ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਰੇ ਹਿੱਸੇ ਦਾ ਜਸਵੰਤ ਸਿੰਘ ਕੰਵਲ

10:43 AM Jul 09, 2023 IST
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪੜ੍ਹਿਆ-ਗੁੜ੍ਹਿਆ
ਵਰਿਆਮ ਸਿੰਘ ਸੰਧੂ
‘ਲਹੂ ਦੀ ਲੋਅ’ ਉਦੋਂ ਕਿਸੇ ਬਾਹਰਲੇ ਮੁਲਕ ਵਿੱਚ ਛਪਿਆ ਤੇ ਉਹਦੀਆਂ ਕੁਝ ਕੁ ਕਾਪੀਆਂ ‘ਸਮਗਲ’ ਹੋ ਕੇ ਪੰਜਾਬ ਪਹੁੰਚੀਆਂ ਸਨ। ਦੇਸ਼ ਵਿੱਚ ਐਮਰਜੈਂਸੀ ਲੱਗੀ ਹੋਈ ਸੀ। ਹੁਣ ਤੱਕ ਬਹੁਤ ਸਾਰੀਆਂ ਮੱਛੀਆਂ ਲਹਿਰ ਦਾ ‘ਪੱਥਰ ਚੱਟ ਕੇ’ ਮੁੜ ਆਈਆਂ ਸਨ। ਐਂਮਰਜੈਂਸੀ ਕਰਕੇ ਨਹੀਂ ਸਗੋਂ ਇਹ ਅਹਿਸਾਸ ਹੋ ਜਾਣ ’ਤੇ ਕਿ ਲੋਕ-ਸਾਥ ਤੋਂ ਵਿਰਵੀਆਂ ਨਕਸਲਵਾਦ ਵਰਗੀਆਂ ਹਿੰਸਕ ਲਹਿਰਾਂ ਕਦੇ ਕਾਮਯਾਬ ਨਹੀਂ ਹੁੰਦੀਆਂ। ਕੁਝ ਸਾਲ ਪਹਿਲਾਂ ਹੀ ਮੈਂ ਤੇ ਹਰਭਜਨ ਹਲਵਾਰਵੀ ਨੇ ਇਸ ਲਹਿਰ ਨਾਲੋਂ ਸੁਚੇਤ ਤੌਰ ’ਤੇ ਨਾਤਾ ਤੋੜ ਲਿਆ ਸੀ। ਹਲਵਾਰਵੀ ਝੂਠੇ ਕਤਲ ਕੇਸ ਵਿੱਚ ਜੇਲ੍ਹ ਜਾਣ ਤੋਂ ਬਾਅਦ ਰਿਹਾਅ ਹੋ ਕੇ ਪੰਜਾਬ ਯੂਨੀਵਰਸਿਟੀ ਵਿੱਚ ਐਮ.ਏ. ਭਾਗ ਦੂਜਾ ਵਿੱਚ ਦਾਖ਼ਲ ਹੋ ਗਿਆ ਤੇ ਮੈਂ ਦੋ ਵਾਰ ਗ੍ਰਿਫ਼ਤਾਰ ਹੋਣ ਤੋਂ ਬਾਅਦ ਤੀਜੀ ਗ੍ਰਿਫ਼ਤਾਰੀ ਤੋਂ ਬਚਦਾ ਏਥੇ ਹੀ ਐੱਮ.ਫ਼ਿਲ. ਵਿੱਚ ਆ ਦਾਖ਼ਲ ਹੋਇਆ। ‘ਲਹੂ ਦੀ ਲੋਅ’ ਦੀਆਂ ਕੁਝ ਕਾਪੀਆਂ ਵਿੱਚੋਂ ਇੱਕ ਕਾਪੀ ਸਾਡੇ ਅਧਿਆਪਕ ਕੇਸਰ ਸਿੰਘ ਕੇਸਰ ਕੋਲ ਪਹੁੰਚੀ ਸੀ। ਅਸੀਂ ਉਸ ਕੋਲੋਂ ਲੈ ਕੇ ਹੀ ਨਾਵਲ ਚੋਰੀ ਚੋਰੀ ਪੜ੍ਹਿਆ।
ਸਾਨੂੰ ਉਸ ਦੌਰ ਵਿੱਚ ਨਾਵਲ ਦਾ ਛਪਣਾ ਕੁਵੇਲੇ ਦੇ ਰਾਗ ਵਾਂਗ ਲੱਗਾ। ਇਸ ਨਾਵਲ ਦੀ ਆਲੋਚਨਾ ਕਰਦਾ ਇੱਕ ਲੰਮਾ ਲੇਖ ਰਘਬੀਰ ਢੰਡ ਨੇ ਲਿਖਿਆ, ‘ਲੋਅ ਦਾ ਲਹੂ’। ਜ਼ਾਹਿਰ ਹੈ ਉਹ ਨਾਵਲ ਵਿੱਚ ਢਾਡੀਆਂ ਵਾਂਗ ਨਕਸਲੀਆਂ ਦੀ ਬਹਾਦਰੀ ਦੀਆਂ ਵਾਰਾਂ ਗਾ ਕੇ ਨਵੀਂ ਪੀੜ੍ਹੀ ਦੀ ‘ਲੋਅ’ ਨੂੰ ‘ਲਹੂ’ ਵਿੱਚ ਬਦਲ ਕੇ ਡੋਲ੍ਹਣ ਦੇ ਖ਼ਿਲਾਫ਼ ਸੀ। ਪਰ ਬਹੁਤ ਸਾਰੇ ਪਾਠਕਾਂ ਨੇ ਇਸ ਨਾਵਲ ਦਾ ਸੁਆਗਤ ਕੀਤਾ। ਇਸ ਨੂੰ ਇਤਿਹਾਸਕ ਦਸਤਾਵੇਜ਼ ਨਾਲ ਤੁਲਨਾ ਦਿੱਤੀ। ਇਤਰਾਜ਼ ਕਰਨ ਵਾਲੇ ਕਹਿੰਦੇ ਸਨ ਕਿ ਕੰਵਲ ਉਪਭਾਵਕ ਹੈ ਤੇ ਨੌਜਵਾਨਾਂ ਦੀ ਉਪਭਾਵਕਤਾ ਦਾ ਫ਼ਾਇਦਾ ਆਪਣਾ ਨਾਵਲ ਵੇਚਣ ਲਈ ਕਰਦਾ ਹੈ।
