For the best experience, open
https://m.punjabitribuneonline.com
on your mobile browser.
Advertisement

ਜੌੜਾਮਾਜਰਾ ਨੇ ਵਿਦੇਸ਼ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਿਨਾਂ ਕੀਤਾ ਕੈਨੇਡਾ ਦਾ ਦੌਰਾ

08:35 AM Aug 05, 2024 IST
ਜੌੜਾਮਾਜਰਾ ਨੇ ਵਿਦੇਸ਼ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਿਨਾਂ ਕੀਤਾ ਕੈਨੇਡਾ ਦਾ ਦੌਰਾ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 4 ਅਗਸਤ
ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਪਣਾ ਕੈਨੇਡਾ ਦੌਰਾ ਕੇਂਦਰੀ ਵਿਦੇਸ਼ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਮੁਕੰਮਲ ਕਰ ਲਿਆ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਕੈਬਨਿਟ ਮੰਤਰੀ ਜੌੜਾਮਾਜਰਾ ਨੇ ਰਾਜਸੀ ਪ੍ਰਵਾਨਗੀ ਮੰਗੀ ਸੀ ਪ੍ਰੰਤੂ ਕੇਂਦਰੀ ਮੰਤਰਾਲੇ ਇਹ ਪ੍ਰਵਾਨਗੀ ਠੁਕਰਾ ਦਿੱਤੀ ਸੀ। ਕੇਂਦਰੀ ਵਿਦੇਸ਼ ਮੰਤਰਾਲੇ ਨੇ 2 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪੈਰਿਸ ਦੌਰੇ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਅਮਰੀਕਾ ਦੌਰੇ ਨੂੰ ਸਿਆਸੀ ਪ੍ਰਵਾਨਗੀ ਨਹੀਂ ਦਿੱਤੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਵਿਦੇਸ਼ ਮੰਤਰਾਲੇ ਨੇ ਕੈਬਨਿਟ ਮੰਤਰੀ ਜੌੜਾਮਾਜਰਾ ਨੂੰ ਸਿਆਸੀ ਪ੍ਰਵਾਨਗੀ ਨਾ ਦੇਣ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਸੀ। ਹੁਣ ਦੇਖਣਾ ਹੋਵੇਗਾ ਕਿ ਕੇਂਦਰੀ ਤੋਂ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਜੌੜਾਮਾਜਰਾ ਦਾ ਕੈਨੇਡਾ ਚਲੇ ਜਾਣ ਨੂੰ ਲੈ ਕੇ ਕੇਂਦਰੀ ਵਿਦੇਸ਼ ਮੰਤਰਾਲਾ ਕੀ ਕਦਮ ਚੁੱਕਦਾ ਹੈ। ਜਲ ਸਰੋਤ ਮੰਤਰੀ ਕੈਨੇਡਾ ਦੇ ਕਈ ਸ਼ਹਿਰਾਂ ਦਾ ਦੌਰਾ ਕਰ ਕੇ ਆਏ ਹਨ। ਹਾਲ ਹੀ ਵਿੱਚ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਸਵਿਟਜ਼ਰਲੈਂਡ ਦਾ ਦੌਰਾ ਕਰ ਕੇ ਆਈ ਹੈ। ਇਸ ਤੋਂ ਪਹਿਲਾਂ ਸ਼ੁਰੂਆਤ ਸਮੇਂ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੀ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪ੍ਰਵਾਨਗੀ ਨਹੀਂ ਦਿੱਤੀ ਸੀ ਜੋ ਕਿ ਜਰਮਨੀ ਅਤੇ ਬੈਲਜੀਅਮ ਆਦਿ ਮੁਲਕਾਂ ਵਿੱਚ ਜਾਣਾ ਚਾਹੁੰਦੇ ਸਨ। ਇੱਕ ਸੀਨੀਅਰ ਅਧਿਕਾਰੀ ਨੇ ਜੌੜਾਮਾਜਰਾ ਦੇ ਕੈਨੇਡਾ ਦੌਰੇ ਦੀ ਰਾਜਸੀ ਪ੍ਰਵਾਨਗੀ ਨਾ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ। ਅਕਾਲੀ ਹਕੂਮਤ ਸਮੇਂ ਤਤਕਾਲੀ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਨਿਰਮਲ ਸਿੰਘ ਕਾਹਲੋਂ ਵੀ ਵਿਦੇਸ਼ ਦੌਰੇ ਕਰਦੇ ਰਹੇ ਹਨ। ਕੇਂਦਰ ਸਰਕਾਰ ਦੀ ਹੁਣ ਰਾਜਸੀ ਪ੍ਰਵਾਨਗੀ ਨਾ ਦੇਣ ਪਿਛੇ ਸਿਆਸੀ ਮਨਸ਼ਾ ਹੀ ਹੋ ਸਕਦੀ ਹੈ। ਹਾਲਾਂਕਿ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੈਨੇਡਾ ਦਾ ਦੌਰਾ ਕਰਕੇ ਆਏ ਸਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਜਰਮਨੀ ਦਾ ਦੌਰਾ ਕੀਤਾ ਹੈ। ਉਨ੍ਹਾਂ ਨੂੰ ਕੇਂਦਰ ਨੇ ਪ੍ਰਵਾਨਗੀ ਦੇਣ ਤੋਂ ਇਨਕਾਰ ਨਹੀਂ ਕੀਤਾ ਸੀ।

