ਮੇਰੇ ਹਿੱਸੇ ਦਾ ਜਸਵੰਤ ਸਿੰਘ ਕੰਵਲ
ਵਰਿਆਮ ਸਿੰਘ ਸੰਧੂ
ਪਡ਼੍ਹਿਆ-ਗੁਡ਼੍ਹਿਆ
ਜਸਵੰਤ ਸਿੰਘ ਕੰਵਲ ਪੰਜਾਬੀ ਸਾਹਿਤ ਜਗਤ ਵਿੱਚ ਅੱਠ ਦਹਾਕੇ ਤੱਕ ਆਪਣਾ ਰਾਜ ਕਮਾ ਕੇ ਤੁਰ ਗਿਆ ਹੈ। ਗਿਆ ਕਿੱਥੇ ਹੈ ਉਹ! ਉਹ ਤਾਂ ਸਾਡੇ ਆਸ-ਪਾਸ ਹੈ। ਸਾਡੇ ਅੰਗ-ਸੰਗ।
ਅਸੀਂ ਜਿਨ੍ਹਾਂ ਨੇ ਉਹਨੂੰ ਪਡ਼੍ਹਿਆ ਏ, ਉਨ੍ਹਾਂ ਸਭਨਾਂ ਦੇ ਅੰਦਰ ਤਾਂ ਉਹ ਟੋਟਾ ਟੋਟਾ ਕਰ ਕੇ ਦਹਾਕਿਆਂ ਤੋਂ ਜੀਅ ਰਿਹਾ ਏ। ਜਿੰਨਾ ਚਿਰ ਅਸੀਂ ਜਿਊਂਦੇ ਰਹਾਂਗੇ, ਕੰਵਲ ਵੀ ਸਾਡੇ ਨਾਲ ਜਿਊਂਦਾ ਰਹੇਗਾ। ਕੰਵਲ ਵਰਗੇ ਲੇਖਕ ਸਭਨਾਂ ਦੇ ਆਪਣੇ ਹੁੰਦੇ ਨੇ। ਹਰੇਕ ਕੋਲ ਉਹਦੇ ਬਾਰੇ ਦੱਸਣ ਲਈ ਢੇਰਾਂ ਗੱਲਾਂ ਨੇ। ਜ਼ਰੂਰ ਹੋਣਗੀਆਂ। ਬਹੁਤ ਸਾਰੀਆਂ ਗੱਲਾਂ ਤਾਂ ਆਪਣੇ ਬਾਰੇ ਕੰਵਲ ਨੇ ਆਪ ਕੀਤੀਆਂ ਹੋਈਆਂ ਨੇ। ਉਨ੍ਹਾਂ ਨੂੰ ਦੁਹਰਾਉਣ ਦਾ ਕੀ ਫ਼ਾਇਦਾ!
ਮੈਂ ਤਾਂ ਕੇਵਲ ਆਪਣੇ ਹਿੱਸੇ ਦੇ ਕੰਵਲ ਦੀ ਬਾਤ ਹੀ ਪਾਉਣੀ ਹੈ।
ਮੇਰਾ ਸਾਹਿਤਕ ਪਿਤਾ
ਸਭ ਤੋਂ ਪਹਿਲਾਂ ਆਪਣੀ ਪਤਨੀ ਤੋਂ ਗੱਲ ਸ਼ੁਰੂ ਕਰਾਂ। ਮੈਨੂੰ ਅਕਸਰ ਕਹਿੰਦੀ ਹੈ, ਖ਼ਾਸ ਤੌਰ ’ਤੇ ਉਦੋਂ ਜਦੋਂ ਕਦੇ ਕੰਵਲ ਅਤੇ ਮੇਰੀ, ਦੋਵਾਂ ਦੀ ਸਾਂਝੀ ਤਸਵੀਰ ਵੇਖ ਰਹੀ ਹੋਵੇ, ‘‘ਤੁਸੀਂ ਧਿਆਨ ਨਾਲ ਵੇਖੋ! ਤੁਹਾਡਾ ਦੋਵਾਂ ਦਾ ਲੰਮਾ ਕੱਦ-ਕਾਠ, ਇਕਹਿਰਾ ਸਰੀਰ, ਤਿੱਖਾ ਨੱਕ, ਪੂਰਾ ਮੁਹਾਂਦਰਾ ਵੇਖ ਕੇ ਲੱਗਦਾ ਨਹੀਂ ਜਿਵੇਂ ਕੰਵਲ ਸਾਹਿਬ ਤੁਹਾਡੇ ਪਿਤਾ ਹੋਣ ਤੇ ਤੁਸੀਂ ਉਨ੍ਹਾਂ ਦੇ ਸਕੇ ਪੁੱਤ ਹੋਵੋ।’’
ਮੈਨੂੰ ਪਤਾ ਹੈ ਕਿ ਕੰਵਲ ਮੇਰੇ ਨਾਲੋਂ ਕਿਤੇ ਸੋਹਣਾ ਸੀ। ਮੋਟੀਆਂ ਜਗਦੀਆਂ ਤੇ ਜਾਗਦੀਆਂ ਅੱਖਾਂ। ਖਿੜਿਆ ਚਿਹਰਾ। ਮੈਂ ਤਾਂ ਉਹਦੇ ਪਾਸਕੂ ਵੀ ਨਹੀਂ। ਪਰ ਪਤਨੀ ਦੀ ਗੱਲ ਮੰਨਣੋਂ ਮੈਨੂੰ ਕੋਈ ਉਜ਼ਰ ਨਹੀਂ। ਕੁਝ ਨਾ ਕੁਝ ਤਾਂ ਸਾਡਾ ਮੁਹਾਂਦਰਾ ਮਿਲਦਾ ਹੀ ਹੈ। ਇਹ ਵੀ ਸੱਚ ਹੀ ਹੈ ਕਿ ਵੇਖਣ ਨੂੰ ਵੀ ਕੰਵਲ ਮੇਰਾ ਪਿਤਾ ਲੱਗਦਾ ਸੀ। ਘੱਟੋ-ਘੱਟ ਅਣਜਾਣ ਬੰਦੇ ਨੂੰ ਤਾਂ ਸਹਿਵਨ ਇਹ ਭੁਲੇਖਾ ਲੱਗ ਸਕਦਾ ਸੀ। ਇਹ ਗੱਲ ਪੱਕੀ ਹੈ ਕਿ ਕੰਵਲ ਮੇਰਾ ਸਾਹਿਤਕ ਪਿਤਾ ਤਾਂ ਹੈ ਹੀ। ਸਾਰੇ ਵੱਡੇ ਲੇਖਕ, ਭਾਵੇਂ ਗੁਰਬਖ਼ਸ਼ ਸਿੰਘ ਹੋਵੇ, ਨਾਨਕ ਸਿੰਘ ਜਾਂ ਸੁਜਾਨ ਸਿੰਘ, ਸਾਰੇ ਮੇਰੇ ਸਾਹਿਤਕ ਪਿਤਾ ਹਨ। ਕੰਵਲ ਵੀ।
‘‘ਕਈ ਵਾਰ ਕਾਲੇ ਮੋਤੀ ਵੀ ਕੀਮਤੀ ਹੁੰਦੇ ਨੇ!’’
