For the best experience, open
https://m.punjabitribuneonline.com
on your mobile browser.
Advertisement

ਅੱਠ ਫੁੱਟ ਤੋਂ ਉੱਚੀ ਛਾਲ ਲਾਉਣ ਵਾਲਾ ਜੇਵੀਅਰ

08:35 AM May 18, 2024 IST
ਅੱਠ ਫੁੱਟ ਤੋਂ ਉੱਚੀ ਛਾਲ ਲਾਉਣ ਵਾਲਾ ਜੇਵੀਅਰ
Advertisement

ਪ੍ਰਿੰ. ਸਰਵਣ ਸਿੰਘ

Advertisement

ਕਿਊਬਾ ਦਾ ਜੇਵੀਅਰ ਸੋਟੋਮੇਅਰ ਅਫਲਾਤੂਨ ਅਥਲੀਟ ਸੀ। ਉਹ 1990ਵਿਆਂ ਦਾ ਸਿਰਮੌਰ ਹਾਈ ਜੰਪਰ ਰਿਹੈ। ਉਦੋਂ ਉਹਦੀ ਗੁੱਡੀ ਵਿਸ਼ਵ ਭਰ ’ਚ ਚੜ੍ਹੀ ਰਹੀ। 1989 ਤੋਂ ਇਨਡੋਰ ਤੇ 1993 ਤੋਂ ਆਊਟ ਡੋਰ ਮੁਕਾਬਲਿਆਂ ਦੇ ਉਹਦੇ ਉੱਚੀਆਂ ਛਾਲਾਂ ਲਾਉਣ ਦੇ ਵਿਸ਼ਵ ਰਿਕਾਰਡ ਹਾਲੇ ਵੀ ਕਾਇਮ ਹਨ। ਪੱਧਰ ਥਾਂ ਤੋਂ ਅੱਠ ਫੁੱਟ ਤੋਂ ਵੀ ਉੱਚਾ ਕੁੱਦਣਾ ਕਹਿ ਦੇਣੀ ਗੱਲ ਹੈ। ਕੁਝ ਕਦਮ ਦੌੜ ਕੇ ਸਾਰਾ ਸਰੀਰ ਬਾਰ ਉੱਪਰ ਦੀ ਲੰਘਾ ਦੇਣਾ ਤੇ ਬਾਰ ਦਾ ਫਿਰ ਵੀ ਥਾਏਂ ਟਿਕੇ ਰਹਿਣਾ ਮਨੁੱਖੀ ਜੁੱਸੇ ਦਾ ਕਮਾਲ ਦਾ ਕਾਰਨਾਮਾ ਹੈ! ਤਦੇ ਕਿਹਾ ਜਾਂਦੈ ਕਿ ਮਨੁੱਖ ਦੀ ਸ਼ਕਤੀ ਤੇ ਸੰਭਾਵਨਾ ਦੀ ਕੋਈ ਸੀਮਾ ਨਹੀਂ ਹੈ।
ਜੇਵੀਅਰ ਸੋਟੋਮੇਅਰ ਨੇ 1993 ਵਿੱਚ 8 ਫੁੱਟ ¼ ਇੰਚ ਉੱਚੀ ਛਾਲ ਲਾਉਣ ਦਾ ਵਿਸ਼ਵ ਰਿਕਾਰਡ ਰੱਖਿਆ ਸੀ। ਖੇਡਾਂ ਦੇ ਰਿਕਾਰਡ ਨਿੱਤ ਨਵੇਂ ਹੁੰਦੇ ਹਨ ਪਰ ਉਸ ਦਾ 8 ਫੁੱਟ ¼ ਇੰਚ ਯਾਨੀ 2.45 ਮੀਟਰ ਦਾ ਵਿਸ਼ਵ ਰਿਕਾਰਡ 31 ਸਾਲਾਂ ਤੋਂ ਕਾਇਮ ਹੈ। ਉਂਜ ਉਸ ਦਾ ਕਹਿਣਾ ਹੈ ਕਿ ਕੋਈ ਵੀ ਰਿਕਾਰਡ ਹਮੇਸ਼ਾ ਲਈ ਅਟੁੱਟ ਨਹੀਂ ਹੁੰਦਾ। ਹੁਣ ਜੇਵੀਅਰ 57 ਸਾਲਾਂ ਦਾ ਹੋਣ ਵਾਲਾ ਹੈ। ਬਾਲ ਬੱਚੇਦਾਰ ਹੈ ਤੇ ਉਡੀਕ ਰਿਹੈ ਕਿ ਕਿਹੜਾ ਮਾਈ ਦਾ ਲਾਲ ਨਿੱਤਰਦੈ ਜੋ ਉਹਦੇ ਜਿਊਂਦੇ ਜੀਅ ਉਹਦੇ ਵਿਸ਼ਵ ਰਿਕਾਰਡ ਤੋੜੇ? ਤੇ ਉਸ ਤੋਂ ਦਿਲੋਂ ਵਧਾਈਆਂ ਲਵੇ!
ਉਸ ਦਾ ਪੂਰਾ ਨਾਂ ਜੇਵੀਅਰ ਸੋਟੋਮੇਅਰ ਸਨਾਬਰੀਆ ਹੈ। ਉਹਦਾ ਜਨਮ ਕਿਊਬਾ ਦੇ ਪ੍ਰਾਂਤ ਮਟਨਜ਼ਾਸ ਦੇ ਸ਼ਹਿਰ ਲਿਮੋਨਾਰ ਵਿੱਚ 13 ਅਕਤੂਬਰ 1967 ਨੂੰ ਹੋਇਆ ਸੀ। ਉਸ ਦਾ ਬਾਪ ਸੋਟੋਮੇਅਰ ਖੰਡ ਮਿੱਲ ਦਾ ਕਾਮਾ ਸੀ ਤੇ ਮਾਂ ਸਨਾਬਰੀਆ ਸਾਧਾਰਨ ਘਰੇਲੂ ਸੁਆਣੀ। ਉਹ ਬਚਪਨ ਤੋਂ ਹੀ ਹੁੰਦੜਹੇਲ ਸੀ ਅਤੇ ਖੇਡਣ ਮੱਲ੍ਹਣ ਵਿੱਚ ਖ਼ਾਸ ਰੁਚੀ ਰੱਖਦਾ ਸੀ। ਉਸ ਦੀ ਰੁਚੀ ਅਨੁਸਾਰ ਮਾਪਿਆਂ ਨੇ ਉਸ ਨੂੰ ਸਰਕਾਰੀ ਸਪੋਰਟਸ ਸਕੂਲ ਵਿੱਚ ਪੜ੍ਹਨੇ ਪਾਇਆ। ਕੱਦ ਦਾ ਲੰਮਾ ਹੋਣ ਕਰਕੇ ਪਹਿਲਾਂ ਉਸ ਨੂੰ ਬਾਸਕਟਬਾਲ ਖੇਡਣ ਲਾਇਆ ਗਿਆ ਤਾਂ ਜੋ ਵੱਡਾ ਹੋ ਕੇ ਕਿਊਬਾ ਦੀ ਬਾਸਕਟਬਾਲ ਟੀਮ ਵਿੱਚ ਖੇਡ ਸਕੇ। ਉਹ ਅਜੇ 14 ਸਾਲਾਂ ਦਾ ਹੀ ਹੋਇਆ ਸੀ ਕਿ ਅਥਲੈਟਿਕਸ ਦੇ ਇੱਕ ਕੋਚ ਨੇ ਉਸ ਨੂੰ ਬਾਸਕਟਬਾਲਰ ਦੀ ਥਾਂ ਹਾਈ ਜੰਪਰ ਬਣਾਉਣ ਦਾ ਬੀੜਾ ਚੁੱਕ ਲਿਆ। ਉਹਦੀ ਤੇ ਕੋਚ ਦੀ ਸਖ਼ਤ ਮਿਹਨਤ ਦਾ ਸਿੱਟਾ ਇਹ ਨਿਕਲਿਆ ਕਿ 19 ਸਾਲ ਦੀ ਉਮਰੇ ਹੀ ਉਹ ਵਿਸ਼ਵ ’ਚ 5ਵੇਂ ਨੰਬਰ ਦਾ ਹਾਈ ਜੰਪਰ ਬਣ ਗਿਆ। ਤਦ ਤੱਕ ਉਹਦਾ ਕੱਦ ਵੀ 6 ਫੁੱਟ 4 ਇੰਚ ਉੱਚਾ ਹੋ ਗਿਆ ਅਤੇ ਸਰੀਰਕ ਭਾਰ ਵੀ 80 ਕਿਲੋ ਨੂੰ ਅੱਪੜ ਗਿਆ।
ਉਸ ਦੀਆਂ ਜਿੱਤਾਂ ਤੇ ਪ੍ਰਾਪਤੀਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦੈ ਕਿ ਮਨੁੱਖੀ ਜੁੱਸੇ ਦੀ ਸ਼ਕਤੀ ਤੇ ਸੰਭਾਵਨਾ ਦਾ ਕੋਈ ਪਾਰਾਵਾਰ ਨਹੀਂ। ਉਸ ਨੇ ਕਿਊਬਾ ਦੀਆਂ ਅਥਲੈਟਿਕਸ ਟੀਮਾਂ ਦਾ ਮੈਂਬਰ ਬਣ ਕੇ ਦਰਜਨਾਂ ਜਿੱਤਾਂ ਜਿੱਤੀਆਂ। ਓਲੰਪਿਕ ਖੇਡਾਂ ਵਿਚਲੀਆਂ ਜਿੱਤਾਂ ਨੂੰ ਸਭ ਤੋਂ ਵੱਡੀਆਂ ਜਿੱਤਾਂ ਮੰਨਿਆ ਜਾਂਦਾ ਹੈ। ਉਹ 1984 ਤੋਂ 2000 ਤੱਕ ਦੀਆਂ ਪੰਜ ਓਲੰਪਿਕਸ ਵਿੱਚ ਹਿੱਸਾ ਲੈਣ ਦੇ ਕਾਬਲ ਸੀ ਪਰ ਕਿਊਬਾ ਵੱਲੋਂ ਦੋ ਵਾਰ ਓਲੰਪਿਕ ਖੇਡਾਂ ਦਾ ਬਾਈਕਾਟ ਕਰਨ ਨਾਲ ਕੇਵਲ 1992, 96 ਤੇ 2000 ਦੀਆਂ ਤਿੰਨ ਓਲੰਪਿਕ ਖੇਡਾਂ ਵਿੱਚ ਹੀ ਭਾਗ ਲੈ ਸਕਿਆ ਸੀ। ਉਨ੍ਹਾਂ ਵਿੱਚੋਂ ਉਹ ਇੱਕ ਵਾਰ ਗੋਲਡ ਮੈਡਲ, ਦੂਜੀ ਵਾਰ ਸੱਟ ਲੱਗੀ ਸੀ ਤੇ ਤੀਜੀ ਵਾਰ ਸਿਲਵਰ ਮੈਡਲ ਜਿੱਤਿਆ। ਉਸ ਦੇ ਦੋ ਗੋਲਡ ਮੈਡਲ ਬਾਈਕਾਟ ਦੇ ਖਾਤੇ ਚਲੇ ਗਏ।
ਓਲੰਪਿਕ ਖੇਡਾਂ ਦੇ ਬਰਾਬਰ ਹੀ ਵਿਸ਼ਵ ਚੈਪੀਅਨਸ਼ਿਪਾਂ ਦੀਆਂ ਖੇਡਾਂ ਸਮਝੀਆਂ ਜਾਂਦੀਆਂ ਹਨ। ਜੇਵੀਅਰ ਨੇ ਉਨ੍ਹਾਂ ਖੇਡਾਂ ਵਿੱਚੋਂ ਦੋ ਗੋਲਡ ਮੈਡਲ ਤੇ ਦੋ ਸਿਲਵਰ ਮੈਡਲ ਜਿੱਤੇ। ਵਰਲਡ ਇਨਡੋਰ ਚੈਂਪੀਅਨਸ਼ਿਪਸ ਵਿੱਚੋਂ ਚਾਰ ਗੋਲਡ ਮੈਡਲ, ਇੱਕ ਚਾਂਦੀ ਤੇ ਇੱਕ ਕਾਂਸੀ ਦਾ ਮੈਡਲ ਜਿੱਤਿਆ। ਪਾਨ ਅਮੈਰੀਕਨ ਗੇਮਜ਼ ਵਿੱਚੋਂ ਵੀ ਤਿੰਨ ਗੋਲਡ ਮੈਡਲ ਹਾਸਲ ਕੀਤੇ। ਸੀਏਸੀ ਚੈਂਪੀਅਨਸ਼ਿਪਸ ਵਿੱਚੋਂ ਇੱਕ ਕਾਂਸੀ ਤੇ ਦੋ ਗੋਲਡ ਮੈਡਲ ਜਿੱਤੇ। ਇੰਜ ਵਿਸ਼ਵ ਪੱਧਰ ਦੇ 12 ਗੋਲਡ, 4 ਸਿਲਵਰ ਤੇ 2 ਕਾਂਸੀ ਦੇ ਮੈਡਲ ਉਹਦੇ ਗਲ਼ ਦਾ ਹਰ ਬਣੇ। ਅੰਤਰਰਾਸ਼ਟਰੀ ਜੂਨੀਅਰ ਪੱਧਰ ਅਤੇ ਵਿਸ਼ਵ ਯੂਨੀਵਰਸਿਟੀ ਪੱਧਰ ਦੇ ਮੈਡਲ ਉਨ੍ਹਾਂ ਤੋਂ ਵੱਖ ਹਨ। ਆਪਣੇ ਖੇਡ ਕਰੀਅਰ ਦੇ ਅੰਤਰਰਾਸ਼ਟਰੀ ਅਥਲੈਟਿਕਸ ਮੁਕਾਬਲਿਆਂ ਵਿੱਚ ਉਹ 192 ਵਾਰ 2.30 ਮੀਟਰ ਤੋਂ ਉੱਚਾ ਕੁੱਦਿਆ, 80 ਵਾਰ 2.35 ਮੀਟਰ ਤੋਂ ਉੱਚਾ ਤੇ 21 ਵਾਰ 2.40 ਮੀਟਰ ਤੋਂ ਉੱਚਾ ਬਾਰ ਟੱਪਿਆ।
