ਜਸਵਿੰਦਰ ਸਿੰਘ ਰੁਪਾਲ ਦੀਆਂ ਦੋ ਕਿਤਾਬਾਂ ਲੋਕ ਅਰਪਣ
ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਮਹੀਨਾਵਾਰ ਇਕੱਤਰਤਾ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਕੀਤੀ ਗਈ। ਮੀਟਿੰਗ ਵਿੱਚ ਜਸਵਿੰਦਰ ਸਿੰਘ ਰੁਪਾਲ ਦੀਆਂ ਦੋ ਕਿਤਾਬਾਂ ‘ਰਸੀਲਾ ਕਾਵਿ’ ਤੇ ‘ਕੀਤੋਸ ਆਪਣਾ ਪੰਥ ਨਿਰਾਲਾ’ ਲੋਕ-ਅਰਪਣ ਕੀਤੀਆਂ ਗਈਆਂ। ਇਸ ਦੌਰਾਨ ‘ਨੌਜੁਆਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦੀ ਲੋੜ ਤੇ ਉਪਰਾਲੇ’ ਵਿਸ਼ੇ ’ਤੇ ਭਰਵੀਂ ਵਿਚਾਰ-ਚਰਚਾ ਹੋਈ। ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਜਸਵਿੰਦਰ ਸਿੰਘ ਰੁਪਾਲ ਅਤੇ ਬਲਵਿੰਦਰ ਕੌਰ ਬਰਾੜ ਦੇ ਸਥਾਨ ਗ੍ਰਹਿਣ ਕਰਨ ਉਪਰੰਤ ਸਕੱਤਰ ਗੁਰਚਰਨ ਥਿੰਦ ਨੇ ਸਟੇਜ ਸੰਚਾਲਨ ਸ਼ੁਰੂ ਕੀਤਾ।
ਬਲਵਿੰਦਰ ਬਰਾੜ ਨੇ ‘ਰਸੀਲਾ ਕਾਵਿ’ ਵਿੱਚ ਸਰਲ ਭਾਸ਼ਾ ਵਿੱਚ ਵੱਖ ਵੱਖ ਸਮਾਜਿਕ ਤੇ ਧਾਰਮਿਕ ਵਿਸ਼ਿਆਂ ’ਤੇ ਲਿਖੀਆਂ ਛੰਦਬੱਧ ਕਵਿਤਾਵਾਂ ਨੂੰ ਕਵੀ ਦਾ ਹਾਸਲ ਦੱਸਿਆ। ਗੁਰਦੀਸ਼ ਗਰੇਵਾਲ ਨੇ ‘ਕੀਤੋਸ ਆਪਣਾ ਪੰਥ ਨਿਰਾਲਾ’ ਲੇਖ-ਸੰਗ੍ਰਹਿ ਉੱਪਰ ‘ਖੋਜ ਭਰਪੂਰ ਗੁਰਮਤਿ ਲੇਖਾਂ ਦਾ ਅਨਮੋਲ ਖ਼ਜ਼ਾਨਾ’ ਸਿਰਲੇਖ ਹੇਠ ਆਪਣਾ ਪੇਪਰ ਪੜ੍ਹਿਆ। ਗੁਰਨਾਮ ਕੌਰ ਨੇ ‘ਕੀਤੋਸ ਆਪਣਾ ਪੰਥ ਨਿਰਾਲਾ’ ਲੇਖ-ਸੰਗ੍ਰਹਿ ਦੇ ਗੁਰਮਤਿ ’ਤੇ ਆਧਾਰਤ ਲੇਖਾਂ ਦਾ ਵਿਸ਼ਲੇਸ਼ਣ ਕਰਦਿਆਂ ਕਿਤਾਬ ਵਿਚਲੇ ਤੀਹ ਲੇਖਾਂ ਨੂੰ ਜੀਵਨ-ਜਾਚ ਦਰਸਾਉਂਦੇ ਲੇਖ ਦਰਸਾਇਆ। ਗੁਰਚਰਨ ਥਿੰਦ ਨੇ ਦੋਵਾਂ ਕਿਤਾਬਾਂ ਦੀਆਂ ਲਿਖਤਾਂ ਨੂੰ ਜਸਵਿੰਦਰ ਸਿੰਘ ਰੁਪਾਲ ਦੀ ‘ਤਰਕ ਤੇ ਦਲੀਲ ਦੀ ਕਸਵੱਟੀ ’ਤੇ ਪੂਰੀ ਉਤਰਦੀ ਅਧਿਆਤਮਕ ਲੇਖਣੀ’ ਆਖ ਇਨ੍ਹਾਂ ਕਿਤਾਬਾਂ ਨੂੰ ਆਪਣੀਆਂ ਪੜ੍ਹਨਯੋਗ ਪੁਸਤਕਾਂ ਵਿੱਚ ਸ਼ਾਮਲ ਕਰਨ ਦੀ ਗੱਲ ਆਖੀ। ਬਲਤੇਜ ਸਿੰਘ ਨੇ ਆਪਣੇ ਲੇਖਕ ਪਿਤਾ ਤੋਂ ਸਹਿਣਸ਼ੀਲਤਾ ਤੇ ਅਨੁਸ਼ਾਸਨ ਭਰਪੂਰ ਜ਼ਿੰਦਗੀ ਜਿਊਣ ਦੀ ਪ੍ਰਰੇਨਾ ਮਿਲਣ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਪੰਜਾਬੀ ਬੋਲਣ ਸਮੇਂ ਸ਼ਰਮ ਨਹੀਂ ਸਗੋਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਸਭਾ ਵੱਲੋਂ ਰੁਪਾਲ ਨੂੰ ‘ਮਾਂ-ਬੋਲੀ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ’ ਵਿਸ਼ੇਸ਼ ਸਨਮਾਨ ਭੇਟ ਕੀਤਾ ਗਿਆ। ਜਸਵਿੰਦਰ ਸਿੰਘ ਰੁਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੇਖਕ ਦੁਨੀਆ ਨੂੰ ਹਿਲਾ ਸਕਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਅਜੋਕੇ ਸਮੇਂ ਵਿੱਚ ਰਚੇ ਜਾ ਰਹੇ ਨਾਂਹ-ਪੱਖੀ ਸਾਹਿਤ ’ਤੇ ਚਿੰਤਾ ਪ੍ਰਗਟ ਕੀਤੀ।
ਇੰਟਰਨੈਸ਼ਨਲ ਵਿਦਿਆਰਥੀ ਵਜੋਂ ਕੈਨੇਡਾ ਆਏ ਪ੍ਰੀਤ ਸਾਗਰ ਸਿੰਘ ਨੇ ਨੌਜੁਆਨ ਪੀੜ੍ਹੀ ਨੂੰ ਸੱਭਿਆਚਾਰ ਤੇ ਬੋਲੀ ਨਾਲ ਜੋੜਨ ਦੀ ਲੋੜ ਬਾਰੇ ਆਪਣੇ ਨਿੱਜੀ ਤਜਰਬੇ ਦੇ ਆਧਾਰ ’ਤੇ ਦਰਪੇਸ਼ ਮੁਸ਼ਕਲਾਂ ਅਤੇ ਵਿਦੇਸ਼ ਆਉਣ ਤੋਂ ਪਹਿਲਾਂ ਸਹੀ ਜਾਣਕਾਰੀ ਨਾ ਮਿਲਣ ਵਾਲੇ ਪਹਿਲੂਆਂ ਬਾਰੇ ਵਿਚਾਰ ਪੇਸ਼ ਕੀਤੇ। ਕੈਲਗਰੀ ਯੂਨੀਵਰਸਿਟੀ ਦੇ ਸੈਨੇਟਰ ਰਹਿ ਚੁੱਕੇ ਰੇਡੀਓ ਰੈੱਡਐੱਫਐਮ ਦੇ ਮੇਜ਼ਬਾਨ ਰਿਸ਼ੀ ਨਾਗਰ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਸੱਤ ਗੁਣਾਂ ਫੀਸ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹੇ ਗਏ ਸਾਲ ਅਤੇ ਇੱਥੋਂ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਦੇ ਸਾਲਾਂ ਦਾ ਮੇਲ ਨਾ ਖਾਣਾ, ਨੌਜੁਆਨਾਂ ਅੰਦਰ ਬੇਚੈਨੀ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਨੌਜੁਆਨਾਂ ਨੂੰ ਆਪਣੇ ਸੱਭਿਆਚਾਰ ਤੇ ਆਪਣੇ ਨਾਲ ਜੋੜਨ ਲਈ ਇਮਾਨਦਾਰੀ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਸੁਚੇਤ ਰਹਿੰਦੇ ਹੋਏ ਲੁੱਟ-ਖਸੁੱਟ ਤੋਂ ਬਚਣਾ ਚਾਹੀਦਾ ਹੈ।
ਇੰਜਨੀਅਰ ਜੀਰ ਸਿੰਘ ਬਰਾੜ ਨੇ ਕਿਹਾ ਕਿ ਪਰਿਵਾਰ ਵਿੱਚ ਦਾਦੀ-ਦਾਦੇ ਦੀ ਹੋਂਦ ਨੌਜੁਆਨਾਂ ਨੂੰ ਆਪਣੇ ਸੱਭਿਆਚਾਰ ਤੇ ਬੋਲੀ ਨਾਲ ਜੋੜਨ ਲਈ ਬਹੁਤ ਲਾਹੇਵੰਦ ਹੁੰਦੀ ਹੈ। ਵਿਦਿਆਰਥੀਆਂ ਸਿਕੰਦਰ ਸਿੰਘ, ਸ਼ੈਰੀ ਬਰਾੜ ਨੇ ਵੀ ਵਿਚਾਰ ਪ੍ਰਗਟਾਏ।
ਸੁਰਿੰਦਰ ਗੀਤ ਨੇ ਕਿਹਾ ਕਿ ਕਵਿਤਾ ਬੇਰੋਕ ਆਉਂਦੀ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਪੰਜਾਬੀ ਬੋਲੀ ਵਿੱਚੋਂ ਗਾਲ੍ਹਾਂ ਬਾਹਰ ਕੱਢ ਦਿਓ ਬੋਲੀ ਆਪੇ ਮਕਬੂਲ ਹੋ ਜਾਵੇਗੀ। ਉਨ੍ਹਾਂ ਆਪਣੀ ਕਵਿਤਾ, ‘ਬੈਠ ਗਈ ਹੈ ਜਿੰਦ ਨਿਮਾਣੀ, ਥੱਕੀ ਟੁੱਟੀ ਆਪਣੇ ਆਪ ਦਾ ਢਾਸਣਾ ਲਾ ਕੇ’ ਅਤੇ ਇੱਕ ਗ਼ਜ਼ਲ ਸਾਂਝੀ ਕੀਤੀ। ਰਵੀ ਜਨਾਗਲ ਨੇ ਸੰਤ ਰਾਮ ਉਦਾਸੀ ਦੇ ਗੀਤ ‘ਦੇਈਂ ਨਾ ਵੀਰਾ ਵਣਜਾਰਿਆ, ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ’ ਗੀਤ ਸੁਣਾਇਆ। ਸੁਖਵਿੰਦਰ ਸਿੰਘ ਤੂਰ, ਗੁਰਜੀਤ ਕੌਰ, ਸਨੀ ਸਵੈਚ, ਹਰਮਿੰਦਰ ਸਿੰਘ, ਜਗਦੀਸ਼ ਸਰੋਆ, ਮਨਮੋਹਨ ਸਿੰਘ ਬਾਠ ਅਤੇ ਪਰਮਜੀਤ ਸਿੰਘ ਭੰਗੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਸੁਖਵਿੰਦਰ ਸਿੰਘ ਥਿੰਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 2021-2023 ਦਰਮਿਆਨ ‘ਪੰਜਾਬ ਦੇ ਆਰਥਿਕ ਤੇ ਸਮਾਜਿਕ ਹਾਲਾਤ’ ਬਾਰੇ ਕੀਤੇ ਗਏ ਸਰਵੇ ਦੇ ਤੱਥ ਸਾਂਝੇ ਕੀਤੇ। ਸੁਰਿੰਦਰ ਢਿੱਲੋਂ, ਪ੍ਰੋ. ਸ਼ੁਭ ਪ੍ਰੇਮ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿੱਚ ਜਸਜੋਤ ਕੌਰ, ਇਕਬਾਲ ਸਿੰਘ ਰੁਪਾਲ, ਅਮਰਪਾਲ ਕੌਰ ਰੁਪਾਲ, ਪੈਰੀ ਮਾਹਲ, ਸਿਮਰ ਕੌਰ ਚੀਮਾ, ਅਮਰੀਕ ਸਿੰਘ ਸਰੋਆ, ਰੈਮੀ ਸਵੈਚ ਤੇ ਗਿਆਨ ਕੌਰ ਸੀਹਰਾ ਨੇ ਵੀ ਹਾਜ਼ਰੀ ਭਰੀ।
ਖ਼ਬਰ ਸਰੋਤ: ਕੈਲਗਰੀ ਲੇਖਕ ਸਭਾ (403-402-9635)
ਬਿੰਦੂ ਦਲਵੀਰ ਕੌਰ ਦਾ ਗ਼ਜ਼ਲ ਸੰਗ੍ਰਹਿ ‘ਹਰਫ਼ ਇਲਾਹੀ’ ਰਿਲੀਜ਼
ਇਟਲੀ: ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ, ਇਟਲੀ ਵੱਲੋਂ ਇਟਲੀ ਦੇ ਸ਼ਹਿਰ ਬਨੀਓਲੋ ਇਨ ਪਿਆਨੋ ਵਿਖੇ ਸਭਾ ਦੀ ਬੈਠਕ ਬਲਵਿੰਦਰ ਸਿੰਘ ਚਾਹਲ ਦੇ ਸਵਾਗਤ ਵਿੱਚ ਇਕੱਤਰ ਹੋਈ। ਇਸ ਵਿੱਚ ਸ਼ਾਮਲ ਲੇਖਕਾਂ ਵੱਲੋਂ ਗੀਤ, ਗ਼ਜ਼ਲ ਅਤੇ ਨਜ਼ਮਾਂ ਦੀ ਸਾਂਝ ਤੋਂ ਇਲਾਵਾ ਇਟਲੀ ਸਮੇਤ ਯੂਰਪੀ ਪੰਜਾਬੀ ਸਾਹਿਤ ਬਾਰੇ ਅਹਿਮ ਵਿਚਾਰ ਸਾਂਝੇ ਕੀਤੇ ਗਏ। ਸੰਚਾਲਨ ਕਰਤਾ ਦਲਜਿੰਦਰ ਰਹਿਲ ਵੱਲੋਂ ਬਲਵਿੰਦਰ ਸਿੰਘ ਚਾਹਲ ਦੇ ਇਟਲੀ ਅਤੇ ਯੂਕੇ ਰਹਿੰਦਿਆਂ ਵੀ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਾਹਿਤਕ ਕਾਰਜਾਂ ਸਮੇਤ ਯੂਰਪੀ ਪੰਜਾਬੀ ਕਾਨਫਰੰਸਾਂ ਵਿੱਚ ਪਾਏ ਯੋਗਦਾਨ ਅਤੇ ਉਨ੍ਹਾਂ ਦੀ ਕਿਤਾਬ ‘ਇਟਲੀ ਵਿੱਚ ਸਿੱਖ ਫ਼ੌਜੀ ਦੂਜਾ ਵਿਸ਼ਵ ਯੁੱਧ’ ਦਾ ਜ਼ਿਕਰ ਵਿਸਥਾਰ ਨਾਲ ਕੀਤਾ ਗਿਆ। ਇਸ ਸਮਾਗਮ ਦੀ ਨੁਮਾਇੰਦਗੀ ਕਰ ਰਹੇ ਸਭਾ ਦੇ ਜਨਰਲ ਸਕੱਤਰ ਪ੍ਰੋ. ਜਸਪਾਲ ਸਿੰਘ ਨੇ ਕਿਹਾ ਕਿ ਸਾਹਿਤ ਇੱਕ ਸਮੂਹਿਕ ਕਾਰਜ ਹੈ ਜਿਸ ਨੂੰ ਬਲਵਿੰਦਰ ਸਿੰਘ ਚਾਹਲ ਨੇ ਬਾਖ਼ੂਬੀ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਲੇਖਕ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਸਿਰਜਣ ਪ੍ਰੀਕਿਰਿਆ ਦੇ ਨਾਲ ਨਾਲ ਅਗਲੀ ਪੀੜ੍ਹੀ ਅਤੇ ਸਮਾਜ ਨੂੰ ਵੀ ਸਾਹਿਤ ਅਤੇ ਆਪਣੀ ਮਾਂ ਬੋਲੀ ਨਾਲ ਜੋੜੇ।