ਜਸਵੰਤ ਸਿੰਘ ਕੰਵਲ ਬਾਰੇ ਅਗਲੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੋਰ ਗੱਲ।
ਵੱਡੇ ਲੇਖਕ ਤੇ ਵੱਡੀਆਂ ਲਿਖਤਾਂ ਕੌਮਾਂ ਤੇ ਬੰਦਿਆਂ ਦਾ ਜੀਵਨ ਬਦਲ ਦਿੰਦੀਆਂ ਨੇ। ਲੇਖਕ ਨੂੰ ਖ਼ੁਦ ਪਤਾ ਨਹੀਂ ਹੁੰਦਾ ਕਿ ਉਹਨੇ ਕਿਸ-ਕਿਸ ਦੇ ਜੀਵਨ ਨੂੰ ਅਛੋਪਲੇ ਜਿਹੇ ਬਦਲ ਦਿੱਤਾ ਏ।
1962-63 ਦੀ ਗੱਲ ਹੋਵੇਗੀ। ਮੈਥੋਂ ਉਮਰੋਂ ਵੱਡੇ ਮੇਰੇ ਇੱਕ ਦੋਸਤ ਦਾ ਵਿਆਹ ਹੋ ਚੁੱਕਾ ਸੀ। ਉਹ ਨਾਖ਼ੁਸ਼ ਸੀ। ਉਹਦੇ ਹਿਸਾਬ ਨਾਲ ਉਹਦੀ ਪਤਨੀ ਸੋਹਣੀ ਨਹੀਂ ਸੀ। ਉਹ ਉਹਨੂੰ ਛੱਡ ਦੇਣਾ ਚਾਹੁੰਦਾ ਸੀ। ਮੈਂ ਇਸ ਦੇ ਹੱਕ ਵਿੱਚ ਨਹੀਂ ਸਾਂ। ਉਹਦੀ ਪਤਨੀ ਦਾ ਭਲਾ ਕੀ ਕਸੂਰ ਸੀ!
ਉਨ੍ਹੀਂ ਦਿਨੀਂ ਅਸੀਂ ਆਪਣੇ ਸ਼ੰਕੇ ਤੇ ਸਵਾਲ ਵੱਡੇ ਲੇਖਕਾਂ ਨਾਲ ਸਾਂਝੇ ਕਰ ਕੇ ਉਨ੍ਹਾਂ ਤੋਂ ਜਵਾਬ ਪੁੱਛਦੇ ਰਹਿੰਦੇ। ਮੈਂ ਕੰਵਲ ਨੂੰ ਆਪਣੇ ਦੋਸਤ ਦੀ ਸਮੱਸਿਆ ਦੱਸ ਕੇ ਹੱਲ ਪੁੱਛਿਆ ਤਾਂ ਤੀਜੇ ਦਿਨ ਪੋਸਟਕਾਰਡ ’ਤੇ ਲਿਖਿਆ ਕੰਵਲ ਦਾ ਜਵਾਬ ਮਿਲ ਗਿਆ। ਉਹਨੇ ਲਿਖਿਆ ਸੀ ਕਿ ਵਿਆਹ ਤੋਂ ਪਹਿਲਾਂ ‘ਤੁਹਾਡਾ ਦੋਸਤ ਕੋਈ ਵੀ ਫ਼ੈਸਲਾ ਲੈ ਸਕਦਾ ਸੀ, ਪਰ ਵਿਆਹ ਤੋਂ ਪਿੱਛੋਂ ਆਪਣੀ ਬੇਕਸੂਰ ਪਤਨੀ ਨਾਲ ਇਹ ਸਲੂਕ ਕਰਨਾ ਬਿਲਕੁਲ ਨਾਵਾਜਬ ਹੈ। ਆਪਣੇ ਦੋਸਤ ਨੂੰ ਕਹਿਣਾ, ਕਈ ਵਾਰ ਕਾਲੇ ਮੋਤੀ ਵੀ ਕੀਮਤੀ ਹੁੰਦੇ ਨੇ!’
ਕੰਵਲ ਦੇ ਸ਼ਬਦਾਂ ਦਾ ਅਜਿਹਾ ਅਸਰ ਪਿਆ ਕਿ ਮੇਰੇ ਦੋਸਤ ਨੇ ਖ਼ਤ ਪੜ੍ਹਨ ਤੋਂ ਬਾਅਦ ਪਤਨੀ ਨੂੰ ਛੱਡਣ ਦਾ ਇਰਾਦਾ ਤਰਕ ਕਰ ਦਿੱਤਾ। ਬੜੀ ਸਫ਼ਲ ਵਿਆਹੁਤਾ ਜ਼ਿੰਦਗੀ ਬਤੀਤ ਕੀਤੀ। ਉਸ ਦੀ ਪਤਨੀ ਸਾਰੀ ਉਮਰ ਮੇਰੀ ਸ਼ੁਕਰਗੁਜ਼ਾਰ ਰਹੀ ਤੇ ਕਹਿੰਦੀ ਰਹੀ, ‘‘ਮੇਰਾ ਘਰ ਤਾਂ ਵਰਿਆਮ ਭਾ’ਜੀ ਨੇ ਵੱਸਦਾ ਰੱਖਿਆ!’’ ਪਰ ਉਹਦਾ ਘਰ ਤਾਂ ਜਸਵੰਤ ਸਿੰਘ ਕੰਵਲ ਦੀ ਇੱਕ ਸਤਰ ‘ਕਈ ਵਾਰ ਕਾਲੇ ਮੋਤੀ ਵੀ ਕੀਮਤੀ ਹੁੰਦੇ ਨੇ!’ ਨੇ ਵੱਸਦਾ ਰੱਖਿਆ ਸੀ।
ਜਸਵੰਤ ਸਿੰਘ ਕੰਵਲ ਨੇ ਪਤਾ ਨਹੀਂ ਕਿੰਨਿਆਂ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਂਦੀ। ਹਿਸਾਬ ਕਰਨਾ ਔਖਾ ਏ। ਮੇਰੀ ਜ਼ਿੰਦਗੀ ਨੂੰ ਬਦਲਣ ਵਿੱਚ ਉਹਦੀਆਂ ਲਿਖਤਾਂ ਦਾ ਨੁਮਾਇਆ ਹਿੱਸਾ ਹੈ।
ਕੰਵਲ ਦਾ ਜਾਦੂ
ਚੜ੍ਹਦੀ ਉਮਰੇ ਮੈਂ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਦਾ ਸ਼ੈਦਾਈ ਸਾਂ। ਸੋਚਦਾ; ਕਿਹੋ ਜਿਹਾ ਹੋਵੇਗਾ ਉਹ ਪਿੰਡ, ਉਹ ਇਲਾਕਾ, ਓਥੋਂ ਦੇ ਲੋਕ, ਜਿੱਥੇ ਕੰਵਲ ਵੱਸਦਾ ਹੈ, ਸਾਹ ਲੈਂਦਾ ਹੈ। ਕੈਸੇ ਹੋਣਗੇ ਉਹ ਰਾਹ ਜਿਨ੍ਹਾਂ ’ਤੇ ਕੰਵਲ ਤੁਰਦਾ ਹੈ!
ਉਹਦੀਆਂ ਕਿਤਾਬਾਂ ਵਿੱਚ ਪਤਾ ਲਿਖਿਆ ਹੁੰਦਾ: ਪਿੰਡ ਤੇ ਡਾਕਘਰ ਢੁੱਡੀਕੇ, ਤਹਿਸੀਲ ਮੋਗਾ, ਜ਼ਿਲ੍ਹਾ ਫਿਰੋਜ਼ਪੁਰ।
1961 ਵਿੱਚ ਆਪਣੇ ਦਾਦੇ ਕੋਲ ਅਬੋਹਰ ਗਿਆ ਤਾਂ ਮੋਗੇ ਵਿੱਚ ਤੁਰੇ ਫਿਰਦੇ, ਬੱਸ ਵਿੱਚ ਬੈਠੇ ਉਹਦੀ ਉਮਰ ਦੇ ਹਰ ਬੰਦੇ ਵਿੱਚੋਂ ਕੰਵਲ ਦਾ ਝਉਲਾ ਪੈਂਦਾ। ਕਿਤੇ ਆਹ ਕੰਵਲ ਹੀ ਨਾ ਹੋਵੇ! ਔਹ ਕੰਵਲ ਤਾਂ ਨਹੀਂ?
ਕੰਵਲ ਦੀ ਖ਼ੁਸ਼ਬੂ ਮੇਰੇ ਚਾਰ ਚੁਫ਼ੇਰੇ ਪਸਰੀ ਹੋਈ ਸੀ। ਕੰਵਲ ਲਈ ਮੁਹੱਬਤ ਦਾ ਇਹ ਝੱਲ ਹੀ ਤਾਂ ਸੀ। ਕੋਈ ਲੇਖਕ ਤੁਹਾਡੇ ਅੰਦਰ-ਬਾਹਰ ਦਾ ਏਨਾ ਵੱਡਾ ਹਿੱਸਾ ਹੋ ਸਕਦਾ ਏ। ਸੋਚਦਾ ਹਾਂ ਤਾਂ ਆਪਣੀ ਮਾਸੂਮੀਅਤ ’ਤੇ ਹਾਸਾ ਵੀ ਆਉਂਦਾ ਹੈ ਤੇ ਲਾਡ ਵੀ।
ਮੈਂ ਕਵਿਤਾ ਤੇ ਕਹਾਣੀਆਂ ਲਿਖਦਾ। ਮੇਰੇ ਵਿੱਚੋਂ ਕੰਵਲ ਬੋਲਦਾ। ਵਿੱਚ-ਵਿੱਚ ਨਾਨਕ ਸਿੰਘ ਤੇ ਗੁਰਬਖ਼ਸ਼ ਸਿੰਘ ਵੀ। ਇਹ ਤੇ ਪੰਜਾਬੀ ਦੇ ਸਾਰੇ ਵੱਡੇ ਲੇਖਕ ਮੇਰੇ ਸਾਹਿਤਕ-ਗੁਰੂ, ਮੇਰੇ ਆਪਣੇ ਬਾਪੂ ਹਨ। ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਹੀ ਮੇਰੇ ਅੰਦਰ ਵਿਚਾਰਧਾਰਕ ਤੇ ਲਿਖਣ-ਅੰਦਾਜ਼ ਦੇ ਬੀਜ ਡਿੱਗੇ। ਉਨ੍ਹੀਂ ਦਿਨੀਂ ਕੰਵਲ ਦੇ ‘ਰਾਤ ਬਾਕੀ ਹੈ’ ਵਾਲੇ ਪੈਟਰਨ ’ਤੇ ਇੱਕ ਨਾਵਲ ਵੀ ਲਿਖ ਮਾਰਿਆ, ਨਾਂ ਸੀ ‘ਪਹੁ-ਫ਼ੁਟਾਲਾ’; ਜਿਹੜਾ ਜਲੰਧਰੋਂ ਛਪਦੇ ਹਫ਼ਤਾਵਾਰੀ ‘ਨਵੀਂ ਦੁਨੀਆਂ’ ਵਿੱਚ ਛਪਿਆ।
ਬਚਪਨ ਤੇ ਜਵਾਨੀ ਦੀਆਂ ਬਰੂਹਾਂ ’ਤੇ ਬਹਿ ਕੇ ‘ਰਾਤ ਬਾਕੀ ਹੈ’ ਪੜ੍ਹਿਆ ਤਾਂ ‘ਚਰਨ’ ਹੋਣਾ ਤੇ ਬਣਨਾ ਮੇਰਾ ਆਦਰਸ਼ ਬਣ ਗਿਆ। ਇਨਕਲਾਬ ਲਈ, ਸਮਾਜਿਕ ਤਬਦੀਲੀ ਲਈ ਸਿਰ ਧੜ ਦੀ ਲਾਉਣ ਦਾ ਅਜ਼ਮ ਮੇਰੇ ਧੁਰ ਅੰਦਰ ਦਾ ਹਿੱਸਾ ਬਣ ਗਿਆ। ਖ਼ਿਆਲੀ ‘ਰਾਜ’ ਦੇ ਨਾਲ ਖ਼ਿਆਲੀ ਆਦਰਸ਼ਕ ਅਸਰੀਰੀ-ਮੁਹੱਬਤ ਮੇਰੀ ਸਮਝ ਅਤੇ ਵਿਹਾਰ ਦਾ ਹਿੱਸਾ ਹੋ ਗਿਆ। ਔਰਤ ਦੀ ਇੱਜ਼ਤ ਤੇ ਮਾਣ-ਸਨਮਾਨ ਮੇਰੀ ਸੋਚ ਦਾ ਅੰਗ ਬਣ ਗਿਆ।
1963 ਵਿੱਚ ਮੇਰੀਆਂ ਕੁਝ ਕਹਾਣੀਆਂ ਪੜ੍ਹ ਕੇ ਸਾਹਿਤਕ ਮੱਸ ਰੱਖਣ ਵਾਲੇ ਮੇਰੇ ਇੱਕ ਅਧਿਆਪਕ ਗੁਰਬਖ਼ਸ਼ ਸਿੰਘ ਨੇ ਪੁੱਛਿਆ, ‘‘ਤੇਰੀਆਂ ਕਹਾਣੀਆਂ ਵਿੱਚ ਜਿਹੜੀ ਕੁੜੀ ਵਾਰ-ਵਾਰ ਦਿਸਦੀ ਹੈ, ਉਹ ਕੌਣ ਹੈ? ਕਿਸ ਨਾਲ ਇਸ਼ਕ ਹੈ ਤੈਨੂੰ?’’
ਮੈਂ ਕਿਹਾ, ‘‘ਹਕੀਕਤ ਵਿੱਚ ਇਹ ਕੁੜੀ ਕੋਈ ਨਹੀਂ, ਕਿਧਰੇ ਵੀ ਨਹੀਂ। ਅਸਲ ਵਿੱਚ ਮੇਰੀ ਕੋਈ ਪ੍ਰੇਮਿਕਾ ਹੈ ਹੀ ਨਹੀਂ। ਮੈਂ ਤਾਂ ‘ਰਾਤ ਬਾਕੀ ਹੈ’ ਦੀ ਰਾਜ ਨੂੰ ਪਿਆਰ ਕਰਦਾ ਹਾਂ। ਓਹੋ ਹੈ ਮੇਰੀ ਪ੍ਰੇਮਿਕਾ।’’
ਉਹ ਮੇਰਾ ‘ਮੂਰਖ਼ਾਨਾ’ ਜਵਾਬ ਸੁਣ ਕੇ ਹੱਸ ਪਿਆ।
ਪਤਾ ਨਹੀਂ ਮੇਰੇ ਵਰਗੇ ‘ਮੂਰਖ਼’ ਹੋਰ ਕਿੰਨੇ ਸੈਂਕੜੇ ਪਾਠਕ ਹੋਣਗੇ। ਸ਼ਾਇਦ ਉਹ ਵੀ ਅੱਜ ਆਪਣੇ ਇਹੋ ਜਿਹੇ ਜਵਾਬਾਂ ’ਤੇ ਹੱਸ ਪੈਣ।
ਕੰਵਲ ਦੀਆਂ ਉਹ ਲਿਖਤਾਂ ਅੱਜ ਪੜ੍ਹਾਂ ਤਾਂ ਮੈਂ ਵੀ ਆਪਣੇ ਆਪ ’ਤੇ ਹੱਸ ਪਵਾਂ। ਉਹ ਮੇਰੀ ਹੁਣਵੀਂ ਉਮਰ ਦਾ ਲੇਖਕ ਨਹੀਂ। ਮੇਰੀ ਜਵਾਨੀ ਦਾ ਲੇਖਕ ਹੈ। ਗੋਈ ਹੋਈ ਕੱਚੀ ਮਿੱਟੀ ਦਾ ਘੁਮਿਆਰ। ਮਿੱਟੀ ਨੂੰ ਚੱਕ ’ਤੇ ਚੜ੍ਹਾਇਆ ਤੇ ਘੁਮਾਟਣੀਂ ਦਿੱਤੀ। ਆਪਣੀ ਮਰਜ਼ੀ ਦੀ ਸ਼ਕਲ ਬਣਾ ਦਿੱਤੀ। ਘੁੰਮ ਰਹੇ ਬੰਦੇ ਦਾ ਸਿਰ ਵੀ ਘੁੰਮਣ ਲੱਗ ਜਾਂਦਾ।
