ਰਹਿੰਦ-ਖੂੰਹਦ ਸਾੜੇ ਬਿਨਾਂ ਖੇਤੀ ਕਰ ਰਿਹੈ ਜਸਵਿੰਦਰ ਸਿੰਘ ਬਰਾੜ
ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਨਵੰਬਰ
ਖੇਤੀ ਵਿਗਿਆਨੀ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਢਾਈ ਦਹਾਕਿਆਂ ਤੋਂ ਬਿਨਾ ਰਹਿੰਦ-ਖੂੰਹਦ ਸਾੜੇ ਖੇਤੀ ਕਰਕੇ ਹੋਰਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐੱਸਐੱਮਐੱਸ) ਕੰਬਾਈਨ ਨਾਲ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਗਈ ਹੈ। ਕਣਕ ਦੀ ਬਿਜਾਈ ਲੱਕੀ ਹੈਪੀ ਸੀਡਰ ਮਸ਼ੀਨ ਨਾਲ ਕੰਬਾਈਨ ਦੇ ਖੇਤ ਨੂੰ ਬਿਨਾਂ ਵਾਹਿਆਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਕੀਤੀ ਕਣਕ ਨਾਲ ਜਿੱਥੇ ਖੇਤੀ ਲਾਗਤ ਖਰਚੇ ਘਟਦੇ ਹਨ, ਉੱਥੇ ਪੈਦਾਵਾਰ ਵਿੱਚ ਵੀ ਵਾਧਾ ਹੁੰਦਾ ਹੈ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਸਰਕਾਰੀ ਬੀਜ ਫਾਰਮ ’ਤੇ ਬਤੌਰ ਇੰਚਾਰਜ਼ ਵਧੀਆ ਕੰਮ ਕਰਨ ਬਦਲੇ ਪਹਿਲਾ ਪ੍ਰਸ਼ੰਸਾ ਪੱਤਰ ਸਾਲ 2001 ਵਿੱਚ ਹਾਸਲ ਕੀਤਾ ਤੇ ਉਸ ਤੋਂ ਬਾਅਦ ਅਨੇਕਾਂ ਪ੍ਰਸ਼ੰਸਾ ਪੱਤਰ ਤੋਂ ਇਲਾਵਾ ਸਟੇਟ ਅਵਾਰਡ ਵੀ ਹਾਸਲ ਕੀਤੇ। ਉਸ ਸਮੇਂ ਉਨ੍ਹਾਂ ਜ਼ੀਰੋ ਡ੍ਰਿੱਲ ਤੇ ਸਪੇਸੀਅਸ ਜ਼ੀਰੋ ਡ੍ਰਿੱਲ ਨਾਲ ਕਣਕ ਦੀ ਬਿਜਾਈ ਕਰ ਕੇ ਵਧੀਆ ਝਾੜ ਪ੍ਰਾਪਤ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕੰਮ ਥੋੜਾ ਔਖਾ ਜ਼ਰੂਰ ਹੈ ਪਰ ਅਸੰਭਵ ਨਹੀਂ ਇਕੱਲੇ ਰੀਪਰ ’ਤੇ ਪਾਬੰਦੀ ਲਾਉਣ ਨਾਲ ਪੰਜਾਹ ਫੀਸਦੀ ਆਬੋ-ਹਵਾ ਵਿੱਚ ਸੁਧਾਰ ਆ ਸਕਦਾ ਹੈ।