ਇਕੱਤਰਤਾ ਵਿੱਚ ਬਿੰਦੂ ਦਲਵੀਰ ਕੌਰ ਕੈਨੇਡਾ ਦਾ ਗ਼ਜ਼ਲ ਸੰਗ੍ਰਹਿ ‘ਹਰਫ਼ ਇਲਾਹੀ’ ਯੂਰਪੀ ਪੰਜਾਬੀ ਪਾਠਕਾਂ ਲਈ ਲੋਕ ਅਰਪਣ ਕੀਤਾ ਗਿਆ। ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਆਰੰਭੇ ਵਿਸ਼ਵ ਪੱਧਰੀ ਕਾਰਜ ‘ਨਵੀਆਂ ਕਲਮਾਂ ਨਵੀਂ ਉਡਾਣ’ ਲਈ ਸੁੱਖੀ ਬਾਠ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਇਸ ਕਾਰਜ ਪ੍ਰਤੀ ਯੂਰਪੀ ਸਹਿਯੋਗ ਦੀ ਪ੍ਰਤੀਬੱਧਤਾ ਨੂੰ ਵੀ ਦੁਹਰਾਇਆ ਗਿਆ। ਸਭਾ ਦੀ ਚੱਲਦੀ ਮੀਟਿੰਗ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਦਲਵੀਰ ਕਥੂਰੀਆ ਅਤੇ ‘ਅੱਖਰ’ ਮੈਗਜ਼ੀਨ ਦੇ ਸੰਪਾਦਕ ਵਿਸ਼ਾਲ ਬਿਆਸ ਦੀ ਫੋਨ ’ਤੇ ਲੱਗੀ ਹਾਜ਼ਰੀ ਨੇ ਇਸ ਇਕੱਤਰਤਾ ਨੂੰ ਹੋਰ ਵੀ ਅਹਿਮ ਬਣਾ ਦਿੱਤਾ। ਸਭਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਮੱਲ੍ਹੀ ਅਤੇ ਪ੍ਰੈੱਸ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ ਵੱਲੋਂ ਸਭਾ ਦੀ ਬਿਹਤਰੀ ਲਈ ਪੇਸ਼ ਕੀਤੇ ਗਏ ਸੁਝਾਵਾਂ ਦਾ ਲੇਖਕਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਇਕੱਤਰਤਾ ਵਿੱਚ ਲੇਖਕ ਕਰਮਜੀਤ ਕੌਰ ਰਾਣਾ, ਜਸਵਿੰਦਰ ਕੌਰ ਮਿੰਟੂ, ਦਲਜਿੰਦਰ ਰਹਿਲ, ਗਾਇਕ ਦੀਪ ਇਟਲੀ ਅਤੇ ਸੋਢੀ ਮੱਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਿਨ੍ਹਾਂ ਨੇ ਆਪਣੀਆਂ ਲਿਖਤਾਂ ਅਤੇ ਗੀਤਾਂ ਰਾਹੀਂ ਇਸ ਸਾਹਿਤਕ ਮਹਿਫ਼ਿਲ ਵਿੱਚ ਆਪਣੀ ਹਾਜ਼ਰੀ ਲਗਵਾਈ ਅਤੇ ਵਿਚਾਰ ਸਾਂਝੇ ਕੀਤੇ। ਗੁਰਲੀਨ ਕੌਰ ਦੀ ਮਾਪਿਆਂ ਪ੍ਰਤੀ ਬੋਲੀ ਕਵਿਤਾ ਨੂੰ ਸਭ ਨੇ ਸਰਾਹਿਆ।