ਅਸਲ ਵਿੱਚ ਕੰਵਲ ਨਵ-ਉਮਰੇ ਪਾਠਕਾਂ ਦਾ ਲੇਖਕ ਰਿਹਾ ਹੈ। ਉਸ ਦੀਆਂ ਲਿਖਤਾਂ ’ਚ ਅਜਿਹਾ ਜਾਦੂ ਸੀ ਜੋ ਪਾਠਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗ ਪੈਂਦਾ। ਉਹਨੇ ਪਾਠਕਾਂ ਦੇ ਮਨਾਂ ਵਿੱਚ ਸਥਾਪਤ ਤਾਕਤਾਂ ਖ਼ਿਲਾਫ਼ ਰੋਸ ਤੇ ਰੋਹ ਦਾ ਜਜ਼ਬਾ ਧੜਕਣ ਲਾ ਦਿੱਤਾ। ਸ਼ਾਇਰੀ ਉਹਦੀ ਸ਼ੈਲੀ ਦਾ ਅਟੁੱਟ ਅੰਗ ਰਹੀ। ਉਹਦੀ ਲਿਖਤ ਵਿੱਚ ਲੋਹੜੇ ਦਾ ਲਾ-ਉਬਾਲਪਣ ਤੇ ਭਾਵੁਕ ਵਹਾਓ ਰਿਹਾ ਹੈ। ਉਹ ਭਾਵੁਕ ਪਾਠਕ ਨੂੰ ਆਪਣੇ ਬਿਆਨੀਆਂ ਸੇਕ ਨਾਲ ਢਾਲ ਕੇ ਪਾਣੀ ਬਣਾ ਦਿੰਦਾ ਤੇ ਫਿਰ ਆਪਣੇ ਨਾਲ ਰੋੜ੍ਹ ਕੇ ਲੈ ਜਾਂਦਾ। ਉਹਨੇ ਵੱਖ ਵੱਖ ਪੜਾਵਾਂ ਵਿੱਚ ਹਜ਼ਾਰ-ਹਾਅ ਨੌਜਵਾਨਾਂ ਨੂੰ ਆਪਣੇ ਰੰਗ ਵਿੱਚ ਰੰਗਿਆ। ਮੇਰੇ ਵਰਗੇ ਲੋਕ ਜਾਂ ਲੇਖਕ ਉਹਦੀ ਲਾਈ ਪਹਿਲੀ-ਦੂਜੀ ਪੌਧ ਦਾ ਹਿੱਸਾ ਹਾਂ। ਕਮਿਊਨਿਸਟ ਲਹਿਰ ਨਾਲ, ਓਨੇ ਲੋਕ, ਲੀਡਰਾਂ ਨੇ ਨਹੀਂ ਜੋੜੇ ਹੋਣੇ ਜਿੰਨੇ ਇਕੱਲੇ ‘ਰਾਤ ਬਾਕੀ ਹੈ’ ਨੇ ਜੋੜੇ ਹੋਣਗੇ। ਤੇ ਇਹ ਗੱਲ ਸਾਰੇ ਮੰਨਦੇ ਨੇ। ਮੁਹੱਬਤ ਵਿੱਚ ਡੁੱਬੇ ਪਾਠਕ ਉਹਦੇ ‘ਮਿੱਤਰ ਪਿਆਰੇ ਨੂੰ’ ਵਰਗੇ ਨਾਵਲਾਂ ਨੂੰ ਰੁਮਾਲਾਂ ਵਿੱਚ ਲਪੇਟ ਕੇ ਰੱਖਦੇ ਰਹੇ। ਅਗਲੇ ਪੜਾਅ ’ਤੇ ਉਹ ਨਕਸਲੀਆਂ ਤੇ ਉਸ ਤੋਂ ਬਾਅਦ ‘ਖਾੜਕੂਆਂ’ ਦਾ ਮਨਭਾਉਂਦਾ ਲੇਖਕ ਵੀ ਰਿਹਾ। ਉਹਦੇ ਵਿੱਚ ਵੇਦਾਂਤ, ਮਾਰਕਸ-ਲੈਨਿਨ-ਮਾਓ ਤੇ ਸਿੱਖੀ ਦੀ ਇਨਕਲਾਬੀ ਮਿੱਸ ਰਲੀ ਹੋਈ ਹੈ।
ਉਹਦੇ ਵਿਚਾਰਧਾਰਕ ਬਦਲਾਓ ਨਾਲ ਬਹੁਤ ਸਾਰੇ ਲੋਕ ਸਹਿਮਤ ਨਹੀਂ। ਨਾ ਹੋਣ। ਮੈਂ ਵੀ ਨਹੀਂ। ਕੰਵਲ ਨੇ ਸਭ ਨੂੰ ਖ਼ੁਸ਼ ਰੱਖਣ ਦਾ ਕਦੇ ਵੀ ਠੇਕਾ ਨਹੀਂ ਸੀ ਲਿਆ। ਉਹਨੂੰ ਜੋ ਠੀਕ ਲੱਗਦਾ ਰਿਹਾ, ਉਹਨੇ ਉਹੋ ਕੀਤਾ। ਉਹੋ ਲਿਖਿਆ। ਉਹ ਕਿਸੇ ਲਾਲਚ ਕਰਕੇ ਨਹੀਂ ਬਦਲਿਆ। ਨਾ ਹੀ ਕਿਸੇ ਡਰ ਕਰਕੇ ਡੋਲਿਆ। ਸਦਾ ਆਪਣੇ ਅੰਦਰੋਂ ਨਿਕਲੀ ਆਵਾਜ਼ ਦੇ ਮਗਰ ਲੱਗਾ। ਕੋਈ ਇਨਾਮ, ਅਹੁਦਾ ਜਾਂ ਪੇਸ਼ਕਸ਼ ਉਹਨੂੰ ਆਪਣੇ ਮਗਰ ਨਹੀਂ ਲਾ ਸਕੇ। ਮਹਿੰਦਰ ਸਿੰਘ ਰੰਧਾਵਾ ਦੁਆਰਾ ਚੰਡੀਗੜ੍ਹ ਵਿੱਚ ਮੁਫ਼ਤ ਦੇ ਹਿਸਾਬ ਮਿਲਣ ਵਾਲਾ ਪਲਾਟ ਲੈਣੋਂ ਉਹਨੇ ਇਨਕਾਰ ਕਰ ਦਿੱਤਾ। ਭਾਸ਼ਾ ਵਿਭਾਗ ਦਾ ਇਨਾਮ ਵੀ।
ਉਹ ਕਦੇ ਵੀ ਸਥਾਪਤੀ ਦਾ ਲੇਖਕ ਨਹੀਂ ਰਿਹਾ ਸਗੋਂ ਸਥਾਪਤੀ ਦੇ ਜ਼ੁਲਮ ਤੇ ਜਬਰ ਵਿਰੁੱਧ ਸਦਾ ਲੜਨ ਵਾਲਾ ਜੁਝਾਰੂ ਲੇਖਕ ਰਿਹਾ ਹੈ। ਕਿਹੜਾ ਪੰਜਾਬੀ ਲੇਖਕ ਹੈ ਜੋ ਉਸ ਵਾਂਗ ਸਮੇਂ ਦੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੂੰ ਏਨੀ ਬੁਲੰਦ ਆਵਾਜ਼ ਵਿੱਚ ਮੁਖ਼ਾਤਬ ਹੋਇਆ ਹੋਵੇ। ਕਿਹੜਾ ਲੇਖਕ ਹੈ ਜਿਹੜਾ ਵੇਲੇ ਦੇ ਹਾਕਮਾਂ ਨੂੰ ਗਰਜਦੀਆਂ ਚਿੱਠੀਆਂ ਲਿਖ ਸਕਦਾ ਹੈ, ਕੌੜੇ ਤੇ ਤਿੱਖੇ ਸਵਾਲ ਪੁੱਛ ਸਕਦਾ ਹੈ। ਉਹਨੇ ਲੋਕਾਂ ਦੇ ਮਨਾਂ ਅੰਦਰ ਆਪਣੇ ਨਾਲ ਹੁੰਦੇ ਧੱਕੇ ਤੇ ਧੋਖੇ ਖ਼ਿਲਾਫ਼ ਲੜਨ ਦਾ ਜਜ਼ਬਾ ਬੀਜਿਆ। ਇਹੋ ਉਹਦੀ ਪ੍ਰਾਪਤੀ ਹੈ। ਸਵੈ-ਮਾਣ ਨਾਲ ਜਿਊਣ ਦੀ ਰੜਕ ਤੇ ਮੜਕ ਉਹਦੀ ਹੋਂਦ ਦਾ ਹਿੱਸਾ ਰਹੀ। ਇਹੋ ਰੜਕ ਤੇ ਮੜਕ ਉਹਨੇ ਪੰਜਾਬੀ ਪਾਠਕ ਦੇ ਮਨਾਂ ਵਿੱਚ ਬੀਜੀ।
