For the best experience, open
https://m.punjabitribuneonline.com
on your mobile browser.
Advertisement

ਜਸਵਿੰਦਰ ਸਿੰਘ ਦਾ ਨਾਵਲ ‘ਸੁਰਖ਼ ਸਾਜ਼’ ਲੋਕ ਅਰਪਣ

08:41 AM Apr 12, 2024 IST
ਜਸਵਿੰਦਰ ਸਿੰਘ ਦਾ ਨਾਵਲ ‘ਸੁਰਖ਼ ਸਾਜ਼’ ਲੋਕ ਅਰਪਣ
ਕੁਰੂਕਸ਼ੇਤਰ ਯੂਨੀਵਰਸਿਟੀ ’ਚ ਸੈਮੀਨਾਰ ਦੌਰਾਨ ਸੰਬੋਧਨ ਕਰਦਾ ਹੋਇਆ ਬੁਲਾਰਾ।
Advertisement

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 11 ਅਪਰੈਲ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਜਸਵਿੰਦਰ ਸਿੰਘ ਦੇ ਨਵੇਂ ਨਾਵਲ ‘ਸੁਰਖ਼ ਸਾਜ਼’ ਦਾ ਲੋਕ ਅਰਪਣ ਅਤੇ ‘ਸੁਰਖ਼ ਸਾਜ਼: ਦ੍ਰਿਸ਼ ਅਤੇ ਦ੍ਰਿਸ਼ਟੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਸੈਮੀਨਾਰ ’ਚ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਸੁਰਖ਼ ਸਾਜ਼ ਨਾਵਲ ਪਰਵਾਸ ਦੌਰਾਨ ਨੌਜਵਾਨਾਂ ਨੂੰ ਕੱਚੇ ਤੋਂ ਪੱਕੇ ਹੋਣ ਲਈ ਕਿਹੜੀਆਂ ਮੁਸ਼ਕਿਲਾਂ, ਔਕੜਾਂ, ਮਾਯੂਸੀਆਂ ਤੇ ਬੇਭਰੋਸਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਜੀਵੰਤ ਦ੍ਰਿਸ਼ ਚਿੱਤਰਾਂ ਦੇ ਗਲਪੀ ਬਿੰਬ ਰਾਹੀਂ ਠਰੰਮੇ ਅਤੇ ਸਹਿਜ ਨਾਲ ਪੇਸ਼ ਕਰਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਆਏ ਪ੍ਰੋ. ਮਨਜਿੰਦਰ ਸਿੰਘ ਨੇ ਸੈਮੀਨਾਰ ਦੀ ਰੂਪ ਰੇਖਾ ਸਰੋਤਿਆਂ ਨਾਲ ਸਾਂਝੀ ਕਰਦੇ ਹੋਏ ਨਾਵਲ ਦੇ ਵੱਖ-ਵੱਖ ਮਸਲਿਆਂ ’ਤੇ ਚਾਨਣਾ ਪਾਇਆ। ਉਨ੍ਹਾਂ ਨਾਵਲਕਾਰ ਜਸਵਿੰਦਰ ਸਿੰਘ ਦੀ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋ. ਜਸਵਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਵਿਚ ਪੰਜਾਬੀ ਬੰਦਾ ਪਿਛਲੱਗ ਅਤੇ ਮੂੰਹ ਜ਼ੋਰ ਹੁੰਦਾ ਜਾ ਰਿਹਾ ਹੈ, ਜਿਸ ਨਾਲ ਅਸੀਂ ਹਮੇਸ਼ਾ ਪਿੱਛੇ ਵੱਲ ਜਾਂਦੇ ਹਾਂ।
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋਫ਼ੈਸਰ ਸੋਮਨਾਥ ਸਚਦੇਵਾ ਨੇ ਮੁੱਖ ਮਹਿਮਾਨ ਵਜੋਂ ਸੁਰਖ਼ ਸਾਜ਼ ਨਾਵਲੀ ਲਿਖਤ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰੋ. ਜਸਵਿੰਦਰ ਸਿੰਘ ਨੇ ਪੂਰਬੀ ਅਤੇ ਪੱਛਮੀ ਸੱਭਿਅਤਾ ਦਾ ਤੁਲਨਾਤਮਕ ਅਧਿਐਨ ਬੜੇ ਸੁਹਿਰਦ ਢੰਗ ਨਾਲ ਕੀਤਾ ਹੈ। ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਪ੍ਰੋ. ਰਵੇਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਨਾਵਲ ਵਿਚਲੇ ਪੰਜਾਬੀ ਜੀਵਨ ਅਤੇ ਪੰਜਾਬੀਅਤ ਦੀ ਗੱਲ ਕੀਤੀ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਆਏ ਪ੍ਰੋਫ਼ੈਸਰ ਗੁਰਪਾਲ ਸਿੰਘ ਸੰਧੂ ਨੇ ਨਾਵਲ ਬਾਰੇ ਆਪਣੇ ਮੁੱਲਵਾਨ ਵਿਚਾਰ ਸਾਂਝੇ ਕੀਤੇ। ਵਿਸ਼ੇਸ ਮਹਿਮਾਨ ਪ੍ਰੋ. ਧਨਵੰਤ ਕੌਰ ਨੇ ਕਿਹਾ ਕਿ ਇਹ ਨਾਵਲ ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਕਾਨੂੰਨੀ ਜਾਂ ਗ਼ੈਰਕਾਨੂੰਨੀ ਢੰਗ ਨਾਲ ਜਾਣ ਅਤੇ ਅਮਰੀਕਾ ਦੇ ਪੰਜਾਬੀ ਡਾਇਸਪੋਰੇ ਦੀਆਂ ਜਟਿਲਤਾਵਾਂ ਦਾ ਮਹਾਂਦ੍ਰਿਸ਼ ਸਾਹਮਣੇ ਲਿਆਉਂਦਾ ਹੈ। ਇਸ ਦੇ ਨਾਲ ਹੀ ਡਾ. ਗੁਰਿੰਦਰ ਸਿੰਘ ਹਾਂਡਾ ਤੇ ਪੰਜਾਬੀ ਵਿਭਾਗ ਦੀ ਸਹਾਇਕ ਪ੍ਰੋ. ਪਰਮਜੀਤ ਕੌਰ ਨੇ ਪ੍ਰੋਗਰਾਮ ਦਾ ਮੰਚ ਸੰਚਾਲਨ ਕਰਦਿਆਂ ਨਾਵਲ ਸੁਰਖ਼ ਸਾਜ਼ ਬਾਰੇ ਸਟੀਕ ਅਤੇ ਸਾਰਥਿਕ ਟਿੱਪਣੀਆਂ ਪੇਸ਼ ਕੀਤੀਆਂ।
ਇਸ ਸੈਮੀਨਾਰ ਵਿਚ ਡਾ. ਪਰਵੀਨ ਕੁਮਾਰ, ਡਾ. ਕਮਲਜੀਤ ਸਿੰਘ, ਡਾ. ਬੀਰਬਲ ਸਿੰਘ, ਪ੍ਰੋ. ਜਗਮੋਹਨ ਸਿੰਘ, ਡਾ. ਸਿਮਰਜੀਤ ਕੌਰ ਤੇ ਡਾ. ਗੁਰਪ੍ਰੀਤ ਸਿੰਘ ਨੇ ਇਸ ਨਾਵਲ ਸਬੰਧੀ ਆਪਣੇ ਖੋਜ ਪੱਤਰ ਪੇਸ਼ ਕੀਤੇ। ਇਸ ਸੈਮੀਨਾਰ ਵਿਚ ਡੀਨ, ਭਾਸ਼ਾ ਅਤੇ ਅਕਾਦਮਿਕ ਮਾਮਲੇ ਪ੍ਰੋ. ਪੁਸ਼ਪਾ ਰਾਣੀ, ਨਛੱਤਰ, ਸਾਹਿਤ ਅਕਾਦਮੀ ਅਵਾਰਡ ਜੇਤੂ ਪੰਜਾਬੀ ਸਾਹਿਤਕਾਰ ਦਿੱਲੀ, ਡਾ. ਸੁਖਜੀਤ ਕੌਰ, ਡਾ. ਗੁਰਚਰਨ ਸਿੰਘ, ਡਾ. ਦਵਿੰਦਰ ਬੀਬੀਪੁਰੀਆ ਆਦਿ ਸ਼ਾਮਲ ਰਹੇ।

Advertisement

Advertisement
Author Image

sukhwinder singh

View all posts

Advertisement
Advertisement
×