ਖ਼ਬਰ ਸਰੋਤ: ਸਾਹਿਤ ਸੁਰ ਸੰਗਮ ਸਭਾ, ਇਟਲੀ
ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ’ਚ ਚੱਲਿਆ ਕਵਿਤਾਵਾਂ ਦਾ ਦੌਰ
ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਸਾਲ 2024 ਦੀ ਪਹਿਲੀ ਮਾਸਿਕ ਇਕੱਤਰਤਾ ਪਿਛਲੇ ਦਿਨੀਂ ਕੋਸੋ ਹਾਲ ਵਿੱਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ। ਸਵਾਗਤੀ ਸ਼ਬਦਾਂ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸਭ ਨੂੰ ਜੀ ਆਇਆਂ ਕਿਹਾ। ਜਸਵੰਤ ਸਿੰਘ ਕਪੂਰ ਨੇ ਸਭਾ ਦੀ ਕਾਰਵਾਈ ਦਾ ਆਰੰਭ ਕਰਦਿਆਂ ਕਿਹਾ ਕਿ ਲਿਖਣ ਦੀ ਕਲਾ ਵਾਹਿਗੁਰੂ ਵੱਲੋਂ ਬਖ਼ਸ਼ੀ ਅਨਮੋਲ ਦਾਤ ਹੁੰਦੀ ਹੈ। ਉਨ੍ਹਾਂ ਨੇ ਇੱਕ ਕਵਿਤਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ।
ਸਭਾ ਦੀ ਕਾਰਜਕਾਰਨੀ ਕਮੇਟੀ ਦੀ ਮੈਂਬਰ ਸਰਬਜੀਤ ਕੌਰ ਉੱਪਲ ਨੇ ਬਾਬਾ ਨਜਮੀ ਦੀ ਲਿਖੀ ਗ਼ਜ਼ਲ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਰੋਤਿਆਂ ਨਾਲ ਸਾਂਝੀ ਕੀਤੀ। ਕੈਲਗਰੀ ਲੇਖਕ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਨੇ ਹਿੰਦੂ ਸਿੱਖ ਏਕਤਾ ਲਈ ਅਪੀਲ ਕਰਦੀ ਆਪਣੀ ਮੌਲਿਕ ਰਚਨਾ ਸੁਣਾਈ। ਡਾ. ਮਨਮੋਹਨ ਸਿੰਘ ਬਾਠ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਸੁਣਾਈ। ਪੈਰੀ ਮਾਹਲ ਨੇ ਆਪਣੀ ਭਾਰਤ ਫੇਰੀ ਦੌਰਾਨ ਮਿਲੇ ਨਵੇਂ ਤਜਰਬੇ ਦੇ ਆਧਾਰ ’ਤੇ ਮਿਲੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਸੁਰਿੰਦਰ ਢਿੱਲੋਂ ਨੇ ਮਨੁੱਖੀ ਜ਼ਿੰਦਗੀ ਦਾ ਦੁਖਾਂਤ ਵਰਣਨ ਕਰਦੀ ਨਜ਼ਮ ਸੁਣਾਈ। ਗਾਇਕ ਸੁਖਮੰਦਰ ਸਿੰਘ ਤੂਰ ਨੇ ਜਸਵਿੰਦਰ ਸਿੰਘ ਰੁਪਾਲ ਦੀ ਰਚਨਾ ਨੂੰ ਸੁਰੀਲੇ ਸੰਜੋਗ ’ਚ ਪਰੋ ਕੇ ਰੰਗ ਬੰਨ੍ਹਿਆ। ਅੰਤ ਵਿੱਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਆਪਣੇ ਕਵਿਤਾ ਲਿਖਣ ਦੇ ਤਜਰਬੇ ਬਾਰੇ ਸਾਂਝ ਪਾਉਂਦਿਆਂ ਕਿਹਾ ਕਿ ਕਵਿਤਾ ਦੀ ਕੋਈ ਸੀਮਾਂ ਨਹੀਂ ਹੁੰਦੀ। ਕਵਿਤਾ ਲਿਖਣ ਲਈ ਕਵੀ ਦਾ ਕਲਪਨਾਸ਼ੀਲ ਹੋਣਾ ਲਾਜ਼ਮੀ ਹੈ। ਕਲਪਨਾ ਤੋਂ ਬਿਨਾਂ ਨਾ ਹੀ ਕਵਿਤਾ ਲਿਖੀ ਜਾ ਸਕਦੀ ਹੈ।
ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ
ਸੰਪਰਕ: (403) 605-3734
ਗ਼ਜ਼ਲ ਮੰਚ ਸਰੀ ਦੀ ਵੈੱਬਸਾਈਟ ਲਾਂਚ
ਹਰਦਮ ਮਾਨ
ਸਰੀ: ਵੈਨਕੂਵਰ ਦੇ ਪੰਜਾਬੀ ਸਾਹਿਤਕ ਖੇਤਰ ਵਿੱਚ ਸਰਗਰਮ ਸੰਸਥਾ ‘ਗ਼ਜ਼ਲ ਮੰਚ ਸਰੀ’ ਵੱਲੋਂ ਮੰਚ ਦੀ ਵੈੱਬਸਾਈਟ ਬਣਾਈ ਗਈ ਹੈ। ਇਸ ਵੈੱਬਸਾਈਟ ਨੂੰ ਲਾਂਚ ਕਰਨ ਲਈ ਬੀਤੇ ਦਿਨ ਸਿਟੀ ਸੈਂਟਰ ਲਾਇਬ੍ਰੇਰੀ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਗ਼ਜ਼ਲ ਮੰਚ ਦੇ ਸਕੱਤਰ ਦਵਿੰਦਰ ਗੌਤਮ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਨ੍ਹਾਂ ਦੱਸਿਆ ਕਿ ਗ਼ਜ਼ਲ ਮੰਚ ਵੱਲੋਂ ਆਪਣੀ ਪ੍ਰਕਾਸ਼ਨਾ ਵੀ ਸ਼ੁਰੂ ਕੀਤੀ ਗਈ ਹੈ ਤੇ ਹੁਣ ਤੱਕ ਪੰਜ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ। ਇਸ ਵੈੱਬਸਾਈਟ ਰਾਹੀਂ ਆਉਣ ਵਾਲੇ ਸਮੇਂ ਵਿੱਚ ਨਾਮਵਰ ਚਿੰਤਕਾਂ, ਸਾਹਿਤਕਾਰਾਂ, ਵਿਦਵਾਨਾਂ ਦੇ ਜੀਵਨ, ਰਚਨਾਤਮਕ ਕਾਰਜ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਸਬੰਧੀ ਗੱਲਬਾਤ ਰਿਕਾਰਡ ਕਰਕੇ ਪੰਜਾਬੀ ਪਾਠਕਾਂ ਤੀਕ ਪਹੁੰਚਾਈ ਜਾਵੇਗੀ।