ਮੇਰੇ ਵਿੱਚ ਵੀ ਜਿਹੜੀ ਰੜਕ ਤੇ ਮੜਕ ਹੈ, ਉਹਦੇ ਵਿੱਚ ਕੁਝ ਕੁ ਹਿੱਸਾ ਕੰਵਲ ਦੀਆਂ ਲਿਖਤਾਂ ਦਾ ਦਿੱਤਾ ਹੋਇਆ ਵੀ ਏ। ਅੱਜ ਕੰਵਲ ਦੇ ਜਿਹੜੇ ਹਿੱਸੇ ਨਾਲ ਮੇਰੀ ਅਸੰਮਤੀ ਹੈ, ਉਸ ਅਸੰਮਤੀ ਪਿੱਛੇ ਵੀ ਕੰਵਲ ਵੱਲੋਂ ਸ਼ੁਰੂ ਦੇ ਸਾਲਾਂ ਵਿੱਚ ਦਿੱਤੇ ਮਾਨਵਵਾਦੀ ਨਜ਼ਰੀਏ ਦਾ ਯੋਗਦਾਨ ਹੈ। ਕੰਵਲ ਨੇ ਹੀ ਮੈਨੂੰ ਕੰਵਲ ਨੂੰ ਅਪ੍ਰਵਾਨ ਕਰਨ ਦੀ ਸੋਝੀ ਦਿੱਤੀ।
ਮੇਰੀ ਖ਼ੁਸ਼ਨਸੀਬੀ ਰਹੀ ਏ ਕਿ ਮੇਰੇ ਵਿੱਚੋਂ ਕੰਵਲ ਨੂੰ ਵੀ ਆਪਣੇ ਹਿੱਸੇ ਦਾ ਕੋਈ ਟੋਟਾ ਜੁੜਿਆ ਨਜ਼ਰ ਆਉਂਦਾ ਰਿਹਾ ਏ। ਇਸੇ ਲਈ ਉਹਨੇ ਮੈਨੂੰ ਸਦਾ ਪਿਤਾ ਵਾਲਾ ਪਿਆਰ ਦਿੱਤਾ ਹੈ। ਮੈਨੂੰ ਪੁੱਤਾਂ ਵਾਂਗ ਲਡਿਆਇਆ ਏ।
ਓ ਭਾਈ ਵਰਿਆਮ ਸਿਹਾਂ!
ਮੈਂ ਕੰਵਲ ਬੋਲਦਾਂ।
ਪੰਝੀ ਕੁ ਸਾਲ ਪਹਿਲਾਂ ਦੀ ਗੱਲ ਹੋਵੇਗੀ। ਡੁੱਬਦੇ ਸੂਰਜ ਨਾਲ ਫ਼ੋਨ ਖੜਕਿਆ, ‘‘ਓ ਭਾਈ ਵਰਿਆਮ ਸਿਹਾਂ!
ਮੈਂ ਕੰਵਲ ਬੋਲਦਾਂ। ਐਥੇ ਬਰਜਿੰਦਰ ਦੇ ਦਫ਼ਤਰ ਵਿੱਚ ਬੈਠਾਂ। ਮੈਂ ਬਾਹਰੋਂ ਆਏ ਕਿਸੇ ਦੋਸਤ ਦੇ ਘਰ ਜਾਣਾ ਏਂ। ਉਹ ਕਹਿੰਦਾ ਕਿ ਮੈਂ ਆਪਣੇ ਨਾਲ ਕਿਸੇ ਹੋਰ ਮਿੱਤਰ ਪਿਆਰੇ ਨੂੰ ਵੀ ਲਈ ਆਵਾਂ। ਸਤਿਨਾਮ ਮਾਣਕ ਮੇਰੇ ਨਾਲ ਹੋਵੇਗਾ। ਮੈਂ ਸੋਚਿਆ ਕਿ ਜਲੰਧਰ ਵਿੱਚ ਮੇਰਾ ਸਭ ਤੋਂ ਵੱਡਾ ਮਿੱਤਰ ਪਿਆਰਾ ਹੋਰ ਕੌਣ ਏ, ਤੇਰਾ ਗੁਣਾ ਪਿਆ। ਤਿਆਰ ਹੋ ਜਾ। ਅਸੀਂ ਅੱਧੇ ਘੰਟੇ ਤੱਕ ਆਏ ਲੈ।’’
ਉਹ ਤੇ ਮਾਣਕ ਆਏ। ਮੈਨੂੰ ਮੇਰੇ ਘਰੋਂ ਲਿਆ ਤੇ ਮੇਜ਼ਬਾਨ ਕੋਲ ਗਏ। ਅੱਧੀ ਰਾਤ ਤੱਕ ਮੁਹੱਬਤਾਂ ਵੰਡੀਆਂ। ਜਸ਼ਨ ਦਾ ਮਾਹੌਲ। ਮੈਂ ਤੁਰਨ ਲੱਗਾ ਤਾਂ ਮੇਜ਼ਬਾਨ ਨੂੰ ਇਸ਼ਾਰਾ ਕੀਤਾ। ਮੇਜ਼ਬਾਨ ਨੇ ਨੋਟਾਂ ਦਾ ਭਰਿਆ ਲਿਫ਼ਾਫ਼ਾ ਮੇਰੇ ਹੱਥਾਂ ਵਿੱਚ ਰੱਖ ਦਿੱਤਾ। ਮੈਂ ਝਿਜਕਦਿਆਂ ਕੰਵਲ ਵੱਲ ਵੇਖਿਆ।
‘‘ਲੈ ਲਾ, ਲੈ ਲਾ। ਨਾਂਹ ਨ੍ਹੀਂ ਕਰਨੀ। ਇਹ ਮੁਹੱਬਤੀ ਨਜ਼ਰਾਨਾ ਏ।’’
ਮੈਂ ਕੰਵਲ ਅੱਗੇ ਸਿਰ ਨਿਵਾ ਕੇ ਕਿਹਾ, ‘‘ਆਪਣੇ ਬੱਚੇ ਨੂੰ ਆਸ਼ੀਰਵਾਦ ਦਿਓ। ਮਾਇਆ ਨਹੀਂ।’’
ਉਹਨੇ ਜੱਫ਼ੀ ਵਿੱਚ ਘੁੱਟ ਲਿਆ।
‘‘ਉਏ! ਮੈਂ ਤਾਂ ਸਾਰਾ ਤੇਰਾ ਈ ਆਂ।’’
ਬੜੇ ਜ਼ੋਰ, ਬੜੀ ਨਿਮਰਤਾ ਨਾਲ ਮੈਂ ਉਹ ਲਿਫ਼ਾਫ਼ਾ ਮੋੜ ਸਕਿਆ।
ਕਈ ਦਿਨ ਸੋਚਦਾ ਰਿਹਾ, ਕੰਵਲ ਨੂੰ ਮੇਰੇ ਵਿੱਚ ਕੀ ਦਿਸਿਆ ਕਿ ਉਹਦੇ ਲਈ ਜਲੰਧਰ ਵਿੱਚ ਸਭ ਤੋਂ ਵੱਡਾ ਮਿੱਤਰ ਪਿਆਰਾ ਮੈਂ ਹੋ ਗਿਆ। ਉਹਦੇ ਮਿੱਤਰ ਪਿਆਰੇ ਤਾਂ ਜਲੰਧਰ ਦੇ ਹਰ ਪੰਜਾਬੀ ਪੜ੍ਹਨ ਵਾਲੇ ਘਰਾਂ ਵਿੱਚ ਬੈਠੇ ਨੇ। ਪੰਜਾਬ ਤੇ ਵਿਦੇਸ਼ਾਂ ਵਿੱਚ ਘਰ-ਘਰ ਬੈਠੇ ਨੇ।
