For the best experience, open
https://m.punjabitribuneonline.com
on your mobile browser.
Advertisement

ਜਥੇਦਾਰ ਜੀ! ਇੰਜ ਨਹੀਂ ਕਰੀਂਦੇ

09:06 AM May 27, 2024 IST
ਜਥੇਦਾਰ ਜੀ  ਇੰਜ ਨਹੀਂ ਕਰੀਂਦੇ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 26 ਮਈ
ਜਥੇਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਜਵਾਈ-ਭਾਈ ਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅੱਧੀ ਨਹੀਂ, ਸਾਰੀ ਹੀ ਛੁੱਟੀ ਕਰ ਦਿੱਤੀ ਹੈ। ਪਤਾ ਨਹੀਓਂ ਕਿਸ ਨੇ ਜਥੇਦਾਰ ਸੁਖਬੀਰ ਨੂੰ ਪੱਟੀ ਪੜ੍ਹਾਈ, ਹੱਥੋਂ ਹੱਥ ਆਦੇਸ਼ ਕਰ ਦਿੱਤੇ, ਪਲਾਂ ’ਚ ਕੈਰੋਂ ਸਾਬ੍ਹ ਦਾ ‘ਪ੍ਰਤਾਪ’ ਹਵਾ-ਹਵਾਈ ਹੋ ਗਿਆ। ਜਿਵੇਂ ਕਿਸੇ ਵੇਲੇ ਪੱਟੀ ਆਲੇ ਵੈਦ ਮਸ਼ਹੂਰ ਸਨ, ਉਵੇਂ ਹੀ ਪੱਟੀ ਆਲੇ ਕੈਰੋਂ ਦੀ ਵੀ ਸਿਆਸਤ ’ਚ ਤੂਤੀ ਬੋਲਦੀ ਰਹੀ ਹੈ। ਇਸ ਘਟਨਾ ਤੋਂ ਉਹ ਭਲੇ ਵੇਲੇ ਯਾਦ ਆ ਗਏ ਜਦੋਂ ਇੱਕ ਘਰ ਦੀ ਧੀ ਨੂੰ ਸਮੁੱਚੇ ਪਿੰਡ ਦੀ ਧੀ ਅਤੇ ਜਵਾਈ ਨੂੰ ਪੂਰਾ ਪਿੰਡ ਆਪਣਾ ਜਵਾਈ ਸਮਝਦਾ ਹੁੰਦਾ ਸੀ।
ਅਸਾਂ ਦਾ ਪਿੰਡ ਮੰਡੀ ਕਲਾਂ, ਡਾਕਖ਼ਾਨਾ ਖ਼ਾਸ ਜ਼ਿਲ੍ਹਾ ਬਠਿੰਡਾ ਹੈ। ਪਿੰਡ ਦਾ ਨਾਮਕਰਨ ਹੋਇਆ ਪ੍ਰਸਿੱਧ ਸੇਠ ਗੁਲਾਬੂ ਮੱਲ ਤੋਂ। ਪਹਿਲਾਂ ‘ਗੁਲਾਬੂ ਕੀ ਮੰਡੀ’ ਆਖਿਆ ਜਾਂਦਾ ਸੀ ਤੇ ਹੁਣ ਮੰਡੀ ਕਲਾਂ। ਸੇਠ ਗੁਲਾਬੂ ਮੱਲ ਆਪਣੀ ਘੋੜੀ ’ਤੇ ਸਵਾਰ ਹੋ ਸ਼ਹਿਰੋਂ ਪਿੰਡ ਆ ਰਿਹਾ ਸੀ। ਸੇਠ ਨੇ ਪਿੰਡ ਵੱਲ ਜਾਂਦੇ ਜਵਾਨ ਨੂੰ ਦੇਖ ਪੁੱਛਿਆ, ਜਵਾਨਾਂ ਕਿੱਧਰ ਦੀ ਤਿਆਰੀ ਖਿੱਚੀ! ਅੱਗਿਓਂ ਜਵਾਨ ਨੇ ਕਿਹਾ, ‘ਮੈਂ ਤਾਂ ਆਪਣੇ ਸਹੁਰੇ ਪਿੰਡ ਚੱਲਿਆਂ।’