ਵੈੱਬਸਾਈਟ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਗ਼ਜ਼ਲ ਮੰਚ ਦੀ ਸ਼ਾਇਰਾ ਸੁਖਜੀਤ ਨੇ ਕਿਹਾ ਕਿ ਪੰਜਾਬੀ ਸਾਹਿਤ ਨੂੰ ਸਮਰਪਿਤ ਵੈੱਬਸਾਈਟ ਸ਼ੁਰੂ ਕਰਨਾ ਸਿਰਫ਼ ਇੱਕ ਡਿਜੀਟਲ ਕੋਸ਼ਿਸ਼ ਨਹੀਂ ਹੈ; ਇਹ ਇੱਕ ਅਮੀਰ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਹੈ। ਇੱਕ ਜੀਵੰਤ ਔਨਲਾਈਨ ਸਪੇਸ ਬਣਾ ਕੇ, ਅਸੀਂ ਨਾ ਸਿਰਫ਼ ਪੰਜਾਬੀ ਸਾਹਿਤ ਦੀ ਵਿਰਾਸਤ ਨੂੰ ਸੁਰੱਖਿਅਤ ਰੱਖ ਸਕਦੇ ਹਾਂ, ਸਗੋਂ ਇਸ ਨੂੰ ਵਿਸ਼ਵ-ਵਿਆਪੀ ਸਰੋਤਿਆਂ ਤੀਕ ਪਹੁੰਚਾ ਸਕਦੇ ਹਾਂ। ਵੈੱਬਸਾਈਟ ਨੂੰ ਡਿਜ਼ਾਇਨ ਕਰਨ ਵਾਲੇ ਸ਼ਾਇਰ ਰਾਜਵੰਤ ਰਾਜ ਨੇ ਦੱਸਿਆ ਕਿ ਵੈੱਬਸਾਈਟ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਦੇਖਿਆ, ਪੜਿ੍ਹਆ ਜਾ ਸਕਦਾ ਹੈ। ਗ਼ਜ਼ਲ ਮੰਚ ਦੇ ਸਾਰੇ ਪ੍ਰੋਗਰਾਮਾਂ, ਸਰਗਰਮੀਆਂ, ਮੰਚ ਦੇ ਮੈਂਬਰਾਂ ਦੀਆਂ ਕਿਤਾਬਾਂ ਅਤੇ ਸ਼ਾਇਰਾਂ ਬਾਰੇ ਤਸਵੀਰਾਂ, ਵੀਡੀਓਜ਼ ਸਹਿਤ ਜਾਣਕਾਰੀ ਇੱਥੋਂ ਹਾਸਲ ਕੀਤੀ ਜਾ ਸਕਦੀ ਹੈ।
ਜਰਨੈਲ ਸਿੰਘ ਸੇਖ, ਸ਼ਾਇਰ ਮੋਹਨ ਗਿੱਲ, ਪਰਮਿੰਦਰ ਸਵੈਚ, ਡਾ. ਸੁਖਵਿੰਦਰ ਵਿਰਕ, ਨਵਰੂਪ ਸਿੰਘ, ਪ੍ਰੀਤਪਾਲ ਪੂਨੀ ਅਟਵਾਲ, ਸੁਖਵਿੰਦਰ ਚੋਹਲਾ, ਹਰੀ ਸਿੰਘ ਤਾਤਲਾ, ਅੰਗਰੇਜ਼ ਬਰਾੜ, ਜਰਨੈਲ ਸਿੰਘ ਆਰਟਿਸਟ, ਬਿੰਦੂ ਮਠਾੜੂ, ਜਸਬੀਰ ਮਾਨ, ਅੰਮ੍ਰਿਤ ਢੋਟ, ਮਹਿੰਦਰਪਾਲ ਪਾਲ ਅਤੇ ਹੋਰ ਮਹਿਮਾਨਾਂ ਨੇ ਗ਼ਜ਼ਲ ਮੰਚ ਦੀ ਟੀਮ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਦੌਰਾਨ ਡਾ. ਰਣਦੀਪ ਮਲਹੋਤਰਾ, ਡਾ. ਸੁਖਵਿੰਦਰ ਵਿਰਕ ਅਤੇ ਸ਼ਾਇਰ ਸੁਖਵਿੰਦਰ ਚੋਹਲਾ ਨੇ ਗ਼ਜ਼ਲਾਂ ਤੇ ਕਵਿਤਾਵਾਂ ਪੇਸ਼ ਕੀਤੀਆਂ।
ਸੰਪਰਕ: +1 604 308 6663