ਮੇਰਾ ਮੰਨਣਾ ਹੈ ਤੇ ਇਹ ਗੱਲ ਮੈਂ ਪਿੱਛੇ ਕਹਿ ਵੀ ਆਇਆ ਹਾਂ ਕਿ ਕੰਵਲ ਨਾਲ ਸਹਿਮਤ ਹੋਈਏ ਜਾਂ ਨਾ, ਉਹ ਕਿਸੇ ਲਾਭ ਲਈ ਵਿਚਾਰਧਾਰਕ ਪੈਂਤੜਾ ਨਾ ਹੀ ਲੈਂਦਾ ਸੀ, ਨਾ ਹੀ ਬਦਲਦਾ ਸੀ। ਉਹ ਸੁਹਿਰਦ ਹੋ ਕੇ ਹੀ ਆਪਣਾ ਪੈਂਤੜਾ ਲੈਂਦਾ ਸੀ। ਖਾੜਕੂ ਮੁੰਡਿਆਂ ਨਾਲ ਉਹਦੀ ਹਮਦਰਦੀ ਨੂੰ ਵੀ ਇਸੇ ਪ੍ਰਸੰਗ ਵਿੱਚ ਵੇਖਿਆ ਜਾ ਸਕਦਾ ਹੈ।
‘‘ਮੈਂ ਤਾਂ ਹੁਣ ਮਰ ਈ ਜਾਣੈਂ। ਪਰ ਤੂੰ ‘ਜਿਊਂਦਾ’ ਰਹੀਂ।’’
ਜਿਵੇਂ ਮੈਂ ਪਿੱਛੇ ਜ਼ਿਕਰ ਕੀਤਾ ਹੈ, ਕਦੇ ਮੇਰੀ ਬੜੀ ਤੀਬਰ ਇੱਛਾ ਹੁੰਦੀ ਸੀ ਕਿ ਮੈਂ ਉਹ ਥਾਂ, ਉਹ ਗਰਾਂ ਵੇਖਾਂ ਜਿੱਥੇ ਜਸਵੰਤ ਸਿੰਘ ਕੰਵਲ ਜੰਮਿਆ, ਪ੍ਰਵਾਨ ਚੜ੍ਹਿਆ, ਜਿਨ੍ਹਾਂ ਗਲ਼ੀਆਂ ਵਿੱਚ ਉਹਦੇ ਪੈਰਾਂ ਦੀ ਛਾਪ ਲੱਗੀ। ਉਨ੍ਹਾਂ ਹਵਾਵਾਂ ਵਿੱਚ ਸਾਹ ਲਵਾਂ ਜਿਨ੍ਹਾਂ ਹਵਾਵਾਂ ਵਿੱਚ ਕੰਵਲ ਸਾਹ ਲੈਂਦਾ ਰਿਹਾ ਹੈ।
ਇੱਕ ਵਾਰ ਇਹ ਖ਼ੂਬਸੂਰਤ ਸਬੱਬ ਵੀ ਬਣ ਗਿਆ। (ਮਰਹੂਮ) ਪ੍ਰੋ. ਰਮਨ ਉਨ੍ਹੀਂ ਦਿਨੀਂ ਢੁੱਡੀਕੇ ਕਾਲਜ ਵਿੱਚ ਪੜ੍ਹਾਉਂਦਾ ਸੀ। ਉਹਨੇ ਆਪਣੇ ਕਾਲਜ ਵਿੱਚ ਮੇਰਾ ਰੂਬਰੂ ਰੱਖ ਦਿੱਤਾ। ਪ੍ਰਧਾਨਗੀ ਜਸਵੰਤ ਸਿੰਘ ਕੰਵਲ ਦੀ। ਮੈਂ ਤਾਂ ਸੁਣ ਕੇ ਧੰਨ ਹੋ ਗਿਆ। ਰੂਬਰੂ ਤਾਂ ਬਥੇਰੇ ਹੁੰਦੇ ਰਹਿੰਦੇ ਸਨ/ਹਨ, ਪਰ ਜਸਵੰਤ ਸਿੰਘ ਕੰਵਲ ਦੀ ਪ੍ਰਧਾਨਗੀ ਵਿੱਚ, ਉਹਦੀ ਹਾਜ਼ਰੀ ਵਿੱਚ, ਉਹਦੀ ਜਨਮ ਭੋਇੰ ’ਤੇ, ਉਹਦੇ ਹੱਥੀਂ ਬਣਾਏ ਕਾਲਜ ਵਿੱਚ ਮੈਂ ਓਥੇ ਹੋਵਾਂਗਾ, ਸੋਚ ਕੇ ਹੀ ਮਨ ਰੁਮਾਂਚਤ ਹੋ ਉੱਠਿਆ। ਮੈਂ ਗਿਆ। ਕੰਵਲ ਜੱਫ਼ੀ ਪਾ ਕੇ ਮਿਲਿਆ। ਮੈਂ ਝਕਦਾ ਝਕਦਾ ਬੋਲਿਆ। ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਲਿਖਣਾ ਸਿੱਖਿਆ ਹੋਵੇ, ਉਨ੍ਹਾਂ ਅੱਗੇ ‘ਸਿਆਣਾ’ ਬਣ ਕੇ ਆਪਣੇ ਬਾਰੇ ਫੜ੍ਹਾਂ ਮਾਰਨੀਆਂ ਕਿੰਨੀ ਹੌਲੀ ਤੇ ਹੋਛੀ ਗੱਲ ਹੈ। ਮੈਂ ਇਸੇ ਨਿਮਰਤਾ ਵਿੱਚ ਬੋਲਿਆ। ਉਹ ਸਾਰੀਆਂ ਗੱਲਾਂ, ਜਿਹੜੀਆਂ ਇੱਥੇ ਲਿਖੀਆਂ ਨੇ, ਕੰਵਲ ਦੀ ਹਾਜ਼ਰੀ ਵਿੱਚ ਆਖੀਆਂ। ਆਪਣੀ ਜ਼ਿੰਦਗੀ ਵਿੱਚ ਉਹਦੇ ਯੋਗਦਾਨ ਨੂੰ ਨਮਸਕਾਰ ਕੀਤੀ। ਮੈਂ ਗੱਲ ਖ਼ਤਮ ਕਰ  ਕੇ ਬਹਿਣ ਲੱਗਾ ਤਾਂ ਕੰਵਲ ਉੱਠਿਆ ਤੇ ਪੂਰੇ ਜ਼ੋਰ  ਨਾਲ ਘੁੱਟ ਕੇ ਜੱਫ਼ੀ ਪਾ ਲਈ। ਇਸ ਜੱਫ਼ੀ ਵਿੱਚ ਕੁਝ ਚਿਰ ਪਹਿਲਾਂ ਮਿਲਣ ਵੇਲੇ ਪਾਈ ਜੱਫ਼ੀ ਨਾਲੋਂ  ਕਈ ਗੁਣਾਂ ਵੱਧ ਤੇਹੁ ਸੀ। ਜਿਵੇਂ ਕੋਈ ਬਾਪ ਆਪਣੇ ਬੱਚੇ ਦੀ ਪ੍ਰਾਪਤੀ ’ਤੇ ਖ਼ੁਸ਼ ਹੋ ਕੇ ਉਹਨੂੰ ਗਲ਼ ਨਾਲ ਲਾ ਰਿਹਾ ਹੋਵੇ।
ਪ੍ਰੋਗਰਾਮ ਤੋਂ ਬਾਅਦ ਕੰਵਲ ਹੱਸ ਕੇ ਕਹਿੰਦਾ, ‘‘ਚੱਲ ਘਰ ਨੂੰ ਚੱਲਦੇ ਆਂ। ਫ਼ਕੀਰਾਂ ਦੀ ਝੁੱਗੀ ਵਿੱਚ ਵੀ ਚਰਨ ਪਾ ਛੱਡ।’’
ਮੈਂ ਝੁਕ ਕੇ ਉਹਦੇ ਗੋਡਿਆਂ ਨੂੰ ਛੂਹ ਲਿਆ, ‘‘ਇੰਝ ਆਖ ਕੇ ਮੇਰੇ ਸਿਰ ਭਾਰ ਨਾ ਚੜ੍ਹਾਉ। ਮੈਂ ਤਾਂ ਤੁਹਾਡਾ ਬਣਾਇਆ, ਬਣਿਆਂ।’’
ਅਸੀਂ ਕੰਵਲ ਦੇ ਬਾਹਰਲੇ ਘਰ ਗਏ। ਬੜੇ ਲੋਕਾਂ ਨੇ ਉੁਹ ਘਰ ਵੇਖਿਆ ਹੋਵੇਗਾ। ਪਰ ਮੇਰੇ ਲਈ ਤਾਂ ਇਹ ਮੱਕੇ ਦੇ ਹੱਜ ਦੀ ਨਿਆਈਂ ਸੀ। ਕੰਵਲ ਇਸ ਘਰ ਵਿੱਚ ਡਾ. ਜਸਵੰਤ ਗਿੱਲ ਨਾਲ ਲਗਭਗ ਚਾਲੀ ਸਾਲ ਰਹਿੰਦਾ ਰਿਹਾ। ਪਤਾ ਨਹੀਂ ਕਿੰਨੇ ਕਰਮਾਂਵਾਲੇ ਪਾਠਕਾਂ/ਪ੍ਰਸੰਸਕਾਂ  ਨੇ ਇਸ ਘਰ ਦੀ ਜ਼ਿਆਰਤ ਕੀਤੀ ਹੋਵੇਗੀ। ਉੁਹ ਕਮਰਾ ਵੇਖਿਆ। ਉਹ ਮੇਜ਼ ਤੇ ਕੁਰਸੀ ਵੇਖੇ ਜਿਨ੍ਹਾਂ ’ਤੇ ਬੈਠ ਕੇ ਉਹਨੇ ਅਜਿਹੀਆਂ ਲਿਖਤਾਂ ਲਿਖੀਆਂ, ਜਿਨ੍ਹਾਂ ਨੇ ਇਤਿਹਾਸ ਸਿਰਜ ਦਿੱਤਾ।
ਕੁਝ ਸਾਲ ਹੋਏ, ਮੈਂ ਇੰਟਰਨੈੱਟ ’ਤੇ ਇੱਕ ਤਸਵੀਰ ਵੇਖੀ; ਕੰਵਲ ਆਪਣੀ ‘ਇਤਿਹਾਸਕ ਲਿਖਣ ਕੁਰਸੀ’ ’ਤੇ ਬੈਠਾ ਹੈ ਤੇ ਉਹਦੇ ਹੱਥ ਵਿੱਚ ਮੇਰੀਆਂ ਉਦੋਂ ਤੱਕ ਛਪੀਆਂ ਕੁੱਲ ਕਹਾਣੀਆਂ ਦੀ ਪੁਸਤਕ ‘ਤਿਲ਼-ਫੁੱਲ’ ਫੜੀ ਹੋਈ ਹੈ। ਉਹ ਸੱਚਮੁੱਚ ਮੇਰੀ ਕਿਤਾਬ ਪੜ੍ਹ ਰਿਹਾ ਸੀ। ਇਸ ਤਸਵੀਰ ਬਾਰੇ ਸੁਮੇਲ ਸਿੰਘ ਸਿੱਧੂ ਨੇ ਰਹੱਸ ਤੋਂ ਪਰਦਾ ਚੁੱਕਿਆ। ਕਹਿੰਦਾ, ‘‘ਕੁਝ ਸਾਲ ਪਹਿਲਾਂ ਮੈਂ ਕੰਵਲ ਸਾਹਿਬ ਨੂੰ ਮਿਲਣ ਉਨ੍ਹਾਂ ਦੇ ਕਮਰੇ ਵਿੱਚ ਦਾਖ਼ਲ ਹੋਇਆ ਤਾਂ  ਉਹ ਤੁਹਾਡੀ ਕਿਤਾਬ ਪੜ੍ਹ ਰਹੇ ਸਨ। ਮੈਂ ਇਸ ਦ੍ਰਿਸ਼ ਨੂੰ ਕੈਪਚਰ ਕਰਨਾ ਚਾਹੁੰਦਾ ਸਾਂ। ਮੈਨੂੰ ਵੇਖ ਕੇ ਉਹ ਹਿੱੱਲ ਜਾਂ ਉੱਠ ਨਾ ਪੈਣ; ਮੈਂ ਕਿਹਾ, ‘ਬੱਸ, ਇੰਝ ਹੀ ਬੈਠੇ ਰਹੋ। ਮੈਂ ਇੱਕ ਤਸਵੀਰ ਬਣਾ ਲਵਾਂ’।’’
ਤੁਸੀਂ ਜਿਸ ਲੇਖਕ ਦੀਆਂ ਕਿਤਾਬਾਂ ਪੜ੍ਹਦੇ ਜਵਾਨ ਹੋਏ ਹੋਵੋ, ਜਿਸਦਾ ਨਵਾਂ ਨਾਵਲ ਖ਼ਰੀਦਣ ਲਈ ਵੀਹ ਮੀਲ ਦੂਰ ਆਪਣੇ ਪਿੰਡੋਂ ਚੱਲ ਕੇ ਅੰਬਰਸਰ ਦੇ ਦਰਬਾਰ ਪਬਲਿਸ਼ਿੰਗ ਹਾਊਸ ਦੇ ਗੇੜੇ ਕੱਢਦੇ ਰਹੇ ਹੋਵੋ, ਜਿਸ ਨੂੰ ਮਿਲਣਾ ਤੁਸੀਂ ਕਦੇ ਸੁਪਨਿਆਂ ਵਿੱਚ ਚਿਤਵਿਆ ਹੋਵੇ ਤੇ ਜਿਸ ਦੇ ਨਾਵਲ ਤੁਸੀਂ ਸਿਰਹਾਣੇ ਰੱਖ ਕੇ ਸੌਂਦੇ ਰਹੇ ਹੋਵੋ, ਉਹ ਮਹਾਨ ਲੇਖਕ ਪੜ੍ਹਨ ਲਈ ਤੁਹਾਡੀ ਕਿਤਾਬ ਆਪਣੇ ਮੇਜ਼ ’ਤੇ ਰੱਖਦਾ ਹੋਵੇ ਤੇ ਪੜ੍ਹ ਵੀ ਰਿਹਾ ਹੋਵੇ, ਇਹ ਕਲਪਨਾ ਕਰ ਕੇ ਹੀ ਬੰਦਾ ਧਰਤੀ ਤੋਂ ਗਿੱਠ ਉੱਚਾ ਹੋ ਕੇ ਤੁਰਨ ਨਾ ਲੱਗ ਪਵੇ!
ਇਸ ਤੋਂ ਅੱਗੇ ਸੁਮੇਲ ਨੇ ਇਹ ਦੱਸ ਕੇ ਤਾਂ ਮੈਨੂੰ  ਸੱਤਵੇਂ ਅਸਮਾਨ ’ਤੇ ਚਾੜ੍ਹ ਦਿੱਤਾ; ਕਹਿੰਦਾ, ‘‘ਇੱਕ ਦਿਨ ਮੈਂ ਮੌਜ ਵਿੱਚ ਉਨ੍ਹਾਂ ਨਾਲ ਨਿੱਕੇ ਨਿੱਕੇ ਸਵਾਲ ਕਰ ਕੇ ਉਨ੍ਹਾਂ ਦੀ ਰਾਇ ਜਾਨਣੀ ਚਾਹ ਰਿਹਾ ਸਾਂ। ਮੈਂ ਸਹਿਵਨ ਪੁੱਛ ਲਿਆ, ਆਪਣੇ ਤੋਂ ਬਾਅਦ ਕੋਈ ਲੇਖਕ ਤੁਹਾਨੂੰ ਪਸੰਦ ਹੋਵੇ?’’
ਸੁਮੇਲ ਦੱਸਦਾ ਹੈ, ‘‘ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੀ ਯਾਦਦਾਸ਼ਤ ਕੁਝ ਧੁੰਦਲੀ ਪੈਂਦੀ ਜਾ ਰਹੀ ਸੀ। ਉਨ੍ਹਾਂ ਨੇ ਪੰਜ ਕੁ ਸਕਿੰਟ ਆਪਣੀ ਯਾਦ ਨੂੰ ਟਟੋਲਿਆ ਤੇ ਸਹਿਵਨ ਹੀ ਉਨ੍ਹਾਂ ਦੇ ਮੂੰਹੋਂ ਪਹਿਲਾ ਨਾਂ ਨਿਕਲਿਆ, ‘ਉਹ... ਆਪਣਾ ਵਰਿਆਮ’।’’
ਸੁਮੇਲ ਨੇ ਦੁਬਾਰਾ ਪੁੱਛਿਆ, ‘‘ਕੋਈ ਹੋਰ?’’
ਉਹ ਨਾਂ ਯਾਦ ਕਰਨ ਲਈ ਜ਼ਿਹਨ ’ਤੇ ਜ਼ੋਰ ਪਾਉਣ ਲੱਗੇ। ਕੋਸ਼ਿਸ਼ ਕਰਨ ’ਤੇ ਵੀ ਨਾਂ ਤਾਂ ਉਨ੍ਹਾਂ ਨੂੰ ਯਾਦ ਨਾ ਆਇਆ, ਪਰ ਪੰਦਰਾਂ ਕੁ ਸਕਿੰਟ ਤੋਂ ਬਾਅਦ ਸੱਜੇ ਹੱਥ ਨੂੰ ਉਤਾਂਹ ਚੁੱਕ ਕੇ ਇਸ਼ਾਰਾ ਕੀਤਾ, ‘‘ਉਹ ਆਪਣਾ ਦਿੱਲੀ ਵਾਲਾ, ਕੀ ਨਾਂ ਉਹਦਾ?’’
‘‘ਗੁਰਬਚਨ ਸਿੰਘ ਭੁੱਲਰ?’’
‘‘ਹਾਂ, ਹਾਂ, ਭੁੱਲਰ।’’
ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਕਿਸੇ ਦਾ ਨਾਂ ਨਹੀਂ ਲਿਆ। ਸੁਮੇਲ ਕਹਿੰਦਾ, ‘‘ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਉਨ੍ਹਾਂ ਤੋਂ ਬਾਅਦ ਕਿੰਨੇ ਵੱਡੇ ਲੇਖਕ ਹੋਏ ਤੇ ਹੈਨ, ਪਰ ਨਾਂ ਉਨ੍ਹਾਂ ਨੇ ਦੋ ਹੀ ਲਏ ਤੇ ਉਹ ਵੀ ਕਿਸੇ ਨਾਵਲਕਾਰ ਜਾਂ ਸ਼ਾਇਰ ਦੇ ਨਹੀਂ। ਦੋਵੇਂ ਨਾਂ ਕਹਾਣੀਕਾਰਾਂ ਦੇ।’’
ਮੇਰੇ ਬਾਰੇ ਕੰਵਲ ਦੀ ਇਸ ਰਾਇ ਅੱਗੇ ਹੁਣ ਤੱਕ ਮਿਲੇ ਸਾਰੇ ਇਨਾਮ-ਸਨਮਾਨ ਹੇਚ ਹਨ।
ਉਂਝ, ਕੰਵਲ ਨੇ ਮੈਨੂੰ ‘ਢੁੱਡੀਕੇ ਪੁਰਸਕਾਰ’ ਦੇ ਕੇ ਵੀ ਮਾਣ ਬਖ਼ਸ਼ਿਆ।
‘ਢੁੱਡੀਕੇ ਪੁਰਸਕਾਰ’ ਦੇਣਾ ਤਾਂ ਇੱਕ ਮੁਹੱਬਤੀ ਸੰਕੇਤ ਸੀ ਪਰ ਮੇਰੇ ਵਾਸਤੇ 21 ਅਕਤੂਬਰ 2001 ਨੂੰ ਨੀਲੇ ਲਿਫ਼ਾਫ਼ੇ ’ਤੇ ਲਿਖੇ ਖ਼ੂਬਸੂਰਤ ਸ਼ਬਦਾਂ ਵਿੱਚੋਂ ਕੰਵਲ ਦੀ ਡੁੱਲ੍ਹ ਡੁੱਲ੍ਹ ਪੈਂਦੀ ਮੁਹੱਬਤ ਤੇ ਅਸੀਸ ਮੇਰਾ ਉਮਰ ਭਰ ਦਾ ਸਰਮਾਇਆ ਬਣ ਗਈ। ਉਸ ਚਿੱਠੀ ਵਿੱਚ ਉਸ ਨੇ ਹੀਰ ਤੇ ਕਾਜ਼ੀ ਦਾ ਸੰਵਾਦ ਸਿਰਜ ਕੇ ਅੱਜਕੱਲ੍ਹ ਦੇ ਪ੍ਰੋਫ਼ੈਸਰਾਂ ਨੂੰ ਕਾਜ਼ੀਆਂ ਨਾਲ ਤੁਲਨਾਇਆ ਸੀ। ਜਿਹੜੇ ‘ਕਾਜ਼ੀ’ ਫ਼ਤਵੇ ਦੇਂਦੇ ਨੇ, ਪਰ ਮੁਹੱਬਤਾਂ ਦੇ ਕਦਰਦਾਨ ਨਹੀਂ ਹੁੰਦੇ।
ਚਿੱਠੀ ਦੇ ਅਖ਼ੀਰ ਤੇ ਸਿੱਧਾ ਮੈਨੂੰ ਲਿਖਿਆ:
‘‘ਨੋਟ: ਪ੍ਰੋਫ਼ੈਸਰ ਵੀ ਕਾਜ਼ੀਆਂ ਵਰਗੇ ਹੀ ਹੁੰਦੇ ਐ। ਊਂ ਤੇਰੀ ਖ਼ੈਰ ਮੰਗਦਾਂ। ਉਮਰ ਵਾਲਾ ਹੋਵੇਂ ਤਾਂ ਜੋ ਖ਼ੁਸ਼ੀ ਤੇ ਸੁਗੰਧੀ ਵੰਡ ਸਕੇਂ।
ਜਾਹ, ਤੇਰੀਆਂ ਸੱਤੇ ਕੁਲ਼ਾਂ ਤਾਰੀਆਂ!
