ਹਰਿਆਣਾ ਦਾ ਜਾਟ ਤੇ ਸਿੱਖ ਸਮਾਜ ਦੇਸ਼ ਬਚਾਉਣ ਲਈ ਅੱਗੇ ਆਉਣ: ਸੂਬੇ ਸਿੰਘ ਸਮੈਣ
ਗੁਰਦੀਪ ਸਿੰਘ ਭੱਟੀ
ਟੋਹਾਣਾ, 3 ਅਗਸਤ
ਸਰਵ ਖਾਪ ਪੰਚਾਇਤ ਦੇ ਕੌਮੀ ਬੁਲਾਰੇ ਸੂਬੇ ਸਿੰਘ ਸਮੈਣ ਨੇ ਮੇਵਾਤ ਦੇ ਨੂਹ ਵਿੱਚ ਹੋਈ ਹਿੰਸਾ ਲਈ ਜਾਟਾਂ ਨੂੰ ਹਿੰਦੂ ਕਟਰਪੰਥੀ ਜਥੇਬੰਦੀਆਂ ਦੀ ਅਪੀਲਾਂ ਨੂੰ ਰੱਦ ਕਰਦੇ ਹੋਏ ਹਰਿਆਣਾ ਦਾ ਜਾਟ ਤੇ ਸਿੱਖ ਸਮਾਜ ਨੂੰ ਅਪੀਲ ਕੀਤੀ ਹੈ ਕਿ ਉਹ ਕੱਟੜ ਪੰਥੀਆਂ ਦੀਆਂ ਅਪੀਲਾਂ ਨੂੰ ਰੱਦ ਕਰਦੇ ਹੋਏ ਦੇਸ਼ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਦੇਸ਼ ਤੇ ਵਿਦੇਸ਼ੀ ਹਮਲੇ ਦੀ ਕਿਸਾਨ ਫਰੰਟ ਲਾਈਨ ’ਤੇ ਲੜ ਮਰਨ ਲਈ ਤਿਆਰ ਹਨ ਪ੍ਰੰਤੂ ਜਾਤੀ ਹਿੰਸਾ ਲਈ ਉਹ ਮੋਹਰਾ ਨਹੀਂ ਬਣਨਗੇ। ਸੂਬੇ ਸਿੰਘ ਨੇ ਦੋਸ਼ ਲਾਇਆ ਕਿ ਰਾਜਸਥਾਨ ਪੁਲੀਸ ਦੇ ਭਗੌੜੇ ਨੂੰ ਹਰਿਆਣਾ ਦੇ ਆਗੂ ਸੁਰੱਖਿਆ ਛੱਤਰੀ ਦੇ ਰਹੇ ਹਨ। ਉਸਨੇ ਜਾਟ ਜਥੇਬੰਦੀਆਂ ਨੂੰ ਟੈਲੀਫ਼ੋਨ ਕਰ ਕੇ ਭਾਜਪਾ ਦੀਆਂ ਨੀਤੀਆਂ ਦਾ ਮੋਹਰਾ ਬਣਨ ਤੋਂ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਾਟ ਰਾਖ਼ਵਾਕਰਨ ਦੇ ਸੰਘਰਸ਼ ਦੌਰਾਨ 22 ਕਿਸਾਨ ਮਾਰੇ ਗਏ। ਦਿੱਲੀ ਕਿਸਾਨ ਅੰਦੋਲਨ ਦੌਰਾਨ ਸੂਬੇ ਦੇ 70 ਕਿਸਾਨ ਸ਼ਹੀਦੀ ਪਾ ਗਏ। ਕਿਸਾਨਾਂ ਦੀ ਮੌਤ ’ਤੇ ਭਾਜਪਾ ਨਾਲ ਸਬੰਧਤ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀ ਪਿੱਠ ਥਪਥਪਾਈ ਤੇ ਪੀੜਤ ਕਿਸਾਨ ਪਰਿਵਾਰਾਂ ਦਾ ਮਜ਼ਾਕ ਉਡਾਇਆ ਸੀ। ਉਨ੍ਹਾਂ ਕਿਹਾ ਕਿ ਨੂਹ ਹਿੰਸਾ ਲਈ ਕਿਸਾਨਾਂ ਨੂੰ ਮੋਹਰਾ ਬਣਾਉਣ ਦਾ ਯਤਨ ਸਫ਼ਲ ਨਹੀਂ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਧਾਰਮਿਕ ਯਾਤਰਾਵਾਂ ਦੌਰਾਨ ਹਥਿਆਰ ਲੈ ਕੇ ਚੱਲਣ ਵਾਲੇ ਸਰਕਾਰੀ ਛੱਤਰੀ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਨਸ਼ਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ 9 ਸਾਲ ਕਾਰਜਕਾਲ ਦੌਰਾਨ ਜਾਤੀ ਹਿੰਸਾ ਦਾ ਵਾਈਟ੍ਹ ਪੇਪਰ ਜਾਰੀ ਕੀਤਾ ਜਾਏ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਪੁਲੀਸ ਸਰਪੰਚਾਂ ਤੇ ਬੇਕਸੂਰ ਕਿਸਾਨਾ ਨੂੰ ਡਾਂਗਾ ਫੇਰਨ ਲਈ ਤਿਆਰ ਬਰ ਤਿਆਰ ਫੋਰਸ ਹੈ।