Advertisement

ਮੈਨੂੰ ਜਾਣਕਾਰੀ ਨਹੀਂ ਹੈ: ਜੌੜਾਮਾਜਰਾ

ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕੈਨੇਡਾ ਦਾ ਪਰਿਵਾਰਕ ਦੌਰਾ ਸੀ ਅਤੇ ਉਹ ਕੈਨੇਡਾ ਆਪਣੇ ਬੱਚਿਆਂ ਨੂੰ ਮਿਲਣ ਗਏ ਸਨ। ਉਨ੍ਹਾਂ ਕਿਹਾ ਇਹ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਨੇ ਰਾਜਸੀ ਪ੍ਰਵਾਨਗੀ ਨਹੀਂ ਦਿੱਤੀ। ਉਨ੍ਹਾਂ 29 ਜੁਲਾਈ ਨੂੰ ਵਾਪਸ ਭਾਰਤ ਹੋਣ ਦੀ ਗੱਲ ਵੀ ਆਖੀ।

Advertisement

ਭਗਵੰਤ ਮਾਨ ਨੂੰ ਸਿਆਸੀ ਪ੍ਰਵਾਨਗੀ ਨਾ ਦੇ ਕੇ ਕੇਂਦਰ ਨਿਸ਼ਾਨੇ ’ਤੇ ਆਇਆ

ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਸੀ ਪ੍ਰਵਾਨਗੀ ਨਾ ਦਿੱਤੇ ਜਾਣ ਸਿਆਸੀ ਹਲਕਿਆਂ ਵਿਚ ਕੇਂਦਰ ਨਿਸ਼ਾਨੇ ’ਤੇ ਆ ਗਿਆ ਹੈ। ਸਿਆਸੀ ਹਲਕੇ ਆਖਦੇ ਹਨ ਕਿ ਸਹਿਕਾਰੀ ਸੰਘਵਾਦ ਦੀ ਮੂਲ ਭਾਵਨਾ ਨੂੰ ਕੇਂਦਰ ਨੇ ਟਿੱਚ ਕਰ ਕੇ ਜਾਣਿਆ ਹੈ ਅਤੇ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਨਾਅਰੇ ਤੋਂ ਵੀ ਫੋਕਾ ਨਿਕਲਿਆ ਹੈ। ਪਹਿਲੀ ਵਾਰ ਹੈ ਕਿ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੂੰ ਰਾਜਸੀ ਪ੍ਰਵਾਨਗੀ ਤੋਂ ਇਨਕਾਰ ਕੀਤਾ ਗਿਆ ਹੈ।

Advertisement
Author Image

Advertisement