ਜਥੇਦਾਰ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਅਲਟੀਮੇਟਮ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਜੂਨ
ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਯੂਪੀ ਦੇ ਪੀਲੀਭੀਤ ਜ਼ਿਲ੍ਹੇ ’ਚ ਇੱਕ ਗ੍ਰੰਥੀ ਸਿੰਘ ਦੀ ਨਾਬਾਲਗ ਲੜਕੀ ਨੂੰ ਅਗਵਾ ਕਰ ਕੇ ਜਬਰ-ਜਨਾਹ ਕਰਨ ਵਾਲਿਆਂ ਸਾਰੇ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਸਬੰਧੀ ਦਿੱਤੇ ਗਏ ਇੱਕ ਹਫ਼ਤੇ ਦੇ ਅਲਟੀਮੇਟਮ ਦਾ ਪੂਰਾ ਸਮਰਥਨ ਕਰਦੀ ਹੈ ਅਤੇ ਲੋੜ ਪੈਣ ਉੱਤੇ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਸਖ਼ਤ ਫੈਸਲਾ ਵੀ ਲੈ ਸਕਦੀ ਹੈ। ਉਨ੍ਹਾਂ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਉਹ ਸਾਰੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਜਾਵੇ।
ਧਰਮ ਪ੍ਰਚਾਰ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਨੂੰ ਰਿਪੋਰਟ ਭੇਜੀ
ਸ਼੍ੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖ ਮਿਸ਼ਨ ਕਾਸ਼ੀਪੁਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੂੰ ਇਸ ਘਟਨਾ ਦੀ ਸਮੁੱਚੀ ਜਾਣਕਾਰੀ ਲੈਣ ਅਤੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਿਸ਼ਨ ਦੇ ਇੰਚਾਰਜ ਨੇ ਘਟਨਾ ਦੀ ਸਮੁੱਚੀ ਰਿਪੋਰਟ ਪ੍ਰਾਪਤ ਕਰ ਲਈ ਹੈ ਜੋ ਅਗਲੇਰੀ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਵਿਖੇ ਭੇਜ ਦਿੱਤੀ ਗਈ ਹੈ।