ਸਾਈਂ- ਜਸਵੰਤ ਸਿੰਘ ਕੰਵਲ’’
ਮੇਰੇ ਲਈ ਇਸ ਤੋਂ ਵੱਡਾ ਤੋਹਫ਼ਾ ਹੋਰ ਕੀ ਹੋ ਸਕਦਾ ਏ? ਹਜ਼ਾਰਾਂ ਇਨਾਮ-ਸਨਮਾਨ ਇਸ ਤੋਂ ਵਾਰ ਘੱਤਾਂ।
ਪਤਾ ਨਹੀਂ ਬਾਬਾ ਕਿਹੜੀ ਮੌਜ ਵਿੱਚ ਬੈਠਾ ਹੋਵੇਗਾ, ਜਦੋਂ ਉਹਦੇ ਮਨ ਵਿੱਚ ਮੈਨੂੰ ਹੀ, ਆਪਣੇ ਰੂਹ ਤੱਕ ਪਿਆਰੇ ਨੂੰ ਹੀ, ਬਿਨਾ ਕਿਸੇ ਖ਼ਾਸ ਸਬੱਬ ਦੇ, ਇਹ ਚਿੱਠੀ ਲਿਖਣ ਦਾ ਖ਼ਿਆਲ ਆਇਆ ਹੋਵੇਗਾ। ਸ਼ਾਇਦ ਉਹਨੂੰ ਲੱਗਦਾ ਹੋਵੇਗਾ ਜਿਹੜੀ ਰੜਕ ਤੇ ਮੜਕ ਉਹਦੇ ਸੁਭਾਅ ਦਾ ਹਿੱਸਾ ਰਹੀ ਏ, ਉਹਦਾ ਕੋਈ ਕਿਣਕਾ ਮਾਤਰ ਮੇਰੇ ਵਿੱਚ ਵੀ ਕਿਧਰੇ ਲਿਸ਼ਕ ਰਿਹਾ ਏ। ਤਾਂ ਹੀ ਤਾਂ ਮੇਰਾ ਪਤਾ ਲਿਖਦੇ ਸਮੇਂ ਲਿਖਿਆ:
ਵਰਿਆਮ ਸਿੰਘ ਸੰਧੂ ਪ੍ਰੋਫ਼ੈਸਰ, ਫੰਨੇ ਖਾਂ ਕਹਾਣੀਕਾਰ ਖ਼ਾਲਸਾ ਕਾਲਜ ਲਾਇਲਪੁਰ।
ਪੰਜਾਬੀ ਅਕਾਦਮੀ ਦੀਆਂ ਚੋਣਾਂ ਸਨ। ਕੰਵਲ ਬੈਂਚ ’ਤੇ ਬੈਠਾ ਸੀ। ਲੇਖਕ ਆਉਂਦੇ, ਗੋਡਿਆਂ ਨੂੰ ਹੱਥ ਲਾਉਂਦੇ, ਫੋਟੋ ਖਿਚਵਾਉਂਦੇ।
ਮੈਂ ਕੋਲ ਗਿਆ। ਨਮਸਕਾਰ ਕੀਤੀ। ਹਾਲ-ਚਾਲ ਪੁੱਛਿਆ।
ਕੰਵਲ ਗੜ੍ਹਕਵੀਂ ਆਵਾਜ਼ ਵਿੱਚ ਬੋਲਿਆ, ‘‘ਮੈਂ ਤਾਂ ਹੁਣ ਮਰ ਈ ਜਾਣੈਂ। ਪਰ ਤੂੰ ‘ਜਿਊਂਦਾ’ ਰਹੀਂ।’’
ਪੰਜਾਬ ਦੀ ਇਹ ਜਿਊਂਦੀ-ਜਾਗਦੀ ਸਵੈ-ਮਾਣ ਭਰੀ ਆਵਾਜ਼ ਸੀ। ਵੰਗਾਰਦੀ ਹੋਈ। ਰੜਕ ਤੇ ਮੜਕ ਜਿਊਂਦੀ ਰੱਖਣ ਲਈ ਲਲਕਾਰਦੀ ਹੋਈ। ਇਹ ਵੰਗਾਰ ਮੈਨੂੰ ਹੀ ਨਹੀਂ, ਸਾਰੀ ਅਗਲੀ ਪੀੜ੍ਹੀ/ਪੀੜ੍ਹੀਆਂ ਨੂੰ ਸੀ। ਮੇਰੇ ’ਤੇ ਸ਼ਾਇਦ ਉਹਨੂੰ ਵੱਧ ਭਰੋਸਾ ਸੀ। ਉਹ ਆਪਣੀ ਦੌੜ ਖ਼ਤਮ ਕਰਨ ਤੋਂ ਪਹਿਲਾਂ ਚਾਹੁੰਦਾ ਸੀ ਕਿ ਮੈਂ ਉਹਦੇ ਹੱਥੋਂ ‘ਬੈਟਨ’ ਫੜ ਕੇ ਅਗਲੀ ਦੌੜ ਦੌੜਨ ਲਈ ਤਿਆਰ ਰਹਾਂ।
ਕਿਸੇ ਦਾ ਤਾਂ ਪਤਾ ਨਹੀਂ, ਪਰ ਬਾਪੂ! ਤੇਰੀ ਅਸੀਸ ਮੇਰੇ ਨਾਲ ਰਹੀ ਤਾਂ ਮੈਂ ਸਦਾ ‘ਜਿਊਂਦਾ’ ਰਹਿਣ ਦਾ ਯਤਨ ਕਰਾਂਗਾ। ਤੇਰੀ ਦਿੱਤੀ ਸਥਾਪਤੀ-ਵਿਰੋਧੀ ਰੜਕ ਤੇ ਮੜਕ ਮਰਨ ਨਹੀਂ ਦਿੰਦਾ।
ਕੰਵਲ ਨਾਲ ਕਈਆਂ ਦੇ ਵਿਚਾਰਧਾਰਕ ਮੱਤਭੇਦ ਨੇ। ਹੋਣਗੇ। ਮੇਰੇ ਵੀ ਨੇ। ਪਰ ਮੁਲਕ ਅਤੇ ਪੰਜਾਬ ਦਾ ਫ਼ਿਕਰ ਜਿਵੇਂ ਉਹਨੂੰ ਸੀ, ਕਿੰਨੇ ਕੁ ਲੇਖਕਾਂ ਕੋਲ ਪੰਜਾਬ ਦਾ ਉਹ ਫ਼ਿਕਰ, ਜ਼ਿਕਰ ਤੇ ਦਰਦ ਹੈ?