ਪਹਿਲੀ ਵਾਰ ਮੈਂ ਕੰਵਲ ਦੀ ਤਸਵੀਰ (ਸ਼ਾਇਦ) 1961-62 ਵਿੱਚ ਕਿਸੇ ਅਖ਼ਬਾਰ ਵਿੱਚ ਵੇਖੀ ਸੀ। ਇਹਦੇ ਨਾਲ ਕੰਵਲ ਦੇ ਨਵੇਂ ਛਪੇ ਨਾਵਲ ‘ਹਾਣੀ’ ਬਾਰੇ ਜਲੰਧਰ ਵਿੱਚ ਹੋਈ ਗੋਸ਼ਟੀ ਦਾ ਹਵਾਲਾ ਸੀ। ਇਸ ਗੋਸ਼ਟੀ ਵਿੱਚ ਸੋਹਨ ਸਿੰਘ ਜੋਸ਼, ਜਗਜੀਤ ਸਿੰਘ ਆਨੰਦ ਤੇ ਗੁਰਚਰਨ ਸਿੰਘ ਸਹਿੰਸਰਾ ਜਿਹੇ ਵਿਦਵਾਨਾਂ/ਆਲੋਚਕਾਂ ਨੇ ਕੰਵਲ ਦੀ ਹਾਜ਼ਰੀ ਵਿੱਚ ਉਹਦੇ ਨਾਵਲ ਦੀ ਮਿੱਟੀ ਪੁੱਟੀ ਸੀ। ਬੜੀ ਤਿੱਖੀ ਆਲੋਚਨਾ ਕੀਤੀ ਸੀ। ਮੈਨੂੰ ਪੜ੍ਹ ਕੇ ਬੜਾ ਗੁੱਸਾ ਲੱਗਾ। ਮੇਰੇ ਮਨਭਾਉਂਦੇ ਲੇਖਕ ਦੀ ਲਿਖਤ ਵਿੱਚ ਕੋਈ ਨੁਕਸ ਕਿਵੇਂ ਕੱਢ ਸਕਦਾ ਹੈ। ਮੇਰੇ ਰੋਸੇ ਨੂੰ ਕਿਸੇ ਅਖ਼ਬਾਰ ਨੇ ਤਾਂ ਛਾਪਣਾ ਨਹੀਂ ਸੀ, ਪਰ ਮੈਂ ਆਪਣੀ ਕਹਾਣੀਆਂ ਲਿਖਣ ਵਾਲੀ ਕਾਪੀ ’ਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ‘ਆਲੋਚਨਾਤਮਕ ਟਿੱਪਣੀ’ ਲਿਖ ਕੇ ਕੰਵਲ ਦੇ ਨਾਵਲ ਦੀ ਕੀਤੀ ਗਈ ‘ਬੇਕਿਰਕ’ ਆਲੋਚਨਾ ਦੀ ‘ਆਲੋਚਨਾ’ ਕੀਤੀ। ਉਹ ਕਾਪੀ ਮੈਂ ਹੁਣ ਤੱਕ ਸਾਂਭੀ ਹੋਈ ਹੈ।
ਪਹਿਲੀ ਮਿਲਣੀ
ਪਹਿਲੀ ਵਾਰ ਮੈਂ ਕੰਵਲ ਨੂੰ ਸਾਖ਼ਸ਼ਾਤ 1967 ਵਿੱਚ ਵੇਖਿਆ। ਇਹ ਉਦੋਂ ਦੀ ਗੱਲ ਹੈ ਜਦੋਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਪ੍ਰੀਤ ਪਾਠਕਾਂ ਨੂੰ ਅੰਮ੍ਰਿਤਸਰ ਦੀ ਗਾਂਧੀ ਗਰਾਊਂਡ ਵਿਚਲੇ ਓਪਨ ਏਅਰ ਥੀਏਟਰ ਵਿੱਚ ਪ੍ਰੀਤ ਮਿਲਣੀ ਉੱਤੇ ਆਉਣ ਦਾ ਸੱਦਾ ਦਿੱਤਾ। ਧਾਰਮਿਕ ਦੀਵਾਨਾਂ ਅਤੇ ਰਾਜਸੀ ਜਲਸਿਆਂ ਤੋਂ ਇਲਾਵਾ ਇਹ ਪਹਿਲਾ ਵੱਡਾ ਸਾਹਿਤਕ ਇਕੱਠ ਸੀ ਜਿਸ ਵਿੱਚ ਮੈਂ ਸ਼ਾਮਲ ਹੋਇਆ ਸਾਂ। ਇਹ ਮਿਲਣੀ ਦੋ ਦਿਨ ਚੱਲੀ।
ਇਕੱਠ ਬੜਾ ਵਿਲੱਖਣ ਅਤੇ ਦਿਲਕਸ਼ ਸੀ।
ਬਹੁਤੇ ਲੋਕ ਭਾਵੇਂ ਇੱਕ ਦੂਜੇ ਦੇ ਜਾਣ-ਪਛਾਣ ਵਾਲੇ ਨਹੀਂ ਸਨ ਪਰ ਫਿਰ ਵੀ ਇੱਕ ਦੂਜੇ ਨਾਲ ਅਪਣੱਤ ਦੇ ਰਿਸ਼ਤੇ ਵਿੱਚ ਬੱਝੇ ਹੋਏ ਸਨ। ਆਪਣੇ ਜੀਵਨ ਵਿੱਚ ਮੈਂ ਪਹਿਲੀ ਵਾਰ ਪ੍ਰੀਤ ਮਿਲਣੀ ਵਿੱਚ ਸ਼ਾਮਿਲ ਹੋਏ ਵੱਡੇ ਲੇਖਕਾਂ ਨੂੰ ਵੇਖ ਰਿਹਾ ਸਾਂ। ਨਵਤੇਜ ਸਿੰਘ ਉਨ੍ਹਾਂ ਦਾ ਨਾਂ ਲੈ ਕੇ ਅਗਲੀਆਂ ਕੁਰਸੀਆਂ ’ਤੇ ਆਉਣ ਲਈ ਸੱਦਾ ਦੇ ਰਿਹਾ ਸੀ। ਲੇਖਕ ਪਿੱਛੋਂ ਉੱਠ ਕੇ ਵਾਰੀ-ਵਾਰੀ ਅੱਗੇ ਆ ਰਹੇ ਸਨ। ਲੇਖਕ ਵਜੋਂ ਉਨ੍ਹਾਂ ਦੀ ਲੋਕ-ਪ੍ਰਿਅਤਾ ਦੇ ਹਿਸਾਬ ਨਾਲ ਉਨ੍ਹਾਂ ਦੇ ਸਵਾਗਤ ਵਿੱਚ ਦਰਸ਼ਕ ਤਾੜੀਆਂ ਮਾਰਦੇ। ਜਦੋਂ ਨਵਤੇਜ ਸਿੰਘ ਨੇ ਜਸਵੰਤ ਸਿੰਘ ਕੰਵਲ ਦਾ ਨਾਂ ਲਿਆ ਤਾਂ ਤਾੜੀਆਂ ਦੀ ਗੜਗੜਾਹਟ ਸਭ ਤੋਂ ਉੱਚੀ ਸੀ। ਪਰ ਕੰਵਲ ਉੱਠ ਕੇ ਅਗਲੀਆਂ ਕੁਰਸੀਆਂ ’ਤੇ ਨਹੀਂ ਆਇਆ। ਅਸੀਂ ਧੌਣ ਭੁਆਂ ਕੇ ਵੇਖਿਆ; ਐਨ ਅਖ਼ੀਰਲੀਆਂ ਕੁਰਸੀਆਂ ਵਿੱਚੋਂ ਇੱਕ ’ਤੇ ਬੈਠੇ ਕੰਵਲ ਨੇ ਪਿੱਛੋਂ ਹੀ ਨਵਤੇਜ ਵੱਲ ਹੱਥ ਹਿਲਾ ਕੇ ਉਹਦਾ ਧੰਨਵਾਦ ਵੀ ਕਰ ਦਿੱਤਾ ਤੇ ‘ਨਾਂਹ’ ਵਿੱਚ ਏਧਰ-ਓਧਰ ਬਾਂਹ ਹਿਲਾ ਅੱਗੇ ਆਉਣਾ ਅਪ੍ਰਵਾਨ ਕਰ ਦਿੱਤਾ। ਮੇਰੇ ਨਾਲ ਦੇ ਸਾਥੀ ਨੇ ਕਿਹਾ, ‘‘ਕੰਵਲ ਲੋਕਾਂ ਦਾ ਲੇਖਕ ਹੈ। ਉਹ ਲੋਕਾਂ ਵਿੱਚ ਹੀ ਬਹਿਣਾ ਚਾਹੁੰਦਾ ਹੈ। ਆਮ ਹੀ ਦਿਸਣਾ ਚਾਹੁੰਦਾ ਹੈ। ਖ਼ਾਸ ਨਹੀਂ ਬਣਨਾ ਚਾਹੁੰਦਾ।’’
