For the best experience, open
https://m.punjabitribuneonline.com
on your mobile browser.
Advertisement

ਜੌੜਾਮਾਜਰਾ ਨੇ ਆਜ਼ਾਦੀ ਘੁਲਾਟੀਆਂ ਨੂੰ ਮਿਲਣ ਦੀ ਮੁਹਿੰਮ ਵਿੱਢੀ

07:14 AM Aug 10, 2023 IST
ਜੌੜਾਮਾਜਰਾ ਨੇ ਆਜ਼ਾਦੀ ਘੁਲਾਟੀਆਂ ਨੂੰ ਮਿਲਣ ਦੀ ਮੁਹਿੰਮ ਵਿੱਢੀ
ਪਟਿਆਲਾ ਜ਼ਿਲ੍ਹੇ ਦੇ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰਦੇ ਹੋਏ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ। -ਫੋਟੋ: ਰਾਜੇਸ਼ ਸੱਚਰ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਗਸਤ
ਪੰਜਾਬ ਦੇ ਸੁਤੰਤਰਤਾ ਸੈਨਾਨੀਆਂ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਨਾਇਕਾਂ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਪਟਿਆਲਾ ਜ਼ਿਲ੍ਹੇ ’ਚੋਂ ਵਿਸ਼ੇਸ਼ ਮੁਹਿੰਮ ਵਿੱਢੀ ਹੈ। ਜਾਣਕਾਰੀ ਅਨੁਸਾਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨੇ ਸਨੌਰ ਨੇੜਲੇ ਪਿੰਡ ਆਲਮਪੁਰ ’ਚ ਆਜ਼ਾਦੀ ਘੁਲਾਟੀਏ ਹਰਜੰਤ ਸਿੰਘ ਤੇ ਗੁਰਚਰਨ ਸਿੰਘ ਸਮੇਤ ਜ਼ਿਲ੍ਹੇ ਦੇ ਆਜ਼ਾਦੀ ਘੁਲਾਟੀਏ ਤਾਰਾ ਸਿੰਘ ਅਤੇ ਕਸ਼ਮੀਰ ਸਿੰਘ ਪਿੰਡ ਸ਼ੰਭੂ ਕਲਾਂ, ਸੇਵਾ ਸਿੰਘ ਅਤੇ ਕਸ਼ਮੀਰ ਸਿੰਘ ਪਿੰਡ ਸੂਹਰੋਂ, ਚਰਨ ਸਿੰਘ ਪਿੰਡ ਸ਼ਾਹਪੁਰ ਰਾਈਆਂ ਸਮੇਤ ਕਰਨੈਲ ਸਿੰਘ ਅਤੇ ਅਵਤਾਰ ਸਿੰਘ ਵਾਸੀ ਰਾਜਪੁਰਾ ਨਾਲ ਵੀ ਮੁਲਾਕਾਤ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। ਇਸ ਫੇਰੀ ਮੌਕੇ ਉਨ੍ਹਾਂ ਨਾਲ ਰਾਜਪੁਰਾ ਤੇ ਘਨੌਰ ਦੇ ਵਿਧਾਇਕਾ ਨੀਨਾ ਮਿੱਤਲ ਤੇ ਗੁਰਲਾਲ ਘਨੌਰ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਸਿਦਕ ਅਤੇ ਜਜ਼ਬੇ ਪ੍ਰਤੀ ਡੂੰਘੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਪੰਜਾਬ ਲਈ ਮਾਣ ਦਾ ਸਬੱਬ ਹਨ। ਮੰਤਰੀ ਨੇ ਕਿਹਾ ਕਿ ਭਾਵੇਂ ਕਿ ਕੋਈ ਵੀ ਸਤਿਕਾਰ ਇਨ੍ਹਾਂ ਸੂਰਿਆਂ ਦੀਆਂ ਕੁਰਬਾਨੀਆਂ ਦੇ ਤੁਲ ਨਹੀਂ ਪਰ ਪੰਜਾਬ ਸਰਕਾਰ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਵਚਨਬੱਧ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੀ ਅਗਸਤ ਤੋਂ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 9400 ਤੋਂ ਵਧਾ ਕੇ 11000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਪੈਨਸ਼ਨ ’ਚ ਵਾਧੇ ਦਾ 545 ਲਾਭਪਾਤਰੀਆਂ ਨੂੰ ਸਿੱਧੇ ਤੌਰ ’ਤੇ ਲਾਭ ਹੋਵੇਗਾ।