ਮੇਰੇ ਹਿੱਸੇ ਦਾ ਕੰਵਲ ਸਥਾਪਤੀ ਦੇ ਧੱਕੇ, ਧੋਖੇ ਤੇ ਜ਼ੁਲਮ ਨਾਲ ਲੜਨ ਵਾਲਾ ਕੰਵਲ ਹੈ। ਇਹ ਕੰਵਲ ਕਦੇ ਨਹੀਂ ਮਰਨ ਵਾਲਾ। ਇਹ ਕੰਵਲ ਸਦਾ ਜਿਊਂਦਾ ਹੈ।
ਜਾਹ, ਤੇਰੀਆਂ ਸੱਤੇ ਕੁਲਾਂ ਤਾਰੀਆਂ!
ਮੇਰੀਆਂ ਸੱਤੇ ਕੁਲਾਂ ਤਾਰਨ ਦੀ ਅਸੀਸ ਦਿੰਦੀ ਜਿਹੜੀ ਚਿੱਠੀ ਕੰਵਲ ਨੇ ਮੈਨੂੰ ਲਿਖੀ ਸੀ, ਉਹਦਾ ਮੁਕੰਮਲ ਉਤਾਰਾ ਹੇਠਾਂ ਦਰਜ ਹੈ। ਇਹ ਅਸੀਸ ਉਸ ਅੰਦਰੋਂ ਮੇਰੇ ਲਈ ਡੁੱਲ੍ਹ ਡੁੱਲ੍ਹ ਪੈਂਦੇ ਸਨੇਹ ਦਾ ਆਪਮੁਹਾਰਾ ਪ੍ਰਗਟਾਵਾ ਹੈ:
ਇੱਕ ਟਾਕਰਾ
ਇੱਕ ਵਾਰ ਹੀਰ ਰਾਂਝੇ ਦਾ ਭੱਤਾ ਲਈ ਵਾਹੋ ਦਾਹੀ ਬੇਲੇ ਨੂੰ ਜਾ ਰਹੀ ਸੀ। ਰਾਹ ਵਿੱਚ ਕਾਜ਼ੀ ਅਮਾਮਦੀਨ ਦਰਖ਼ਤ ਦੀ ਛਾਵੇਂ ਨਮਾਜ਼ ਪੜ੍ਹ ਰਿਹਾ ਸੀ। ਹੀਰ ਦੇ ਭਾਰੇ ਘੱਗਰੇ ਦਾ ਪੱਲਾ ਵਿਸਰ ਭੋਲ ਕਾਜ਼ੀ ਵਿੱਚ ਵੱਜ ਗਿਆ। ਕਾਜ਼ੀ ਦਾ ਗੁੱਸਾ ਇਕਦਮ ਭੜਕ ਪਿਆ।
‘‘ਇਹ ਚੂਚਕ ਛੋਹਰੀ ਮੇਰੀ ਨਮਾਜ਼ ਕਜ਼ਾ ਕਰ ਗਈ? ਹੱਛਾ, ਮੁੜ ਲੈਣ ਦੇ।’’
ਬੇਲੇ ਜਾ ਕੇ ਹੀਰ ਨੇ ਰਾਂਝੇ ਨੂੰ ਚੂਰੀ ਖੁਆਈ ਤੇ ਹਾਣੀ ਤੋਂ ਭੋਰੇ ਖੋਹ ਖੋਹ ਖਾਧੇ।
ਦਰਸ਼ਨ ਪਾ ਨਿਹਾਲ ਨਿਹਾਲ ਹੋਈ। ਉਤਸ਼ਾਹ ਭਰੀ ਖ਼ੁਸ਼ੀ, ਮਸਤ ਮਸਤ ਵਾਪਸ ਮੁੜ ਪਈ। ਕਾਜ਼ੀ ਕੁੜੀ ਨੂੰ ਆਉਂਦੀ ਵੇਖ, ਰੋਹ ਵਿੱਚ ਉੱਠ ਕੇ ਖਲੋ ਗਿਆ, ਪਰ ਪੂਰਾ ਔਖਾ।
‘‘ਤੂੰ ਸੁਣ ਹੀਰੇ ਮਹਿਰੇ! ਮੇਰੀ ਨਮਾਜ਼ ਕਾਫ਼ਰੇ ਕਿਉਂ ਕਜ਼ਾ ਕਰ ਗਈ ਸੀ?’’
