‘ਜੱਟ ਐਂਡ ਜੂਲੀਅਟ 3’ ਨੇ ਹੁਣ ਤੱਕ 107.51 ਕਰੋੜ ਕਮਾਏ
ਮੁੰਬਈ:
ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਜੱਟ ਐਂਡ ਜੂਲੀਅਟ 3’ ਨੇ ਗਲੋਬਲ ਬਾਕਸ ਆਫਿਸ ’ਤੇ 100 ਕਰੋੜ ਰੁਪਏ ਦੀ ਕਮਾਈ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਫਿਲਮ ਵਿੱਚ ਦਿਲਜੀਤ ਨਾਲ ਸਹਿ-ਅਦਾਕਾਰਾ ਵਜੋਂ ਨੀਰੂ ਬਾਜਵਾ ਨੇ ਕੰਮ ਕੀਤਾ ਹੈ। ਫਿਲਮ ਨੇ ਚਾਰ ਹਫ਼ਤਿਆਂ ਦੌਰਾਨ ਦੁਨੀਆ ਭਰ ਵਿੱਚ 107.51 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ ਇਹ ਦੁਨੀਆ ਭਰ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ। ਦੇਸ਼ ਵਿੱਚ 32 ਦਿਨਾਂ ’ਚ ਫਿਲਮ ਤੋਂ ਹੋਣ ਵਾਲੀ ਕਮਾਈ 37.7 ਕਰੋੜ ਰੁਪਏ ਹੈ। ‘ਜੱਟ ਐਂਡ ਜੂਲੀਅਟ 3’ ਦੀ ਝੋਲੀ ਕਮਾਈ ਦਾ ਵੱਡਾ ਹਿੱਸਾ ਵਿਦੇਸ਼ਾਂ ’ਚੋਂ ਪਿਆ ਹੈ। ‘ਜੱਟ ਐਂਡ ਜੂਲੀਅਟ’ ਫਰੈਂਚਾਇਜ਼ੀ ਦੀਆਂ ਸਾਰੀਆਂ ਫਿਲਮਾਂ ਬਲਾਕਬਸਟਰ ਗਈਆਂ ਹਨ। ਫਿਲਮ ਦੇ ਤੀਜੇ ਭਾਗ ਨੂੰ ਜਗਦੀਪ ਸਿੱਧੂ ਨੇ ਲਿਖਿਆ ਹੈ ਅਤੇ ਇਹ ਫਿਲਮ ਉਸ ਦੇ ਨਿਰਦੇਸ਼ਨ ਹੇਠ ਹੀ ਬਣੀ ਹੈ। ਫਿਲਮ ਦੇ ਨਿਰਮਾਤਾ ਵ੍ਹਾਈਟ ਹਿੱਲ ਸਟੂਡੀਓਜ਼, ਸਪੀਡ ਰਿਕਾਰਡਜ਼ ਐਂਡ ਸਟੋਰੀਟਾਈਮ ਪ੍ਰੋਡਕਸ਼ਨਜ਼ ਹਨ। ਦੂਜੇ ਪਾਸੇ ਦਿਲਜੀਤ ਨੇ ਹਾਲ ਹੀ ਵਿੱਚ ‘ਮੁਹੰਮਦ ਅਲੀ’ ਟਰੈਕ ਲਈ ਰੈਪਰ ਐੈੱਨਐੱਲਈ ਚੋਪਾ ਨਾਲ ਮਿਲ ਕੇ ਕੰਮ ਕੀਤਾ ਹੈ। -ਆਈਏਐੱਨਐੱਸ