50ਵਿਆਂ ਦੀ ਉਮਰ ’ਚ ਜੇਵੀਅਰ ਜੋ ਹੁਣ ਕਿਊਬਾ ਦੀ ਅਥਲੈਟਿਕਸ ਫੈਡਰੇਸ਼ਨ ਦਾ ਅਹੁਦੇਦਾਰ ਹੈ। ਇੱਕ ਦਿਨ ਹਵਾਨਾ ਦੇ ਪਾਨ-ਅਮੈਰੀਕਨ ਸਟੇਡੀਅਮ ’ਚ ਬੈਠਾ ਸਰਸਰੀ ਕਹਿਣ ਲੱਗਾ, “ਰਿਕਾਰਡ ਕਿਸੇ ਨਾ ਕਿਸੇ ਦਿਨ ਤੋੜੇ ਜਾਣ ਲਈ ਹੀ ਰੱਖੇ ਜਾਂਦੇ ਹਨ ਜੋ ਟੁੱਟਦੇ ਵੀ ਰਹਿੰਦੇ ਹਨ। ਪਰ ਮੇਰਾ 2.45 ਮੀਟਰ ਦਾ ਵਿਸ਼ਵ ਰਿਕਾਰਡ 31 ਸਾਲ ਬੀਤਣ ’ਤੇ ਵੀ ਪਤਾ ਨਹੀਂ ਕਿਉਂ ਨ੍ਹੀਂ ਟੁੱਟ ਰਿਹਾ?’’ ਉਸ ਦੇ ਇਨਡੋਰ ਵਿਸ਼ਵ ਰਿਕਾਰਡ ਦੀ ਉਮਰ ਵੀ 35 ਸਾਲ ਦੀ ਹੋ ਗਈ ਹੈ ਤੇ ਉਹ ਰਿਕਾਰਡ ਵੀ ਅਜੇ ਤੱਕ ਨਹੀਂ ਟੁੱਟਾ। ਉਹ ਵਿਸ਼ਵ ਰਿਕਾਰਡ ਛਾਲ ਉਸ ਨੇ ਬੁਡਾਪੈੱਸਟ ਦੇ ਸਟੇਡੀਅਮ ਵਿੱਚ 1989 ’ਚ ਲਾਈ ਸੀ।
ਜੇਵੀਅਰ ਨੂੰ 35-36 ਸਾਲਾਂ ਤੋਂ ਹਾਈ ਜੰਪ ਦਾ ਕਿੰਗ ਕਿਹਾ ਜਾ ਰਿਹੈ। ਇਹ ਦੱਸਣਾ ਵੀ ਉਚਿਤ ਹੋਵੇਗਾ ਕਿ 2.40 ਮੀਟਰ ਤੋਂ ਉੱਪਰ ਤਾਂ ਕਈ ਹਾਈ ਜੰਪਰ ਕੁੱਦ ਚੁੱਕੇ ਹਨ ਪਰ 2.45 ਮੀਟਰ ਤੋਂ ਉੱਪਰ ਦਾ ਟੀਚਾ ਹਾਲੇ ਤੱਕ ਕੋਈ ਹੋਰ ਜੰਪਰ ਸਰ ਨਹੀਂ ਕਰ ਸਕਿਆ। ਸਵੀਡਨ ਦਾ ਪੈਟ੍ਰਿਕ ਸਜੋਬਰਗ ਇੱਕ ਵਾਰ 2.41 ਮੀਟਰ ਉੱਚੀ ਛਾਲ ਲਾ ਗਿਆ ਸੀ ਪਰ ਅਮਰੀਕਾ ਦਾ ਇਗੋਰ ਪਾਕਲਿਨ 2.40 ਮੀਟਰ ਹੀ ਕੁੱਦ ਸਕਿਆ। ਯੂਕਰੇਨ ਦਾ ਬੋਗਡਨ ਬੋਂਡਾਰੈਂਕੂ ਨਿਊਯਾਰਕ ਵਿਖੇ 2014 ਵਿੱਚ 2.42 ਮੀਟਰ ਉੱਚਾ ਕੁੱਦਿਆ ਜਦ ਕਿ ਕਤਰ ਦਾ ਮੁਤਾਜ਼ ਈਸਾ ਬਾਰਸ਼ਿਮ ਬ੍ਰਸਲਜ਼ ਵਿੱਚ 2.43 ਮੀਟਰ ਉੱਚੀ ਛਾਲ ਲਾ ਗਿਆ। ਮੁਕਾਬਲਾ ਇੱਕ-ਇੱਕ ਸੈਂਟੀਮੀਟਰ ਲਈ ਖਹਿ-ਖਹਿ ਕੇ ਹੋ ਰਿਹੈ ਤੇ ਕੋਈ ਪਤਾ ਨਹੀਂ ਜੇਵੀਅਰ ਦਾ ਵਿਸ਼ਵ ਰਿਕਾਰਡ ਕਿੱਦਣ ਟੁੱਟੇ?