ਗੁਲਾਬੂ ਮੱਲ ਘੋੜੀ ਤੋਂ ਉਤਰਿਆ, ਜਵਾਨ ਦੇ ਹਵਾਲੇ ਘੋੜੀ ਕਰ ਕੇ ਆਖਣ ਲੱਗਾ, ‘ਤੂੰ ਸਾਡੇ ਪਿੰਡ ਦਾ ਜੁਆਈ-ਭਾਈ ਐ, ਤੂੰ ਪੈਦਲ ਜਾਵੇ ਤੇ ਮੈਂ ਘੋੜੀ ’ਤੇ, ਇਹ ਨਹੀਂ ਹੋ ਸਕਦਾ।’ ਜਵਾਨ ਅੱਗੇ ਅੱਗੇ ਘੋੜੀ ’ਤੇ ਬੈਠਾ ਜਾ ਰਿਹਾ ਸੀ ਅਤੇ ਸੇਠ ਪਿੱਛੇ-ਪਿੱਛੇ ਪੈਦਲ ਜਾ ਰਿਹਾ ਸੀ। ਕੈਰੋਂ ਸਾਬ੍ਹ! ਤੁਸੀਂ ਦਿਲ ਹੌਲਾ ਨਹੀਂ ਕਰਨਾ। ਪਿੰਡ ਬਾਦਲ ਨੇ ਕਿਤੇ ਸੋਚਿਆ ਹੋਵੇਗਾ ਕਿ ਉਨ੍ਹਾਂ ਦੇ ਜੁਆਈ-ਭਾਈ ਨੂੰ ਆਹ ਦਿਨ ਦੇਖਣੇ ਪੈਣਗੇ। ਪੇਂਡੂ ਵਿਰਸਾ ਕਿੰਨਾ ਗਰੀਬ ਹੋ ਗਿਆ ਹੈ, ਇਸ ਦਾ ਕੈਰੋਂ ਦੀ ਰੁਖ਼ਸਤ ਤੋਂ ਪਤਾ ਲੱਗਦਾ ਹੈ। ਜ਼ਰੂਰੀ ਨਹੀਂ ਹਰ ਲੜਾਈ ਪਾਣੀਪਤ ’ਚ ਹੀ ਹੋਵੇ, ਪਿੰਡ ਬਾਦਲ ਵਿੱਚ ਵੀ ਤਾਂ ਹੋ ਸਕਦੀ ਹੈ।
ਪੰਜਾਬ ਦੀ ਅਮੀਰ ਪਰੰਪਰਾ ’ਚ ਕਿਤੇ ਕੋਈ ਅਜਿਹੀ ਗ਼ਰੀਬੀ ਦਾ ਪੰਨਾ ਨਹੀਂ ਦਿਖਿਆ ਕਿ ਕਿਸੇ ਨੇ ਆਪਣੇ ਭਣੋਈਏ ’ਤੇ ਕੋਈ ਵਾਧਾ ਕੀਤਾ ਹੋਵੇ। ਪੇਂਡੂ ਪ੍ਰਾਹੁਣਚਾਰੀ ’ਚ ਤਾਂ ਪ੍ਰਾਹੁਣੇ ਆਏ ਤੋਂ ਮੰਜੇ ’ਤੇ ਨਵੀਂ ਦਰੀ ਤੇ ਚਾਦਰ ਵਿਛਾਈ ਜਾਂਦੀ ਹੈ। ਜਥੇਦਾਰ ਬਾਦਲ ਨੇ ਤਾਂ ਦਰੀ-ਚਾਦਰ ਨੂੰ ਸੰਦੂਕ ’ਚ ਹੀ ਸੰਭਾਲ ਦਿੱਤਾ। ਪੁਰਾਣੇ ਸਮਿਆਂ ’ਚ ਜਦੋਂ ਕਿਤੇ ਅਜਿਹਾ ਮਾਮਲਾ ਆਉਂਦਾ ਤਾਂ ਜਵਾਈ ਕੁੜੀ ਨੂੰ ਵਾਪਸ ਪੇਕੇ ਭੇਜ ਕੇ ਆਖ ਦਿੰਦਾ ਸੀ ਕਿ ਸਾਂਭੋ ਆਪਣੀ ਕੁੜੀ। ਸੁਰਜੀਤ ਬਿੰਦਰੱਖੀਏ ਦਾ ਇੱਕ ਗਾਣਾ ਹੈ, ‘ਪੇਕੇ ਹੁੰਦੇ ਮਾਵਾਂ ਨਾਲ…’ ਵੱਡੇ ਬਾਦਲ ਵੀ ਜਹਾਨੋਂ ਤੁਰ ਗਏ, ਹੁਣ ਕੈਰੋਂ ਦੀ ਪਤਨੀ ਜ਼ਰੂਰ ਸੋਚਦੀ ਹੋਵੇਗੀ ਕਿ ਜੱਗ ਵਿੱਚੋਂ ਸੀਰ ਮੁੱਕਿਆ। ਪੱਟੀ ਆਲੇ ਕੈਰੋਂ ਇਹ ਭੁੱਲ ਬੈਠੇ ਨੇ ਕਿ ਜਥੇਦਾਰ ਬਾਦਲ ਨੂੰ ਅਸੂਲ ਪਿਆਰੇ ਨੇ, ਚਾਹੇ ਕੋਈ ਵੀ ਟਾਹਣਾ ਕੱਟਣਾ ਪਵੇ।
ਕਿਸੇ ਭੇਤੀ ਨੇ ਦੱਸਿਆ ਕਿ ਜਥੇਦਾਰ ਬਾਦਲ ਨੇ ਆਪਣੇ ਆਪ ਨੂੰ ਹੁਣ ‘ਪਰਿਵਾਰਵਾਦ’ ਦੇ ਦੋਸ਼ਾਂ ਤੋਂ ਮੁਕਤ ਕਰਨ ਲਈ ਝਾੜੂ ਚੁੱਕਿਆ ਹੋਇਆ ਹੈ। ਜਦੋਂ ਸੁਖਬੀਰ ਇਸ ਮੋਰਚੇ ਲਈ ਘਰੋਂ ਨਿਕਲੇ ਤਾਂ ਅੱਗੇ ਮਜੀਠੀਆ ਸਾਬ੍ਹ ਅੱਖਾਂ ਸਾਹਮਣੇ ਘੁੰਮੇ, ਫਿਰ ਬੀਬੀ ਹਰਸਿਮਰਤ ਕੌਰ ਬਾਦਲ, ਇਹ ਸੋਚ ਕੇ ਪੱਟੀ ਵੱਲ ਮੋੜਾ ਕੱਟ ਲਿਆ ਕਿ ਕਿਤੇ ਘਰੋਂ ਪਰਸ਼ਾਦਾ ਪਾਣੀ ਹੀ ਬੰਦ ਨਾ ਹੋ ਜਾਵੇ। ਸੁਖਬੀਰ ਨੂੰ ‘ਪਰਿਵਾਰਵਾਦ’ ਦੇ ਚੈਪਟਰ ’ਚ ਸਭ ਤੋਂ ਕਮਜ਼ੋਰ ਕੜੀ ਕੈਰੋਂ ਨਜ਼ਰ ਪਏ ਹੋਣਗੇ, ਸੋ ਉਨ੍ਹਾਂ ਲੈ ਕੇ ਰੱਬ ਦਾ ਨਾਮ, ਕੈਰੋਂ ਨੂੰ ਚੁਕਾ ਕੇ ਗਠੜੀ ਪੱਟੀ ਦੇ ਰਾਹ ਪਾ ’ਤਾ।
‘ਪਰਿਵਾਰਵਾਦ’ ਨੂੰ ਐਨ ਜੜ੍ਹੋਂ ਪੁੱਟਣ ਦਾ ਮਹੂਰਤ ਕੀਤੇ ਜਾਣ ’ਤੇ ਵਿਰਸਾ ਸਿੰਘ ਵਲਟੋਹਾ ਨੇ ਜ਼ਰੂਰ ਸੁਖਬੀਰ ਦੀ ਦਾਦ ਦਿੱਤੀ ਹੋਊ। ਕੋਈ ਪੜਤਾਲ ਚੰਦ ਸਾਹਮਣੇ ਨਹੀਂ ਆਇਆ, ਬੱਸ ਬਲਵਿੰਦਰ ਭੂੰਦੜ ਨੇ ਫ਼ੈਸਲਾ ਸੁਣਾਇਆ ਕਿ ਅਖੇ ! ਕੈਰੋਂ ਨੇ ਅਨੁਸ਼ਾਸਨ ਭੰਗ ਕਰਤਾ, ਪਾਰਟੀ ’ਚੋਂ ਆਊਟ ਕਰਦੇ ਹਾਂ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਮੁਖੀ ਹਨ, ਉਹ ਵੀ ਕੈਰੋਂ ਵਾਂਗੂ ਚੋਣਾਂ ’ਚ ਅਕਾਲੀ ਦਲ ਬਾਰੇ ਚੁੱਪ ਹਨ।