Advertisement

ਅਜ਼ਾਦੀ ਘੁਲਾਟੀਏ ਦੀ ਯਾਦ ’ਚ ਬੂਟੇ ਲਾਏ

ਭਵਾਨੀਗੜ੍ਹ: ਇੱਥੋਂ ਨੇੜਲੇ ਸਰਕਾਰੀ ਐਲੀਮੈਂਟਰੀ ਸਕੂਲ ਨਕਟੇ ਵਿੱਚ ਆਜ਼ਾਦੀ ਘੁਲਾਟੀਏ ਹੁਕਮ ਸਿੰਘ ਦੇ ਪੁੱਤਰ ਸੋਹਣ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਵਿਕਰਮ ਸਿੰਘ ਨਕਟੇ ਨੇ ਦੱਸਿਆ ਕਿ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀਆਂ ਸਦਕਾ ਦੇਸ਼ ਅਜ਼ਾਦ ਹੋਇਆ ਹੈ ਪਰ ਅਜੇ ਵੀ ਆਰਥਿਕ ਆਜ਼ਾਦੀ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਸਮੂਹਿਕ ਹਿੱਤਾਂ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਅਜ਼ਾਦੀ ਘੁਲਾਟੀਆਂ ਦੀ ਯਾਦ ਵਿੱਚ 100 ਬੂਟੇ ਲਗਾਏ ਗਏ। ਇਸ ਮੌਕੇ ਅਧਿਕਾਰਤ ਪੰਚ ਸਰਬਜੀਤ ਕੋਰ, ਪੰਚ ਨਰਿੰਦਰ ਕੌਰ, ਪੰਚ ਸਤਪਾਲ ਸਿੰਘ, ਪੰਚ ਭਜਨ ਸਿੰਘ, ਗੁਰਪ੍ਰੀਤ ਦਿਉਲ,ਅਧਿਆਪਕ ਅਵਤਾਰ ਸਿੰਘ, ਕਮਲਜੀਤ ਸਿੰਘ ਸਮੇਤ ਸਮੂਹ ਸਟਾਫ ਤੇ ਨਗਰ ਪੰਚਾਇਤ ਹਾਜ਼ਰ ਸੀ। -ਪੱਤਰ ਪ੍ਰੇਰਕ

Advertisement

‘ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ’ ਮੌਕੇ ਸਰਦੂਲ ਸਿੰਘ ਦਾ ਸਨਮਾਨ

ਸੰਦੌੜ (ਪੱਤਰ ਪ੍ਰੇਰਕ): ਉਪ ਮੰਡਲ ਮੈਜਿਸਟ੍ਰੇਟ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਨੇ ਪਿੰਡ ਸੰਦੌੜ ਵਿੱਚ ਕੇਂਦਰੀ ਸੁਤੰਤਰਤਾ ਸੰਗਰਾਮੀ ਪੈਨਸ਼ਨ ਪ੍ਰਾਪਤ ਕਰਨ ਵਾਲੇ 113 ਸਾਲਾ ਸੁਤੰਤਰਤਾ ਸੈਨਾਨੀ ਸਰਦੂਲ ਸਿੰਘ ਪੁੱਤਰ ਹਰਨਾਮ ਸਿੰਘ ਨੂੰ ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਡ ਮੌਕੇ ਉਨ੍ਹਾਂ ਦੇ ਰਿਹਾਇਸ਼ ’ਤੇ ਜਾ ਕੇ ਸਨਮਾਨਿਆ। ਉਨ੍ਹਾਂ ਸਮੁੱਚੇ ਪਰਿਵਾਰ ਨੂੰ ਭਰੋਸਾ ਦਵਾਇਆ ਕਿ ਜ਼ਿਲ੍ਹਾ ਪ੍ਰਸਾਸ਼ਨ ਹਰ ਸਮੇਂ ਸੁਤੰਤਰਤਾ ਸੈਨਾਨੀਆਂ ਦੀਆਂ ਦੁੱਖ ਤਕਲੀਫ ਦੂਰ ਕਰਨ ਲਈ ਵਚਨਬੱਧ ਹੈ। ਸੁਰਜੀਤ ਸਿੰਘ ਅਨੁਸਾਰ ਬਾਬਾ ਸਰਦੂਲ ਸਿੰਘ ਨੇ ਆਜ਼ਾਦੀ ਦੀ ਲੜਾਈ ਮੌਕੇ ਸ਼ਹਿਜਾਨੰਦ ਸਰਸਵਤੀ ਦੀ ਅਗਵਾਈ ਹੇਠ ਆਲ ਇੰਡੀਆ ਕਿਸਾਨ ਲਹਿਰ ਵਿੱਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਫਿਰੋਜ਼ਪੁਰ ਅਤੇ ਲੁਧਿਆਣਾ ਵਿੱਚ ਆਜ਼ਾਦੀ ਦੀ ਲੜਾਈ ਮੌਕੇ ਜੇਲ੍ਹਾਂ ਵੀ ਕੱਟੀਆਂ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਜਗਰੂਪ ਸਿੰਘ ਸੰਦੌੜ, ਸਰਪੰਚ ਚਮਕੌਰ ਸਿੰਘ ਕੌਰਾ ਅਤੇ ਪੰਚ ਅਮਰਜੀਤ ਸਿੰਘ ਹਾਜ਼ਰ ਸਨ।

Advertisement
Author Image

joginder kumar

View all posts

Advertisement