ਜੇਵੀਅਰ ਦੀ ਪਤਨੀ ਦਾ ਨਾਂ ਅਮਾਇਆ ਗੋਂਜ਼ਾਲੇਜ਼ ਹੈ। ਉਨ੍ਹਾਂ ਦੇ ਚਾਰ ਪੁੱਤਰ ਹਨ। ਹੁਣ ਉਨ੍ਹਾਂ ਵਿੱਚੋਂ ਇੱਕ ਪੁੱਤਰ ਬਾਪ ਵਾਂਗ ਹੀ ਹਾਈ ਜੰਪ ਲਾਉਣ ਲੱਗ ਪਿਆ ਹੈ। ਬਾਪ ਨੇ ਆਪਣੇ ਪੁੱਤਰ ਜੈਕਸੀਅਰ ਨੂੰ ਆਪਣੇ ਹੀ ਪੁਰਾਣੇ ਕੋਚ ਜੋਜ਼ ਗੋਡੋਏ ਦੇ ਹਵਾਲੇ ਕਰ ਦਿੱਤਾ ਹੈ। ਉਸ ਦੇ ਪੁੱਤਰ ਨੇ 15 ਸਾਲ ਦੀ ਉਮਰ ਵਿੱਚ ਬਾਪ ਵਾਂਗ 1.99 ਮੀਟਰ ਉੱਚੀ ਛਾਲ ਲਾ ਦਿੱਤੀ ਹੈ। ਉੱਚੀ ਛਾਲ ਦੇ ਦਰਸ਼ਕਾਂ ਨੂੰ ਉਸ ਤੋਂ ਬੜੀਆਂ ਵੱਡੀਆਂ ਆਸਾਂ ਹਨ। ਸੰਭਵ ਹੈ ਉਹ ਹੀ ਆਪਣੇ ਬਾਪ ਦੇ ਰਿਕਾਰਡ ਨੂੰ ਪੈ ਜਾਵੇ!
ਜੇਵੀਅਰ ਦਾ ਕਹਿਣਾ ਹੈ ਕਿ ਉਸ ਨੂੰ ਖ਼ੁਸ਼ੀ ਹੈ ਕਿ ਉਹ ਅਜੇ ਵੀ ਵਿਸ਼ਵ ਰਿਕਾਡਧਾਰੀ ਹੈ। ਉਹ ਉਡੀਕ ’ਚ ਹੈ ਕਿ ਵੇਖਾਂ ਮੇਰਾ ਰਿਕਾਰਡ ਕੌਣ ਤੌੜਦੇ? ਉਸ ਦੇ ਬੇਸ਼ੁਮਾਰ ਪ੍ਰਸ਼ੰਸਕ ਹਨ ਜੋ ਉਹਤੋਂ ਬਲਿਹਾਰੇ ਜਾਂਦੇ ਹਨ। ਉਸ ਦੀ ਛਾਲ ਲਾਉਣ ਦੀ ਤਕਨੀਕ ਨੂੰ ‘ਪੀਸ ਆਫ ਆਰਟ’ ਯਾਨੀ ਕਲਾ ਦਾ ਨਮੂਨਾ ਕਿਹਾ ਜਾਂਦਾ ਹੈ। ਉਸ ਤੋਂ ਉੱਚੀ ਛਾਲ ਲੁਆਉਣ ਦਾ ਪਹਿਲਾ ਉਸਤਾਦ ਕਾਰਮੇਲੋ ਬੈਨੀਟੇਜ਼ ਸੀ। ਫਿਰ ਉਸ ਦਾ ਟ੍ਰੇਨਰ ਜੋਜ਼ੇ ਗਡੋਏ ਬਣਿਆ ਤੇ ਅਖ਼ੀਰ ਵਿੱਚ ਗੁਲਰਮੋ ਡੇ ਲਾਅ ਟੋਰੇ। 15 ਸਾਲ ਦੀ ਉਮਰ ਵਿੱਚ ਉਹ 2 ਮੀਟਰ ਉੱਚੀ ਬਾਰ ਟੱਪਣ ਲੱਗ ਪਿਆ ਸੀ। 16ਵੇਂ ਸਾਲ ’ਚ ਤਾਂ ਉਸ ਨੇ ਹੱਦ ਹੀ ਤੋੜ ਦਿੱਤੀ। ਇੱਕ ਮੀਟ ’ਚ ਉਹ 2.33 ਮੀਟਰ ਛਾਲ ਲਾ ਕੇ ਕੁਲ ਦੁਨੀਆ ਦੇ ਹਾਈ ਜੰਪਰਾਂ ਤੇ ਦਰਸ਼ਕਾਂ ਦੀਆਂ ਨਜ਼ਰਾਂ ਦਾ ਕੇਂਦਰ ਬਣ ਗਿਆ। ਉਸ ਨੂੰ 1990ਵਿਆਂ ਦਾ ਸਭ ਤੋਂ ਤਕੜਾ ਹਾਈ ਜੰਪਰ ਕਿਹਾ ਜਾਂਦਾ ਰਿਹੈ। ਕਦੇ ਅੱਠ ਫੁੱਟ ਉੱਚਾ ਕੁੱਦਣਾ ਅਸੰਭਵ ਸਮਝਿਆ ਜਾਂਦਾ ਸੀ ਜੋ ਜੇਵੀਅਰ ਨੇ ਸੰਭਵ ਬਣਾਇਆ। ਉਸ ਨੇ 1983 ਦੇ ਅੰਤ ਵਿੱਚ 2.15 