ਕੈਰੋਂ ਖ਼ਿਲਾਫ ਕਾਰਵਾਈ ਅਲੋਕਾਰੀ ਹੈ ਕਿਉਂਕਿ ਪ੍ਰਾਹੁਣੇ ਰੁੱਸਦੇ ਤਾਂ ਬਹੁਤ ਸੁਣੇ ਨੇ ਪਰ ਸਾਲਿਆਂ ਤੋਂ ਕਸੂਰ ਪੁੱਛਦੇ ਬਹੁਤ ਘੱਟ ਦੇਖੇ ਨੇ। ਪਾਬਲੋ ਨਰੂਦਾ ਆਖਦਾ ਹੈ ਕਿ ਤੁਸੀਂ ਸਾਰੇ ਫੁੱਲਾਂ ਨੂੰ ਤਾਂ ਕੱਟ ਸਕਦੇ ਹੋ ਪਰ ਬਹਾਰ ਨੂੰ ਆਉਣ ਤੋਂ ਨਹੀਂ ਰੋਕ ਸਕਦੇ। ਬਾਦਲ ਸਾਹਿਬ! ਲੱਗੇ ਰਹੋ, ਪੂਰਾ ਦਰਖ਼ਤ ਚੰਗੀ ਤਰ੍ਹਾਂ ਛਾਂਗ ਦਿਓ ਤਾਂ ਜੋ ਛੋਟੇ ਮੋਟੇ ਕੰਡੇ ਕਦੇ ਮੁੜ ਕੇ ਨਾ ਰੜਕਣ। ਜਦੋਂ ਵੱਡੇ ਬਾਦਲ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਆਪਣੇ ਜਵਾਈ ਕੈਰੋਂ ਦੇ ਹਵਾਲੇ ਪੂਰਾ ਆਬਕਾਰੀ ਵਿਭਾਗ ਕੀਤਾ ਅਤੇ ਫਿਰ ਖ਼ੁਰਾਕ ਸਪਲਾਈ ਦਾ ਮੰਤਰੀ ਬਣਾਇਆ।
ਵੱਡੇ ਬਾਦਲ ਪੇਂਡੂ ਕਲਚਰ ’ਚ ਪੀਐਚ ਡੀ ਸਨ। ਆਮ ਦੇਖਿਆ ਜਾਂਦਾ ਹੈ ਕਿ ਪੇਂਡੂ ਕਲਚਰ ’ਚ ਪ੍ਰਾਹੁਣਚਾਰੀ ਸ਼ਰਾਬ ਨਾਲ ਅਤੇ ਪ੍ਰਸ਼ਾਦੇ ਪਾਣੀ ’ਚ ਕੜਾਹ ਤੇ ਖੀਰ ਵੀ ਛਕਾਈ ਜਾਂਦੀ ਹੈ। ਸੋ ਵੱਡੇ ਬਾਦਲ ਨੇ ਤਾਹੀਂ ਪਹਿਲਾਂ ਕੈਰੋਂ ਨੂੰ ਆਬਕਾਰੀ ਮੰਤਰੀ ਬਣਾਇਆ ਅਤੇ ਫਿਰ ਖ਼ੁਰਾਕ ਮੰਤਰੀ। ‘ਸਾਰਾ ਬਾਗ਼ ਹਵਾਲੇ ਤੇਰੇ।’ ਖ਼ੈਰ ਘਰ ਦੀ ਲੜਾਈ ਇੱਕ ਐਸੀ ਲੜਾਈ ਹੈ ਜਿਸ ਦਾ ਹੱਲ ‘ਸੰਯੁਕਤ ਰਾਸ਼ਟਰ’ ਵੀ ਨਹੀਂ ਕਰ ਸਕਦਾ। ਇੱਕ ਕਹਾਵਤ ਵੀ ਮਸ਼ਹੂਰ ਹੈ, ‘ਸਾਰੀ ਦੁਨੀਆ ਏਕ ਤਰਫ਼, ਜੋਰੂ ਕਾ ਭਾਈ ਏਕ ਤਰਫ਼।’

Advertisement

Advertisement
Author Image

sukhwinder singh

View all posts

Advertisement
Advertisement
×