‘‘ਕਦੋਂ ਕਾਜ਼ੀ ਸਾਅਬ?’’ ਹੈਰਾਨ ਪ੍ਰੇਸ਼ਾਨ ਹੋਈ ਹੀਰ ਨੇ ਸਤਿਕਾਰ ਦਿੰਦਿਆਂ ਪੁੱਛਿਆ।
‘‘ਝੱਟ ਹੋਇਆ, ਜਦੋਂ ਤੂੰ ਬੇਲੇ ਨੂੰ ਜਾ ਰਹੀ ਸੀ।’’
‘‘ਨਾ ਕਾਜ਼ੀ ਸਾਅਬ! ਮੈਂ ਤਾਂ ਤੁਹਾਨੂੰ ਡਿੱਠਾ ਹੀ ਨਹੀਂ।’’
‘‘ਮੈਂ ਐਥੇ ਨਮਾਜ਼ ਪੜ੍ਹ ਰਿਹਾ ਸੀ ਤੇ ਤੂੰ ਰਾਂਝੇ ਦਾ ਭੱਤਾ ਚੁੱਕੀ ਹਨੇਰੀ ਵਾਂਗ ਵਗੀ ਜਾ ਰਹੀ ਸੀ।’’
‘‘ਗਈ ਮੈਂ ਜ਼ਰੂਰ ਆਂ ਕਾਜ਼ੀ ਸਾਅਬ, ਪਰ ਕਸਮ ਰੰਝੇਟੇ ਪੀਰ ਦੀ, ਮੈਂ ਤੁਹਾਨੂੰ ਨਹੀਂ ਵੇਖਿਆ।’’
‘‘ਕਿਉਂ ਕੁਫ਼ਰ ਤੋਲਦੀ ਏਂ। ਪਰ ਵੇਖਦੀ ਕਿਵੇਂ, ਤੂੰ ਤਾਂ ਰਾਂਝੇ ਦੇ ਇਸ਼ਕ ਵਿੱਚ ਅੰਨ੍ਹੀ ਹੋਈ ਹੋਈ ਸੀ।’’
‘‘ਬਿਲਕੁਲ, ਉਹਦੀ ਲਗਨ ਵਿੱਚ ਪੱਕੀ ਅੰਨ੍ਹੀ, ਕਾਜ਼ੀ ਅਮਾਮਦੀਨ ਜੀ, ਮੈਨੂੰ ਓਦੋਂ ਕੇਵਲ ਰਾਂਝਾ ਹੀ ਦਿਸਦਾ ਸੀ, ਹੋਰ ਕੋਈ ਨਹੀਂ। ਤੁਹਾਡਾ ਇਸ਼ਕ ਪੱਕਾ ਹੁੰਦਾ, ਤੁਹਾਨੂੰ ਵੀ ਖ਼ੁਦਾ ਦਿਸਦਾ। ਤੁਹਾਡੀ ਨਿਗਾਹ ਤਾਂ ਐਧਰ ਓਧਰ ਭਟਕਦੀ ਫਿਰਦੀ ਸੀ, ਖ਼ੁਦਾ ਕਿੱਥੋਂ ਮਿਲਦਾ?’’ ਹੀਰ ਮਨ ਦੀ ਭਰਪੂਰ ਤਸੱਲੀ ਨਾਲ ਕਹਿ ਗਈ।
‘‘ਨਾਅਮਾਕੂਲ! ਬੇਸ਼ਰਮ!! ਪੱਕੇ ਸ਼ਰਈ ਦੀ ਨਿਗਾਹ ਭਟਕਦੀ ਫਿਰਦੀ ਆਖਦੀ ਏ, ਆਪਣੇ ਅਵਾਰਾ ਤੇ ਕਾਫ਼ਰ ਇਸ਼ਕ ਨੂੰ ਸੰਭਾਲਦੀ ਨਹੀਂ।’’ ਛਿੱਥਾ ਪਿਆ ਅਮਾਮਦੀਨ ਤਾਹਨਿਆਂ ਮਿਹਣਿਆਂ ’ਤੇ ਉਤਰ ਆਇਆ।
‘‘ਕਾਜ਼ੀ ਜੀ! ਕੱਚਿਆਂ ਪੱਕਿਆਂ ਵਿੱਚ ਡਾਢਾ ਫ਼ਰਕ ਆਹਾ। ਪੱਕੇ ਪਾਰ ਲਾਉਂਦੇ ਐ, ਕੱਚੇ ਅੱਧ ਵਿਚਕਾਰੇ ਧੋਖਾ ਦੇਂਦੇ ਐ। ਜਿਨ੍ਹਾਂ ਨੂੰ ਲੱਗੀ ਤੋੜ ਦੀ’’ ਹੀਰ ਦੋਵੇਂ ਹੱਥ ਉਤਾਂਹ ਚੁੱਕਦੀ ਅਗਾਂਹ ਵਧ ਗਈ। ਕਾਜ਼ੀ ਮੂੰਹ ਅੱਡੀ ਵੇਖਦਾ ਈ ਰਹਿ ਗਿਆ।
ਨੋਟ: ਪ੍ਰੋਫ਼ੈਸਰ ਵੀ ਕਾਜ਼ੀਆਂ ਵਰਗੇ ਹੀ ਹੁੰਦੇ ਐ।
ਊਂ ਤੇਰੀ ਖ਼ੈਰ ਮੰਗਦਾ ਆਂ। ਉਮਰ ਵਾਲਾ ਹੋਵੇਂ ਤਾਂ ਜੋ ਖ਼ੁਸ਼ੀਆਂ ਤੇ ਸੁਗੰਧੀ ਵੰਡ ਸਕੇਂ।
ਜਾਹ, ਤੇਰੀਆਂ ਸੱਤੇ ਕੁਲ੍ਹਾਂ ਤਾਰੀਆਂ!
ਸਾਈਂ -ਜਸਵੰਤ ਸਿੰਘ ਕੰਵਲ
ਪਤਾ: ਵਰਿਆਮ ਸਿੰਘ ਸੰਧੂ ਪ੍ਰੋਫ਼ੈਸਰ, ਫੰਨੇ ਖਾਂ ਕਹਾਣੀਕਾਰ
ਖ਼ਾਲਸਾ ਕਾਲਜ ਲਾਇਲਪੁਰ
ਜਲੰਧਰ।
ਸੰਪਰਕ: 98726-02296
Advertisement
Advertisement
Tags :
ਸਿੰਘਹਿੱਸੇਕੰਵਲਜਸਵੰਤਮੇਰੇ