ਮੀਟਰ, 19 ਮਈ 1984 ਨੂੰ 2.33 ਮੀਟਰ, 20 ਮਾਰਚ 1985 ਨੂੰ 2.34 ਮੀਟਰ ਤੇ 1986 ਵਿੱਚ 2.36 ਮੀਟਰ ਉੱਚੀ ਕੀਤੀ ਬਾਰ ਟੱਪੀ ਸੀ। ਪਹਿਲਾ ਵਿਸ਼ਵ ਰਿਕਾਰਡ 8 ਸਤੰਬਰ 1988 ਨੂੰ ਸਪੇਨ ਦੇ ਸ਼ਹਿਰ ਸਲਾਮਾਨਕਾ ਵਿੱਚ ਕਾਇਮ ਕੀਤਾ। ਅਗਲੇ ਸਾਲ 2.43 ਮੀਟਰ ਦਾ ਰਿਕਾਰਡ ਰੱਖਿਆ। 29 ਜੁਲਾਈ 1989 ਨੂੰ ਸੈਨ ਜੁਆਂ ਵਿਖੇ 2.44 ਮੀਟਰ ਉੱਚੀ ਛਾਲ ਲਾ ਕੇ ਵਿਸ਼ਵ ਰਿਕਾਰਡ ਹੋਰ ਉੱਚਾ ਕੀਤਾ। ਆਖ਼ਰ 1989 ਦਾ ਇਨਡੋਰ ਵਿਸ਼ਵ ਰਿਕਾਰਡ 2.43 ਮੀਟਰ ਤੇ 1993 ਦਾ ਆਊਟਡੋਰ ਵਿਸ਼ਵ ਰਿਕਾਰਡ 2.45 ਮੀਟਰ ਅੱਜ ਵੀ ਉਹਦੇ ਨਾਂ ਬੋਲਦੇ ਹਨ।
2001 ਵਿੱਚ ਰਿਟਾਇਰਮੈਂਟ ਵੇਲੇ ਵਿਸ਼ਵ ਦੇ ਸਿਖਰਲੇ 20 ਜੰਪਾਂ ’ਚੋਂ 17 ਜੰਪ ਉਹਦੇ ਨਾਂ ਸਨ। ਹੁਣ ਸਿਰਫ਼ 13 ਹਾਈ ਜੰਪਰ 2.40 ਮੀਟਰ ਜਾਂ ਵੱਧ ਕੁੱਦ ਸਕੇ ਹਨ। 2.44 ਮੀਟਰ ਦੋ ਵਾਰ ਕਲੀਅਰ ਕਰਨ ਵਾਲਾ ਕੇਵਲ ਜੇਵੀਅਰ ਹੀ ਹੈ ਜੋ 10 ਸਾਲ ਟੌਪ 10 ’ਚ ਗਿਣਿਆ ਜਾਂਦਾ ਰਿਹੈ।
ਉਸ ਨੇ ਸਪੇਨ ਦੇ ਸ਼ਹਿਰ ਸਲਾਮਕਾ ਵਿਖੇ 2.44 ਮੀਟਰ ਦਾ ਵਿਸ਼ਵ ਰਿਕਾਰਡ ਰੱਖਿਆ ਸੀ। ਸਲਾਮਕਾ ਵਿਖੇ ਹੀ ਉਸ ਨੇ 2.45 ਮੀਟਰ ਦੀ ਉਚਾਈ ਪਾਰ ਕੀਤੀ ਜੋ ਹਾਲੇ ਵੀ ਵਿਸ਼ਵ ਰਿਕਾਰਡ ਹੈ। ਇਹ ਦੱਸਣਾ ਯੋਗ ਹੋਵੇਗਾ ਕਿ 2.45 ਮੀਟਰ ਦੀ ਉਚਾਈ ਸੀਨੀਅਰਾਂ ਦੇ ਵਾਲੀਬਾਲ ਨੈੱਟ ਤੋਂ 2 ਸੈਂਟੀਮੀਟਰ ਉੱਚੀ ਹੁੰਦੀ ਹੈ ਅਤੇ ਫੁੱਟਬਾਲ ਦੇ ਗੋਲ ਤੋਂ 1 ਸੈਂਟੀਮੀਟਰ ਉੱਚੀ। ਜੇਵੀਅਰ ਦਾ ਛਾਲ ਲਾਉਣ ਦਾ ਸਟਾਈਲ ਕੁੱਦ ਕੇ ਪਹਿਲਾਂ ਸਿਰ ਲੰਘਾਉਣ ਅਤੇ ਪਿੱਛੋਂ ਧੜ ਤੇ ਲੱਤਾਂ ਲੰਘਾਉਣ ਦਾ ਹੈ। ਅਜਿਹੀ ਛਾਲ ਦੇ ਕੁੱਦਣ ਵੇਲੇ ਉਸ ਦੇ ਪੈਰ ਤੇ ਗਿੱਟੇ ’ਤੇ 5 ਕੁਇੰਟਲ ਜਿੰਨਾ ਵਜ਼ਨ ਪੈਂਦੈ! ਉਸ ਦੇ ਇਸ ਸਟਾਈਲ ਨੂੰ ‘ਉੱਚ ਦਰਜੇ ਦੀ ਕਲਾਕਾਰੀ’ ਦਾ ਖ਼ਿਤਾਬ ਦਿੱਤਾ ਗਿਆ।
