ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਵੱਲੋਂ ਗ੍ਰਹਿ ਮੰਤਰੀ ਨਾਲ ਮੁਲਾਕਾਤ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਜੁਲਾਈ
ਕੁੱਲ ਹਿੰਦ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਅੱਜ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਮੁਲਾਕਾਤ ਕਰਕੇ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਦਰਜ ਹੋਏ ਮੁਕੱਦਮੇ ਵਾਪਸ ਲੈਣ ਦੀ ਮੰਗ ਕੀਤੀ ਹੈ। ਮੁਲਾਕਾਤ ਕਰਨ ਵਾਲਿਆਂ ਵਿਚ ਸੰਘਰਸ਼ ਕਮੇਟੀ ਦੇ ਕੌਮੀ ਪ੍ਰਧਾਨ ਪ੍ਰਦੀਪ ਦਹੀਆ, ਪ੍ਰਦੇਸ਼ ਇੰਚਾਰਜ ਆਜ਼ਾਦ ਲਠਵਾਲ, ਨਫੇ ਸਿੰਘ, ਸ਼ਮਸ਼ੇਰ ਸਿੰਘ, ਅਸ਼ੀਸ਼ ਫੌਜਦਾਰ, ਜਸਵਿੰਦਰ ਪੂਨੀਆ ਅਤੇ ਅਰੁਣ ਪਾਲ ਸਮੇਤ ਹੋਰ ਅਹੁਦੇਦਾਰ ਸ਼ਾਮਲ ਸਨ।
ਪ੍ਰਦੀਪ ਦਹੀਆ ਨੇ ਦੱਸਿਆ ਕਿ ਮੁਕੱਦਮੇ ਵਾਪਸ ਲੈਣ ਲਈ ਪਹਿਲਾਂ ਵੀ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਮਿਲੇ ਸਨ ਅਤੇ ਉਨ੍ਹਾਂ ਦੇ ਹਾਂ ਪੱਖੀ ਰਵੱਈਏ ਕਰਕੇ ਦਰਜ ਮਾਮਲੇ ਵਾਪਸ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ ਪਰੰਤੂ ਜੋ ਮਾਮਲੇ ਅਜੇ ਅਦਾਲਤ ਵਿਚ ਖੜ੍ਹੇ ਹਨ ਉਨ੍ਹਾਂ ਨੂੰ ਰੱਦ ਕਰਾਉਣ ਲਈ ਅੱਜ ਗ੍ਰਹਿ ਮੰਤਰੀ ਨਾਲ ਚਰਚਾ ਕੀਤੀ ਹੈ।
ਇਸ ਤੋਂ ਬਿਨਾਂ ਇਹ ਵੀ ਮੰਗ ਕੀਤੀ ਹੈ ਕਿ ਸਪੈਸ਼ਲ ਬੈਕਵਰਡ ਕੈਟਾਗਰੀ (ਐਸਬੀਚੀ) ਦੇ ਤਹਿਤ ਹੋਈਆਂ ਨਿਯੁਕਤੀਆਂ ਲਈ ਜੁਆਇਨਿੰਗ ਕਰਵਾਈ ਜਾਵੇ। ਅਹੁਦੇਦਾਰਾਂ ਨੇ ਕਿਹਾ ਕਿ ਭਾਵੇਂ ਨਿਯੁਕਤੀਆਂ ਦਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਪਰੰਤੂ ਸਰਕਾਰ ਸ਼ਰਤਾਂ ਸਹਿਤ ਜੁਆਇਨਿੰਗ ਕਰਵਾ ਸਕਦੀ ਹੈ। ਕਮੇਟੀ ਅਨੁਸਾਰ ਗ੍ਰਹਿ ਮੰਤਰੀ ਨੇ ਸਕਾਰਾਤਮਿਕ ਕਾਰਵਾਈ ਦਾ ਭਰੋਸਾ ਦਿੱਤਾ ਹੈ।