For the best experience, open
https://m.punjabitribuneonline.com
on your mobile browser.
Advertisement

ਜਥੇਦਾਰ ਟੌਹੜਾ ਸਭ ਤੋਂ ਵੱਧ ਸਮਾਂ ਰਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

08:48 AM Nov 09, 2023 IST
ਜਥੇਦਾਰ ਟੌਹੜਾ ਸਭ ਤੋਂ ਵੱਧ ਸਮਾਂ ਰਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ’ਤੇ ਸਭ ਤੋਂ ਵੱਧ 25 ਸਾਲਾਂ ਤੱਕ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਕਾਬਜ਼ ਰਹੇ ਹਨ। 6 ਜਨਵਰੀ 1973 ਤੋਂ 31 ਮਾਰਚ 2004 ਤੱਕ 31 ਸਾਲਾਂ ਦੇ ਅਰਸੇ ਦੌਰਾਨ ਉਹ ਵੱਖ-ਵੱਖ ਸਮਿਆਂ ’ਚ ਪ੍ਰਧਾਨ ਰਹੇ ਜਦਕਿ ਗੋਪਾਲ ਸਿੰਘ ਕੌਮੀ ਅਜਿਹੇ ਸ਼ਖ਼ਸ ਰਹੇ ਹਨ ਜੋ ਸਿਰਫ਼ ਇੱਕ ਦਿਨ (17 ਜੂਨ 1933 ਤੋਂ 18 ਜੂਨ 1933 ਤੱਕ) ਲਈ ਪ੍ਰਧਾਨ ਬਣੇ।
ਜਾਣਕਾਰੀ ਅਨੁਸਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ 1960 ’ਚ ਭਾਦਸੋਂ ਹਲਕੇ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ। ਉਪਰੰਤ ਉਹ 6 ਜਨਵਰੀ 1973 ਨੂੰ ਪਹਿਲੀ ਵਾਰ ਪ੍ਰਧਾਨ ਬਣੇ ਤੇ 23 ਮਾਰਚ 1986 ਤੱਕ 13 ਸਾਲ ਪ੍ਰਧਾਨ ਰਹੇ।
ਮਾਰਚ 1986 ਤੋਂ ਨਵੰਬਰ 1986 ਤੱਕ ਸੱਤ ਮਹੀਨੇ ਭਾਵੇਂ ਕਾਬਲ ਸਿੰਘ ਵੀ ਪ੍ਰਧਾਨ ਬਣੇ ਪਰ 30 ਨਵੰਬਰ 1986 ਨੂੰ ਟੌਹੜਾ ਮੁੜ ਪ੍ਰਧਾਨ ਚੁਣੇ ਗਏ ਤੇ 28 ਨਵੰਬਰ 1990 ਤੱਕ ਚਾਰ ਸਾਲ ਫਿਰ ਇਸ ਅਹੁਦੇ ’ਤੇ ਰਹੇ। ਇਸ ਮਗਰੋਂ ਬਲਦੇਵ ਸਿੰਘ ਸਬਿੀਆ ਪ੍ਰਧਾਨ ਰਹੇ ਪਰ ਨਵੰਬਰ 1991 ਤੋਂ ਅਕਤੂਬਰ 1996 ਤੱਕ ਪੰਜ ਸਾਲ ਫੇਰ ਇਹ ਵੱਕਾਰੀ ਅਹੁਦਾ ਸ੍ਰੀ ਟੌਹੜਾ ਦੇ ਹਿੱਸੇ ਆਇਆ। ਦੋ ਮਹੀਨੇ ਦੇ ਵਕਫੇ ਮਗਰੋਂ ਦਸੰਬਰ 1996 ’ਚ ਟੌਹੜਾ ਮੁੜ ਪ੍ਰਧਾਨ ਬਣੇ ਤੇ ਇਸ ਤੋਂ ਬਾਅਦ ਮਾਰਚ 1999 ਤੱਕ ਸਵਾ ਦੋ ਸਾਲ ਪ੍ਰਧਾਨ ਰਹੇ।
ਇਸ ਵਿਚਕਾਰ ਸ਼੍ਰੋਮਣੀ ਅਕਾਲੀ ਦਲ ’ਚ ਫੁੱਟ ਦੌਰਾਨ 1999 ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ ਅਤੇ ਬੀਬੀ ਜਗੀਰ ਕੌਰ ਇਸ ਸੰਸਥਾ ਦੇ ਪਲੇਠੀ ਮਹਿਲਾ ਪ੍ਰਧਾਨ ਬਣੇ ਤੇ ਉਹ ਮਾਰਚ 1999 ਤੋਂ ਨਵੰਬਰ 2000 ਤੱਕ ਰਹੇ। ਉਨ੍ਹਾਂ ਮਗਰੋਂ ਨਵੰਬਰ 2001 ਤੱਕ ਜਗਦੇਵ ਸਿੰਘ ਤਲਵੰਡੀ ਨੇ ਪ੍ਰਧਾਨਗੀ ਕੀਤੀ। ਉਨ੍ਹਾਂ ਤੋਂ ਬਾਅਦ 27 ਨਵੰਬਰ 2001 ਨੂੰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਰਾਹੀਂ ਇੱਕ ਵਾਰ ਫੇਰ ਪ੍ਰਧਾਨਗੀ ਪਟਿਆਲਾ ਦੇ ਹਿੱਸੇ ਆਈ ਪਰ ਬਾਦਲ-ਟੌਹੜਾ ਧੜਿਆਂ ਵਿੱਚ ਸਮਝੌਤਾ ਹੋਣ ਮਗਰੋਂ ਪੰਥਕ ਏਕਤਾ ਲਈ ਤਿਆਗ ਕਰਦਿਆਂ ਪ੍ਰੋ. ਬਡੂੰਗਰ ਨੇ 20 ਜੁਲਾਈ 2003 ਨੂੰ ਖੁਦ ਹੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਫੇਰ ਉਨ੍ਹਾਂ ਦੀ ਥਾਂ ਸ੍ਰੀ ਟੌਹੜਾ ਨੂੰ ਪ੍ਰਧਾਨ ਬਣਾਇਆ ਗਿਆ। ਇਹ ਉਨ੍ਹਾਂ ਦਾ ਆਖ਼ਰੀ ਗੇੜ ਸੀ ਕਿਉਂਕਿ ਪ੍ਰਧਾਨਗੀ ਦੀ ਇਸ ਪਾਰੀ ਦੌਰਾਨ ਹੀ 31 ਮਾਰਚ 2004 ਦੀ ਰਾਤ ਨੂੰ ਟੌਹੜਾ ਦੀ ਮੌਤ ਹੋ ਗਈ ਸੀ। ਉਨ੍ਹਾਂ ਤੋਂ ਬਾਅਦ ਹਲਕਾ ਭਾਦਸੋਂ ਤੋਂ ਕਾਰਜਸ਼ੀਲ ਸਤਵਿੰਦਰ ਸਿੰਘ ਟੌਹੜਾ ਦਾ ਕਹਿਣਾ ਹੈ ਕਿ ਗੁਰਚਰਨ ਸਿੰਘ ਟੌਹੜਾ ਭਾਦਸੋਂ ਤੋਂ 44 ਸਾਲ ਮੈਂਬਰ ਬਣ ਕੇ ਹੀ 25 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹਨ।

Advertisement

Advertisement
Advertisement
Author Image

Advertisement