1984 ਦੀਆਂ ਓਲੰਪਿਕ ਖੇਡਾਂ ਜੋ ਲਾਸ ਏਂਜਲਸ ਵਿੱਚ ਹੋਈਆਂ ਸਨ, ਉਨ੍ਹਾਂ ਵਿੱਚੋਂ ਜੇਵੀਅਰ ਸਹਿਜੇ ਹੀ ਗੋਲਡ ਮੈਡਲ ਜਿੱਤ ਸਕਦਾ ਸੀ ਪਰ ਸੋਵੀਅਤ ਗੁੱਟ ਦੇ ਬਾਈਕਾਟ ਕਾਰਨ ਕਿਊਬਾ ਨੇ ਉਨ੍ਹਾਂ ਵਿੱਚ ਭਾਗ ਨਹੀਂ ਸੀ ਲਿਆ। 1980 ਵਿੱਚ ਮਾਸਕੋ ਦੀਆਂ ਓਲੰਪਿਕ ਖੇਡਾਂ ਦਾ ਅਮਰੀਕਾ ਦੇ ਗੁੱਟ ਨੇ ਬਾਈਕਾਟ ਕੀਤਾ ਸੀ। 1988 ਦੀਆਂ ਓਲੰਪਿਕ ਖੇਡਾਂ ਜੋ ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ਵਿੱਚ ਹੋਈਆਂ, ਉਨ੍ਹਾਂ ਵਿੱਚ ਵੀ ਕਿਊਬਾ ਨੇ ਭਾਗ ਨਹੀਂ ਸੀ ਲਿਆ ਜਿਸ ਨਾਲ ਜੇਵੀਅਰ ਦਾ ਦੂਜਾ ਸੰਭਾਵਿਤ ਗੋਲਡ ਮੈਡਲ ਜਿੱਤਣਾ ਮਿੱਸ ਹੋ ਗਿਆ। 1992 ਦੀਆਂ ਓਲੰਪਿਕ ਖੇਡਾਂ ਜੋ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਹੋਈਆਂ ਉਨ੍ਹਾਂ ’ਚ ਜੇਵੀਅਰ ਪਹਿਲੀ ਵਾਰ ਭਾਗ ਲੈ ਸਕਿਆ। ਉੱਥੇ ਉਸ ਨੇ ਪਹਿਲਾ ਓਲੰਪਿਕ ਗੋਲਡ ਮੈਡਲ ਜਿੱਤਿਆ। 1996 ਦੀਆਂ ਓਲੰਪਿਕ ਖੇਡਾਂ ਜੋ ਅਮਰੀਕਾ ਦੇ ਸ਼ਹਿਰ ਐਟਲਾਂਟਾ ਵਿੱਚ ਹੋਈਆਂ ਉਦੋਂ ਉਹ ਜ਼ਖਮੀ ਸੀ। 2000 ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਉਸ ਨੂੰ ਡੋਪ ਟੈੱਸਟ ਵਿੱਚ ਉਲਝਾ ਲਿਆ ਗਿਆ ਸੀ ਜਿਸ ਦੀ ਆਲੋਚਨਾ ਕਿਊਬਾ ਦੇ ਲੀਡਰ ਫੀਦਲ ਕਾਸਟਰੋ ਨੇ ਵੀ ਕੀਤੀ ਸੀ। 2000 ਦੀਆਂ ਓਲੰਪਿਕ ਖੇਡਾਂ ਜੋ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਹੋਈਆਂ ਸਨ ਉਦੋਂ ਜੇਵੀਅਰ ਦੀ ਉਮਰ 33 ਸਾਲਾਂ ਦੀ ਹੋ ਗਈ ਸੀ। ਉਦੋਂ ਉਸ ਦੇ ਖੇਡ ਕਰੀਅਰ ਦਾ ਲਗਭਗ ਅੰਤ ਹੀ ਸੀ ਤੇ ਸਿਡਨੀ ਤੋਂ ਉਹ ਸਿਲਵਰ ਮੈਡਲ ਹੀ ਜਿੱਤ ਸਕਿਆ। 2001 ਵਿੱਚ ਉਹ ਆਪਣੇ ਖੇਡ ਕਰੀਅਰ ਤੋਂ ਰਿਟਾਇਰ ਹੋ ਗਿਆ।
