For the best experience, open
https://m.punjabitribuneonline.com
on your mobile browser.
Advertisement

ਜੌੜਾਮਾਜਰਾ ਨੇ ਘੱਗਰ ਬੰਨ੍ਹ ਮਜ਼ਬੂਤ ਕਰਨ ਦੇ ਕੰਮ ਦਾ ਜਾਇਜ਼ਾ ਲਿਆ

07:04 AM Jun 23, 2024 IST
ਜੌੜਾਮਾਜਰਾ ਨੇ ਘੱਗਰ ਬੰਨ੍ਹ ਮਜ਼ਬੂਤ ਕਰਨ ਦੇ ਕੰਮ ਦਾ ਜਾਇਜ਼ਾ ਲਿਆ
ਬੰਨ੍ਹ ਦਾ ਜਾਇਜ਼ਾ ਲੈਂਦੇ ਹੋਏ ਚੇਤਨ ਸਿੰਘ ਜੌੜੇਮਾਜਰਾ ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ। -ਫੋਟੋ: ਰੂਬਲ
Advertisement

ਹਰਜੀਤ ਸਿੰਘ/ਸਰਬਜੀਤ ਸਿੰਘ ਭੱਟੀ
ਡੇਰਾਬੱਸੀ/ਲਾਲੜੂ, 22 ਜੂਨ
ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਮੌਨਸੂਨ ਦੀ ਸ਼ੁਰੂਆਤ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਘੱਗਰ ਦੇ ਟਿਵਾਣਾ ਬੰਨ੍ਹ ਦੇ ਚੱਲ ਰਹੇ ਮਜ਼ਬੂਤੀ ਦੇ ਕੰਮ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਘੱਗਰ ਦੇ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਟਿਵਾਣਾ, ਅਮਲਾਲਾ, ਖਜੂਰ ਮੰਡੀ ਅਤੇ ਆਲਮਗੀਰ ਦਾ ਦੌਰਾ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੌਨਸੂਨ ਤੋਂ ਅਗਾਊਂ ਪ੍ਰਬੰਧਾਂ ਲਈ ਵਚਨਬੱਧ ਹੈ ਜਿਸ ਤਹਿਤ ਸੂਬੇ ਭਰ ਵਿੱਚ ਜਲ ਸਰੋਤਾਂ ਦੀ ਮਜ਼ਬੂਤੀ ਅਤੇ ਸਫ਼ਾਈ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ, ‘‘ਟਿਵਾਣਾ, ਆਲਮਗੀਰ ਖੇਤਰ ਵਿੱਚ ਘੱਗਰ ਦੇ ਨਾਲ 2900 ਫੁੱਟ ਲੰਬਾ ਬੰਨ੍ਹ ਲਗਾਉਣ, ਮਜ਼ਬੂਤ ਕਰਨ ਅਤੇ ਮੁਰੰਮਤ ਦੇ ਕੰਮਾਂ ਲਈ ਲਗਪਗ 9 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ ਜਿਸ ’ਚੋਂ 2400 ਫੁੱਟ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਘੱਗਰ ਦੇ ਬੰਨ੍ਹ ਦੇ ਨਾਲ ਵਸੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਦੇਣ ਲਈ ਬਾਕੀ ਦੇ 500 ਫੁੱਟ ਦਾ ਕੰਮ ਵੀ ਜੰਗੀ ਪੱਧਰ ’ਤੇ ਮੁਕੰਮਲ ਕੀਤਾ ਜਾਵੇਗਾ।’’ ਇਲਾਕਾ ਨਿਵਾਸੀਆਂ ਵੱਲੋਂ ਇਸ ਕੰਮ ਲਈ ਪੋਕਲੇਨ ਮਸ਼ੀਨ ਦੀ ਮੰਗ ਕਰਨ ’ਤੇ ਜਲ ਸਰੋਤ ਮੰਤਰੀ ਨੇ ਮੌਕੇ ’ਤੇ ਮੌਜੂਦ ਜਲ ਸਰੋਤ ਇੰਜਨੀਅਰਾਂ ਨੂੰ ਤੁਰੰਤ ਇਸ ਦੀ ਮਜ਼ਬੂਤੀ ਦੇ ਕੰਮ ਤੇਜ਼ ਕਰਨ ਲਈ ਲੋੜੀਂਦੀ ਮਸ਼ੀਨਰੀ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ।
ਵਿਧਾਇਕ ਕੁਲਜੀਤ ਸਿੰਘ ਨੇ ਜਲ ਸਰੋਤ ਮੰਤਰੀ ਨੂੰ ਪਿਛਲੇ ਸਾਲ ਦੇ ਹੜ੍ਹਾਂ ਦੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਇਲਾਕੇ ਨੂੰ ਪਟਿਆਲਾ ਰੋਡ ਨਾਲ ਜੋੜਨ ਵਾਲੇ ਅਮਲਾਲਾ ਪੁਲ ਦੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਜੌੜਾਮਾਜਰਾ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਟਰੱਕ ਯੂਨੀਅਨ ਡੇਰਾਬੱਸੀ ਨੇੜੇ ਮੁਬਾਰਕਪੁਰ ਕਾਜ਼ਵੇਅ ਦੇ ਚੱਲ ਰਹੇ ਕੰਮ ਦਾ ਵੀ ਦੌਰਾ ਕੀਤਾ।

Advertisement

Advertisement
Author Image

Advertisement
Advertisement
×