ਵਾਲੀ ਪਾਈਪ ਰਾਹੀਂ ਥੱਲੇ ਗਿਆ ਜਿਸ ਨੂੰ ਵਾਸ਼ ਰੂਮ ਆਈਆਂ ਅੱਠਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਖੂਨ ਸਮਝ ਕੇ ਡਰਦਿਆਂ ਚੀਕਾਂ ਮਾਰੀਆਂ। ਡਰ ਹੀ ਉਨ੍ਹਾਂ ਦੀ ਬੇਹੋਸ਼ੀ ਦਾ ਕਾਰਨ ਬਣਿਆ। ਛੁੱਟੀ ਤੋਂ ਬਾਅਦ ਜਦੋਂ ਸਾਡੇ ਅਧਿਆਪਕਾਂ ਨੇ ਵਾਸ਼ ਰੂਮ ਦੀ ਛੱਤ ਦਾ ਮੁਆਇਨਾ ਕੀਤਾ ਤਾਂ ਉੱਥੇ ਡੁੱਲ੍ਹੇ ਲਾਲ ਰੰਗ ਦੇ ਨਿਸ਼ਾਨ ਵੇਖ ਸਾਰੀ ਗੱਲ ਸਮਝ ਆ ਗਈ।’’
‘‘ਇਸ ਘਟਨਾ ਦਾ ਸਬਕ ਪੱਲੇ ਬੰਨ੍ਹਣ ਵਾਲਾ ਹੈ। ਸਫਲ ਜ਼ਿੰਦਗੀ ਜਿਊਣ ਲਈ ਹਰ ਘਟਨਾ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਖੋਜਣਾ ਬਹੁਤ ਜ਼ਰੂਰੀ ਹੈ। ਪਰਖ ਪੜਤਾਲ ਨਾਲ ਹੀ ਸੱਚ ਸਾਹਮਣੇ ਆਉਂਦਾ ਹੈ। ਸੱਚ ਨਾ ਜਾਣਨ ਕਰਕੇ ਹੀ ਅਸੀਂ ਅਕਸਰ ਭਰਮ ਭੁਲੇਖਿਆਂ ਵਿੱਚ ਫਸ ਜਾਂਦੇ ਹਾਂ।’’ ਇਹ ਆਖਦਿਆਂ ਪ੍ਰਿੰਸੀਪਲ ਸਰ ਮੰਚ ਤੋਂ ਉਤਰੇ। ਸਭਾ ਸਮਾਪਤ ਹੋਣ ਸਾਰ ਖ਼ੁਸ਼ੀ ਤੇ ਉਤਸ਼ਾਹ ਦੇ ਰੌਂਅ ਨਾਲ ਸਾਰੇ ਵਿਦਿਆਰਥੀ ਆਪੋ ਆਪਣੀਆਂ ਕਲਾਸਾਂ ਵੱਲ ਹੋ ਤੁਰੇ। ਅਸਲੀਅਤ ਜਾਣ ਕੇ ਸੰਤੁਸ਼ਟ ਹੋਏ ਮਾਪੇ ਵੀ ਘਰਾਂ ਨੂੰ ਪਰਤ ਗਏ।
ਨੀਰੂ ਨੇ ਜਾਣ ਸਾਰ ਆਪਣੀ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਬਿਠਾਇਆ। ਉਸ ਨੇ ਚਾਕ ਚੁੱਕ ਕੇ ਬਲੈਕ ਬੋਰਡ ’ਤੇ ਲਿਖਣਾ ਸ਼ੁਰੂ ਕੀਤਾ, ‘‘ਵਿਗਿਆਨ ਸਾਨੂੰ ਹਰੇਕ ਘਟਨਾ ਦਾ ਕਾਰਨ ਦਸਦਾ ਹੈ। ਭਰਮ ਭੁਲੇਖੇ ਮਿਟਾਉਂਦਾ ਹੈ। ਸਫਲਤਾ ਦੇ ਰਾਹ ਤੋਰਦਾ ਹੈ : ਜੈ ਵਿਗਿਆਨ।’’ ਜਮਾਤ ਵਿੱਚ ਪਹੁੰਚੇ ਅਧਿਆਪਕ ਨੇ ਬੋਰਡ ’ਤੇ ਲਿਖੇ ਸ਼ਬਦਾਂ ਨੂੰ ਪੜ੍ਹਿਆ ਤੇ ਮੁਸਕਰਾਉਂਦਿਆਂ ਆਖਿਆ, ‘‘ਸ਼ਾਬਾਸ਼ ਬੇਟਾ! ਸਾਡੇ ਸਮਾਜ ਨੂੰ ਅਜਿਹੇ ਭਵਿੱਖ ਦੀ ਲੋੜ ਹੈ।’’ ਇਹ ਸੁਣਦਿਆਂ ਹੀ ਵਿਦਿਆਰਥੀਆਂ ਦੀਆਂ ਤਾੜੀਆਂ ਦੀ ਗੂੰਜ ਨੇ ਜਮਾਤ ਵਿੱਚ ਖ਼ੁਸ਼ੀ ਦਾ ਮਾਹੌਲ ਸਿਰਜ ਦਿੱਤਾ।

Advertisement

ਸੰਪਰਕ: 95010-06626

Advertisement
Advertisement
Advertisement