ਅਕਾਲ ਤਖ਼ਤ ਦੇ ਜਥੇਦਾਰ ਨੂੰ ਗੁਰਮਤਾ ਸੌਂਪਿਆ
ਅੰਮ੍ਰਿਤਸਰ (ਪੱਤਰ ਪ੍ਰੇਰਕ): ਕਾਰਜਸ਼ੀਲ ਵੱਖ-ਵੱਖ ਜਥੇਬੰਦੀਆਂ, ਸੰਸਥਾਵਾਂ, ਸੰਪਰਦਾਵਾਂ ਦੇ ਨੁਮਾਇੰਦਿਆਂ ਨੇ ਇੱਕ ਗੁਰਮਤਾ ਪਾਸ ਕਰ ਕੇ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸਿਆਸਤ ਦੇ ਕਿਸੇ ਧੜੇ ਕੋਲ ਨਹੀਂ ਹੋਣਾ ਚਾਹੀਦਾ। ਸਿੱਖ ਨੁਮਾਇੰਦਿਆ ਨੇ ਕਿਹਾ ਕਿ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਆਪਣੀ ਭੂਮਿਕਾ ਨਿਰਪੱਖ ਨਿਭਾਅ ਸਕਣ ਦੇ ਸਮਰੱਥ ਨਹੀਂ ਹਨ। ਬਾਬਾ ਨਾਗਰ ਸਿੰਘ ਤਰਨਾ ਦਲ ਮਿਸਲ ਸ਼ਹੀਦ, ਭਾਈ ਲਾਲ ਸਿੰਘ ਅਕਾਲਗੜ੍ਹ, ਜਥੇਦਾਰ ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਅਤੇ ਹੋਰ ਜਥੇਬੰਦੀਆਂ ਦੀ ਮੌਜੂਦਗੀ ਵਿੱਚ ਇਹ ਗਰਮਤਾ ਪੜ੍ਹ ਕੇ ਸੁਣਾਇਆ ਗਿਆ। ਉਨ੍ਹਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਸਿਆਸੀ ਧੜਿਆਂ ਦੇ ਚੱਲ ਰਹੇ ਮੌਜੂਦਾ ਸੰਕਟ ਦੇ ਹੱਲ ਲਈ 30 ਅਗਸਤ ਨੂੰ ਸੱਦੀ ਗਈ ਮੀਟਿੰਗ ਵਿੱਚ ਮਸਲੇ ਦੇ ਹੱਲ ਵਾਸਤੇ ਖਾਲਸਾ ਪੰਥ ਦੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਸੱਦ ਕੇ ਰਵਾਇਤ ਅਨੁਸਾਰ ਫ਼ੈਸਲਾ ਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਸੁਤੰਤਰ ਰੂਪ ਵਿੱਚ ਯੋਗ ਸਿੰਘਾਂ ਦਾ ਜਥਾ ਕਾਇਮ ਕੀਤਾ ਜਾਵੇ ਅਤੇ ਗੁਰਦੁਆਰਾ ਪ੍ਰਬੰਧ ਚਲਾਉਣ ਲਈ ਇੱਕ ਵੱਖਰਾ ਪੰਜਾਬ ਪੱਧਰੀ ਮੰਚ ਕਾਇਮ ਕੀਤਾ ਜਾਵੇ।