1983 ਵਿੱਚ ਉਹ 2.33 ਮੀਟਰ ਉੱਚੀਆਂ ਛਾਲਾਂ ਲਾ ਰਿਹਾ ਸੀ ਤੇ 1988 ਵਿੱਚ 2.43 ਮੀਟਰ ਉੱਚੀ ਛਾਲ ਨਾਲ ਨਵਾਂ ਵਿਸ਼ਵ ਰਿਕਾਰਡ ਰੱਖ ਚੁੱਕਾ ਸੀ। ਜੇਕਰ 1984 ਤੇ 1988 ਦੀਆਂ ਓਲੰਪਿਕ ਖੇਡਾਂ ’ਚ ਸ਼ਾਮਲ ਹੋਇਆ ਹੁੰਦਾ ਤਾਂ ਉਹ ਦੋ ਓਲੰਪਿਕ ਮੈਡਲ ਹੋਰ ਜਿੱਤ ਸਕਦਾ ਸੀ। 1993 ਤੇ 1997 ਦੀਆਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਵਿੱਚੋਂ ਉਸ ਨੇ ਗੋਲਡ ਮੈਡਲ ਜਿੱਤੇ ਸਨ। ਵਿੱਚੋਂ ਗੋਡੇ ਦੀ ਸੱਟ ਕਾਰਨ ਉਹ ਕੁਝ ਸਮਾਂ ਮੁਕਾਬਲਿਆਂ ਤੋਂ ਲਾਂਭੇ ਵੀ ਰਿਹਾ ਸੀ। 1999 ਵਿੱਚ ਉਸ ’ਤੇ ਵਰਜਿਤ ਡਰੱਗ ਕੋਕੀਨ ਦੀ ਡੋਪਿੰਗ ਦਾ ਦੋਸ਼ ਵੀ ਲੱਗਾ ਸੀ ਤੇ ਉਸ ਨੂੰ ਦੋ ਸਾਲ ਲਈ ਬੈਨ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਬੈਨ ਇੱਕ ਸਾਲ ਦਾ ਕਰ ਦਿੱਤਾ ਗਿਆ ਸੀ। ਸਿਡਨੀ ਦੀਆਂ ਓਲੰਪਿਕ ਖੇਡਾਂ ਲਈ ਉਹ ਕੇਵਲ ਤਿੰਨ ਮਹੀਨੇ ਹੀ ਤਿਆਰੀ ਕਰ ਸਕਿਆ ਸੀ ਜਿਸ ਕਰਕੇ ਗੋਲਡ ਮੈਡਲ ਦੀ ਥਾਂ ਸਿਲਵਰ ਮੈਡਲ ਹੀ ਉਹਦੇ ਹੱਥ ਆਇਆ ਸੀ। ਉਸ ਨੂੰ ਕਿਊਬਾ ਦੇ ਲੋਕ ਆਪਣਾ ਹੀਰੋ ਸਮਝਦੇ ਹਨ ਤੇ ਘਰਾਂ ਦੀਆਂ ਕੰਧਾਂ ’ਤੇ 2.45 ਮੀਟਰ ਦੇ ਮਾਰਕ ਲੱਗੇ ਦਿਸਦੇ ਹਨ।
1993 ਵਿੱਚ ਨਵਾਂ ਵਿਸ਼ਵ ਰਿਕਾਰਡ ਰੱਖਣ ਵੇਲੇ ਉਸ ਨੂੰ ਮਰਸਡੀਜ਼ ਸੀ-180 ਦਾ ਤੋਹਫ਼ਾ ਮਿਲਿਆ ਸੀ ਜੋ ਬਾਅਦ ਵਿੱਚ ਪਲੇਟ ਨੰਬਰ 245 ਬਣ ਗਿਆ। ਜਿਵੇਂ ਕਿਊਬਾ ਦੇ ਲੀਡਰ ਫੀਦਲ ਕਾਸਟਰੋ ਨੂੰ ਜੱਗ ਜਾਣਦੈ ਉਵੇਂ ਉੱਥੋਂ ਦੇ ਹਾਈ ਜੰਪਰ ਜੇਵੀਅਰ ਨੂੰ ਸਾਰਾ ਖੇਡ ਜਗਤ ਜਾਣਦੈ।
ਈ-ਮੇਲ: principalsarwansingh@gmail.com

Advertisement
Author Image

joginder kumar

View all posts

Advertisement
Advertisement
×