ਪ੍ਰੀਤ ਮਿਲਣੀ ’ਤੇ ਮੈਂ ਕੰਵਲ ਨੂੰ ਅਜਾਇਬਘਰ ਦੀ ਵਸਤ ਵਾਂਗੂੰ ਕੋਲੋਂ-ਕੋਲੋਂ ਤਾਂ ਵੇਖਦਾ ਰਿਹਾ, ਪਰ ਉਹਨੂੰ ਬੁਲਾਉਣ ਦਾ ਜੇਰਾ ਨਾ ਕਰ ਸਕਿਆ। ਜਿਵੇਂ ਬੰਦਾ ਕੁਤਬ ਮੀਨਾਰ ਦੇ ਗੇੜੇ ਕੱਢਦਾ ਫਿਰੇ। ਉਹਦੇ ਸਾਹਮਣੇ ਹੋ ਕੇ ਮੈਂ ਉਹਦੀ ਅੱਖ ਵਿੱਚ ਅੱਖ ਨਾ ਪਾ ਸਕਿਆ।
ਇਹ ਮੌਕਾ ਮੈਨੂੰ 1971 ਵਿੱਚ ਉਦੋਂ ਮਿਲਿਆ ਜਦੋਂ ਅੰਬਰਸਰ ਦੇ ਟਾਊਨ ਹਾਲ ਨੇੜੇ ਪੈਂਦੇ ਕੁੜੀਆਂ ਦੇ ਸਕੂਲ ਵਿੱਚ ਪ੍ਰੀਤ ਮਿਲਣੀ ਹੋਈ। ਉਨ੍ਹੀਂ ਦਿਨੀਂ ਸਾਹਿਤਕ ਮਾਹੌਲ ਬੜਾ ਗਰਮ ਅਤੇ ਉਤੇਜਨਾ ਵਾਲਾ ਸੀ। ਅਸੀਂ ਇਸ ਦੀ ਪੂਰੀ ਜਕੜ ਵਿੱਚ ਸਾਂ। ਸੀਪੀਆਈ ਤੇ ਸੀਪੀਐੱਮ ਨਾਲ ਜੁੜੇ ਕੇਂਦਰੀ ਲੇਖਕ ਸਭਾ ਦੇ ਕਹਿੰਦੇ ਕਹਾਉਂਦੇ ਸਾਹਿਤਕਾਰ ਨਵੇਂ ਉੱਠ ਰਹੇ ‘ਕ੍ਰਾਂਤੀਕਾਰੀ’ ਲੇਖਕਾਂ ਦੇ ਵਿਰੋਧੀ ਸਨ। ਉਹ ਨਵੇਂ ਲੇਖਕਾਂ ਨੂੰ ਆਪਣੀ ਕੇਂਦਰੀ ਸਭਾ ਤੋਂ ਦੂਰ ਰੱਖਣਾ ਚਾਹੁੰਦੇ ਸਨ। ਕੰਵਲ, ਜਗਜੀਤ ਸਿੰਘ ਆਨੰਦ, ਗੁਰਚਰਨ ਸਿੰਘ ਸਹਿੰਸਰਾ, ਸਾਧੂ ਸਿੰਘ ਹਮਦਰਦ ਇਨ੍ਹਾਂ ਦੇ ਆਗੂ ਸਨ। ਦੂਜੇ ਪਾਸੇ ਮੇਰੇ ਨਾਲ ਦੇ ਸਾਹਿਤਕ ਸਾਥੀ ਵੀ ਤੱਤੇ ਵਿਚਾਰਾਂ ਵਾਲੇ ਹੀ ਸਨ। ਅਸੀਂ ਆਪਣੇ ਬਣਾਏ ‘ਸਾਹਿਤ ਕੇਂਦਰ ਭਿੱਖੀਵਿੰਡ’ ਵੱਲੋਂ ਫ਼ੈਸਲਾ ਕੀਤਾ ਕਿ ‘ਜੁਝਾਰ’ ਨਾਂ ਦੀ ਇੱਕ ਚੌਵਰਕੀ ਜਾਂ ਛੇ-ਵਰਕੀ ਛਾਪੀ ਜਾਵੇ ਅਤੇ ਇਨ੍ਹੀਂ ਦਿਨੀਂ ਹੀ ਅੰਮ੍ਰਿਤਸਰ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੱਲੋਂ ਕੀਤੀ ਜਾਣ ਵਾਲੀ ਪ੍ਰੀਤ ਮਿਲਣੀ ਉੱਤੇ ਪ੍ਰੀਤ ਪਾਠਕਾਂ ਵਿੱਚ ਤਕਸੀਮ ਕੀਤੀ ਜਾਵੇ। ਇਸ ਤਰ੍ਹਾਂ ਇਕਦਮ ਵੱਡੇ ਸਾਹਿਤਕ ਦਾਇਰੇ ਵਿੱਚ ਸਾਡੀ ਸਭਾ ਤੇ ਸਾਡੇ ਲੇਖਕਾਂ ਦਾ ਨਾਂ ਜਾਵੇਗਾ ਅਤੇ ਸਾਹਿਤਕ ਹਲਕਿਆਂ ਵਿੱਚ ਪਛਾਣ ਬਣੇਗੀ। ਸਾਨੂੰ ਪਰਚਾ ਛਪਵਾਉਣ ਬਾਰੇ ਜਾਣਕਾਰੀ ਨਹੀਂ ਸੀ, ਇਸ ਲਈ ਅਸੀਂ ਪੈਸੇ ਇਕੱਠੇ ਕਰ ਕੇ ਪਰਚਾ ਛਪਵਾਉਣ ਦੀ ਸੇਵਾ ਸੁਜਾਨ ਸਿੰਘ ਹੁਰਾਂ ਦੇ ਵੱਡੇ ਪੁੱਤਰ ਕੁਲਵੰਤ ਸਿੰਘ (‘ਕੁਲਫ਼ੀ’ ਕਹਾਣੀ ਦੇ ਪਾਤਰ) ਦੇ ਜ਼ਿੰਮੇ ਲਾਈ। ਕੁਲਵੰਤ ਉਨ੍ਹੀਂ ਦਿਨੀਂ ਭਿੱਖੀਵਿੰਡ ਵਿੱਚ ਗਿਆਨੀ ਦੀਆਂ ਕਲਾਸਾਂ ਲੈ ਰਿਹਾ ਸੀ ਤੇ ਅਸੀਂ ਹੀ ਉਸ ਦੀ ਮਦਦ ਕਰਨ ਲਈ ਅੱਗੇ ਪੜ੍ਹਨ ਵਾਲੇ ਅਧਿਆਪਕ/ਅਧਿਆਪਕਾਵਾਂ ਨੂੰ ਵਿਦਿਆਰਥੀ ਵਜੋਂ ਉਸ ਨਾਲ ਜੋੜਿਆ ਸੀ।
‘ਜੁਝਾਰ’ ਦੇ ਮੁੱਖ ਪੰਨੇ ਉੱਤੇ ਮੇਰੀ ਕਵਿਤਾ ਸੀ-
ਜਿਸ ਵਿੱਚ ਗੁਰਬਖ਼ਸ਼ ਸਿੰਘ ਦੀ ਪ੍ਰੀਤ ਮਿਲਣੀ ਨੂੰ ਅਜੋਕੇ ਪ੍ਰਸੰਗ ਵਿੱਚ ਵਿਅੰਗ ਦਾ ਨਿਸ਼ਾਨਾ ਬਣਾਇਆ ਗਿਆ ਸੀ:
ਦੀਵਾਰ ’ਤੇ ਲਟਕਿਆ ਲੈਨਿਨ ਬੁੱਢਾ ਹੋ ਰਿਹਾ ਹੈ
ਸੀਸ ਲਈ ਮੰਗ ਕਰਦੀ
ਗੋਬਿੰਦ ਦੀ ਤਣੀ ਉਂਗਲ ਥੱਕ ਚੱਲੀ ਹੈ
- ਤੁਸੀਂ ਰੰਗਲੇ ਬੰਗਲਿਆਂ ਵਿੱਚ ਬਹਿ ਕੇ
ਆਰਾਮ ਦੀ ਗੱਲ ਕਰਦੇ ਹੋ!
