ਜਥੇਦਾਰ ਵੱਲੋਂ ਗ੍ਰੰਥੀ ਨੂੰ ਪਸ਼ਚਾਤਾਪ ਵਜੋਂ ਜਪੁਜੀ ਸਾਹਿਬ ਦੇ ਪੰਜ ਪਾਠ ਕਰਨ ਦੇ ਆਦੇਸ਼
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਮਾਰਚ
ਕਿਸੇ ਕਾਰਨ ਆਪਣੇ ਕਕਾਰ ਦਾ ਨਿਰਾਦਰ ਕਰਨ ਵਾਲੇ ਗ੍ਰੰਥੀ ਨੂੰ ਖਿਮਾ ਯਾਚਨਾ ਕਰਨ ਮਗਰੋਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰ ਕੇ ਜਪੁਜੀ ਸਾਹਿਬ ਦੇ ਪੰਜ ਪਾਠ ਕਰਨ ਅਤੇ ਅਕਾਲ ਤਖ਼ਤ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਣ ਮਗਰੋਂ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਵਾਸਤੇ ਆਖਿਆ ਹੈ। ਇਹ ਵਿਅਕਤੀ ਅੱਜ ਇੱਥੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲਣ ਪੁੱਜਾ ਸੀ। ਜਥੇਦਾਰ ਵੱਲੋਂ ਉਸ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ। ਜਥੇਦਾਰ ਨੇ ਉਸ ਨੂੰ ਕਕਾਰ ਦਾ ਨਿਰਾਦਰ ਕਰਨ ਲਈ ਹੋਈ ਗ਼ਲਤੀ ਬਾਰੇ ਵੀ ਸਮਝਾਇਆ ਹੈ, ਜਿਸ ਦਾ ਉਸ ਨੇ ਪਸ਼ਚਾਤਾਪ ਕੀਤਾ ਹੈ। ਇਸ ਗ਼ਲਤੀ ਦੇ ਪਸ਼ਚਾਤਾਪ ਵਜੋਂ ਉਸ ਨੂੰ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਵਾਸਤੇ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਇਸ ਵਿਅਕਤੀ ਵੱਲੋਂ ਇੱਕ ਵੀਡੀਓ ਅਪਲੋਡ ਕੀਤੀ ਗਈ ਸੀ। ਇਸ ਵਿੱਚ ਉਸ ਨੇ ਲੁਧਿਆਣਾ ਦੇ ਗੁਰਦੁਆਰੇ ਵਿੱਚ ਨੌਕਰੀ ਕਰਦਿਆਂ ਪ੍ਰਬੰਧਕ ਕਮੇਟੀ ਨਾਲ ਹੋਏ ਵਿਵਾਦ ਤੋਂ ਬਾਅਦ ਨਾ ਸਿਰਫ਼ ਨੌਕਰੀ ਛੱਡ ਦਿੱਤੀ ਸਗੋਂ ਕਕਾਰ ਤਿਆਗਣ, ਹਾਰਮੋਨੀਅਮ ਛੱਡਣ ਅਤੇ ਗ੍ਰੰਥੀ ਸਿੰਘ ਵਜੋਂ ਗਲੇ ਵਿੱਚ ਪਾਇਆ ਪਰਨਾ ਤਿਆਗਣ ਦੀ ਗੱਲ ਕੀਤੀ ਸੀ। ਵੀਡੀਓ ਨੂੰ ਦੇਖ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਇਸ ਗ੍ਰੰਥੀ ਸਿੰਘ ਨਾਲ ਸੰਪਰਕ ਕੀਤਾ ਤੇ ਵੀਡੀਓ ਕਾਨਫਰੰਸ ਰਾਹੀਂ ਉਸ ਨੂੰ ਭਵਿੱਖ ਵਿੱਚ ਅਜਿਹਾ ਨਾ ਕਰਨ ਲਈ ਪ੍ਰੇਰਿਆ। ਉਸ ਨੂੰ ਅੱਜ ਮੁਲਾਕਾਤ ਲਈ ਵੀ ਸੱਦਿਆ ਸੀ।
ਜਥੇਦਾਰ ਨਾਲ ਮੁਲਾਕਾਤ ਦੌਰਾਨ ਇਸ ਵਿਅਕਤੀ ਨੇ ਪ੍ਰਬੰਧਕ ਕਮੇਟੀ ਨਾਲ ਹੋਏ ਵਿਵਾਦ ਬਾਰੇ ਵੀ ਦੱਸਿਆ ਅਤੇ ਕਾਰਵਾਈ ਦੀ ਅਪੀਲ ਕੀਤੀ ਹੈ। ਜਥੇਦਾਰ ਨੇ ਉਸ ਨੂੰ ਇਸ ਮਾਮਲੇ ਵਿੱਚ ਲਿਖਤੀ ਸ਼ਿਕਾਇਤ ਦੇਣ ਵਾਸਤੇ ਕਿਹਾ ਹੈ। ਉਸ ਨੂੰ ਹੋਈ ਭੁੱਲ ਚੁੱਕ ਵਾਸਤੇ ਪਸ਼ਚਾਤਾਪ ਵਜੋਂ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰ ਕੇ ਜਪੁਜੀ ਸਾਹਿਬ ਦੇ ਪੰਜ ਪਾਠ ਕਰਨ ਤੇ ਅਕਾਲ ਤਖ਼ਤ ’ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਜਥੇਦਾਰ ਨੇ ਉਸ ਨੂੰ ਭਰੋਸਾ ਦਿੱਤਾ ਹੈ ਕਿ ਉਸ ਦੇ ਰੁਜ਼ਗਾਰ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਉਸ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਉਹ ਮੁੜ ਅਜਿਹਾ ਨਹੀਂ ਕਰੇਗਾ।