ਜਸਵੰਤ ਜ਼ਫ਼ਰ ਨੇ ਵਿਦਿਆਰਥੀਆਂ ਨਾਲ ਤਜਰਬੇ ਸਾਂਝੇ ਕੀਤੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਮੁਖੀ ਜਸਵੰਤ ਸਿੰਘ ਜ਼ਫ਼ਰ ਨਾਲ ਅਧਿਆਪਕ ਦਿਵਸ ਮੌਕੇ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਸ੍ਰੀ ਜ਼ਫ਼ਰ ਨੇ ‘ਮੈਂ ਤੇ ਮੇਰੇ ਅਧਿਆਪਕ’ ਤਹਿਤ ਆਪਣੇ ਅਧਿਆਪਕਾਂ ਨਾਲ ਤਜਰਬੇ ਸਾਂਝੇ ਕੀਤੇ।
ਵਿਭਾਗ ਦੇ ਮੁਖੀ ਤੇ ਪ੍ਰੋਗਰਾਮ ਕਨਵੀਨਰ ਪ੍ਰੋ. ਕੁਲਵੀਰ ਗੋਜਰਾ ਨੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਤੱਪੜਾਂ ਵਾਲੇ ਸਕੂਲਾਂ ਵਾਲੇ ਵਿਦਿਆਰਥੀ ਜੀਵਨ ਦੌਰਾਨ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਪੀਐੱਚ. ਡੀ ਵਰਗੇ ਵਿਸ਼ਿਆਂ ਲਈ ਮਾਹਿਰ ਅਧਿਆਪਕ ਦੀ ਚੋਣ ਲਈ ਵਿਦਿਆਰਥੀਆਂ ’ਤੇ ਨੈਤਿਕ ਦਬਾਅ ਨਾ ਪਾਇਆ ਜਾਵੇ। ਉਨ੍ਹਾਂ ਅਧਿਆਪਕਾਂ ਦੇ ਸਮਾਜ ਲਈ ਯੋਗਵਾਨ ਨੂੰ ਵਡਿਆਇਆ। ਮੁੱਖ ਮਹਿਮਾਨ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਅਧਿਆਪਕ ਦਾ ਰੁਤਬਾ ‘ਬਾਦਸ਼ਾਹੀ’ ਵਾਲਾ ਹੁੰਦਾ ਹੈ। ਉਨ੍ਹਾਂ ਅਧਿਆਪਕਾਂ ਦੀ ਮਹੱਤਤਾ ਨੂੰ ਵੱਖਰੇ ਪ੍ਰਸੰਗ ਤੋਂ ਨਿਖੇੜਿਆ। ਉਨ੍ਹਾਂ ਕਿਹਾ ਕਿ ਬਹੁਤੇ ਸਿਆਸੀ ਆਗੂ ਚੰਗੇ ਨਹੀਂ ਹੁੰਦੇ ਤੇ ਚੰਗਾ ਜਾਂ ਮਾੜਾ ਸਮਾਜ ਚੰਗੇ ਜਾਂ ਮਾੜੇ ਅਧਿਆਪਕਾਂ ਕਰਕੇ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਅਧਿਆਪਕ ਵਧੇਰੇ ਯਾਦ ਕੀਤੇ ਜਾਂਦੇ ਹਨ ਜੋ ਪਾਠਕ੍ਰਮ ਤੋਂ ਬਾਹਰੋਂ ਵੀ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਖ਼ੁਦ-ਬ-ਖ਼ੁਦ ਪੜ੍ਹਨ ਲਈ ਪ੍ਰੇਰਨ ਦਾ ਸੱਦਾ ਦਿੱਤਾ। ਮੰਚ ਸੰਚਾਲਕ ਤੇ ਕੋਆਰਡੀਨੇਟਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਤਸੀਹੇ ਕੇਂਦਰ ਨਾ ਬਣਾਏ ਜਾਣ ਸਗੋਂ ਉੱਥੇ ਦਿਲਚਸਪੀ ਵਾਲਾ ਮਾਹੌਲ ਸਿਰਜਿਆ ਜਾਵੇ। ਇਸ ਮੌਕੇ ਪ੍ਰੋ. ਰਵਿੰਦਰ ਰਵੀ, ਡਾ. ਮਨਜੀਤ ਸਿੰਘ, ਡਾ. ਨਛੱਤਰ ਸਿੰਘ, ਡਾ. ਬਲਜਿੰਦਰ ਨਸਰਾਲੀ, ਡਾ. ਰਜਨੀ ਬਾਲਾ ਸ਼ਾਮਲ ਸਨ।