ਪ੍ਰੀਤਾਂ ਦਾ ਮਿਲਣ ਚਾਹੁੰਦੇ ਹੋ!
- ਕੀ ਮਿਲਣ ਤੋਂ ਪਹਿਲਾਂ ਮਰਨ ਦਾ ਸੱਚ ਸੁਣਿਆਂ ਜੇ?
ਤੁਸੀਂ ਕਿਹੜੇ ਝਨਾਵਾਂ ਨੂੰ ਪਾਰ ਕੀਤਾ ਹੈ?
ਆਰਾਮ ਕਾਹਦਾ!
ਕੀ ਮਾਛੀਵਾੜੇ ’ਚੋਂ ਲੰਘ ਆਏ ਹੋ?
- ਕਦਮਾਂ ਨੂੰ ਸ਼ਰਮਿੰਦਾ ਨਾ ਕਰੋ।
ਕੁਲਵੰਤ ਸਾਡੇ ਨਾਲ ਪ੍ਰੀਤ ਪਾਠਕਾਂ ਵਿੱਚ ਪਰਚਾ ਵੰਡਾ ਵੀ ਰਿਹਾ ਸੀ; ਮੈਨੂੰ ਵੱਡੇ ਲੇਖਕਾਂ ਨਾਲ ਮਿਲਾ ਵੀ ਰਿਹਾ ਸੀ ਤੇ ਨਵੇਂ ਹੋਣਹਾਰ ਲੇਖਕ ਵਜੋਂ ਮੇਰੀ ਜਾਣ-ਪਛਾਣ ਵੀ ਕਰਵਾ ਰਿਹਾ ਸੀ। ਉਸ ਨੇ ਜਸਵੰਤ ਸਿੰਘ ਕੰਵਲ ਦੇ ਹੱਥ ਵਿੱਚ ਫੜੇ ‘ਜੁਝਾਰ’ ਵੱਲ ਵੇਖ ਕੇ ਕਿਹਾ, ‘‘ਵੇਖਿਆ ਜੇ ਸਾਡਾ ਪਰਚਾ? ਇਸ ਦੇ ਪਹਿਲੇ ਸਫ਼ੇ ਵਾਲੀ ਨਜ਼ਮ ਪੜ੍ਹ ਕੇ ਵੇਖੋ। ਕਿਆ ਨਜ਼ਮ ਹੈ! ਆਪਣੇ ਵਰਿਆਮ ਨੇ ਲਿਖੀ ਹੈ।’’ ਉਸ ਨੇ ਮਾਣ ਨਾਲ ਮੇਰੇ ਮੋਢੇ ਉੱਤੇ ਹੱਥ ਰੱਖਿਆ।
‘‘ਕੀ ਹੈ ਇਸ ਵਿੱਚ? ਦੱਸ ਮੈਨੂੰ; ਕੀ ਹੈ ਇਸ ਵਿੱਚ?’’ ਕੰਵਲ ਖਿਝਿਆ ਪਿਆ ਸੀ ਤੇ ਪਰਚੇ ਨੂੰ ਹੱਥ ਵਿੱਚ ਹਿਕਾਰਤ ਨਾਲ ਹਿਲਾ ਰਿਹਾ ਸੀ। ਸ਼ਾਇਦ ਉਹ ‘ਕੱਲ੍ਹ ਦੇ ਛੋਕਰੇ’ ਵੱਲੋਂ ਗੁਰਬਖ਼ਸ਼ ਸਿੰਘ ਦੀਆਂ ਵਡੇਰੀਆਂ ਪ੍ਰਾਪਤੀਆਂ ਨੂੰ ਛੁਟਿਆਉਣ ਕਰਕੇ ਔਖਾ ਸੀ ਜਾਂ ਉਸ ਦੇ ਮਨ ਵਿੱਚ ਨਵੇਂ ਉੱਠ ਰਹੇ ਪਰ ਉਸ ਦੀ ਨਜ਼ਰ ਵਿੱਚ ਰਾਹੋਂ ਭਟਕੇ ‘ਕ੍ਰਾਂਤੀਕਾਰੀ ਲੇਖਕਾਂ’ (ਉਦੋਂ ਇਹੋ ਨਾਂ ਵਰਤਿਆ ਜਾਂਦਾ ਸੀ) ਪ੍ਰਤੀ ਤੇਜ਼-ਤਿੱਖੀ ਨਾਰਾਜ਼ਗੀ ਸੀ। ਕੁਝ ਸਾਲਾਂ ਬਾਅਦ ਜਦੋਂ ਮੈਂ ਉਸ ਦਾ ਨਾਵਲ ‘ਲਹੂ ਦੀ ਲੋਅ’ ਪੜ੍ਹ ਰਿਹਾ ਸਾਂ ਤਾਂ ਕੰਵਲ ਵਾਰ-ਵਾਰ ਮੇਰੇ ਚੇਤਿਆਂ ਵਿੱਚ ‘ਜੁਝਾਰ’ ਦੇ ਪੀਲੇ ਪੱਤਰਿਆਂ ਨੂੰ ਹਿਕਾਰਤ ਨਾਲ ਹਿਲਾਉਂਦਾ ਕਹਿ ਰਿਹਾ ਸੀ, ‘‘ਕੀ ਹੈ ਇਸ ਵਿੱਚ?’’ ਪਰ ਮੈਂ ਉਸ ਨੂੰ ਕਹਿ ਨਹੀਂ ਸਾਂ ਸਕਦਾ ਕਿ ਇਸ ਵਿੱਚ ‘ਲਹੂ ਦੀ ਲੋਅ’ ਵਰਗਾ ਹੀ ਕੁਝ ਸੀ!
(ਬਾਕੀ ਅਗਲੇ ਅੰਕ ਵਿੱਚ)
ਸੰਪਰਕ: 98726-02296