ਇਕ ਵੋਟ ਦੇ ਫ਼ਰਕ ਨਾਲ ਜਸਵੰਤ ਸਿੰਘ ਦੁਲੂਆਣਾ ਦੇ ਸਰਪੰਚ ਬਣੇ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 16 ਅਕਤੂਬਰ
ਬਲਾਕ ਧਾਰੀਵਾਲ ਦੇ ਪਿੰਡ ਦੁਲੂਆਣਾ ਵਿੱਚ ਪੰਚਾਇਤੀ ਚੋਣਾਂ ਦਾ ਮੁਕਾਬਲਾ ਫਸਵਾਂ ਅਤੇ ਹੈਰਾਨੀਜਨਕ ਰਿਹਾ। ਇਸ ਫਸਵੇਂ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਵਪਾਲ ਸਿੰਘ ਨੂੰ ਇਕ ਵੋਟ ਦੇ ਫਰਕ ਨਾਲ ਹਰਾ ਕੇ ਕਾਂਗਰਸ ਪਾਰਟੀ ਨਾਲ ਸਬੰਧਿਤ ਜਸਵੰਤ ਸਿੰਘ ਪਿੰਡ ਦਾ ਸਰਪੰਚ ਬਣਿਆ ਹੈ। ਜਦਕਿ ਪੰਚਾਂ ਵਿੱਚ ਬਰਾਬਰ ਵੋਟਾਂ ਹੋਣ ਕਾਰਨ ਟੌਸ ’ਤੇ ਦੋ ਔਰਤਾਂ ਮਾਇਆ ਕੌਰ ਅਤੇ ਬੇਵੀ ਕੌਰ ਪੰਚਾਇਤ ਮੈਂਬਰ ਬਣੀਆਂ ਹਨ, ਸਮਸ਼ੇਰ ਸਿੰਘ ਤੇ ਜਰਨੈਲ ਸਿੰਘ ਚੋਣ ਜਿੱਤ ਕੇ ਪੰਚ ਬਣੇ ਹਨ ਅਤੇ ਗੁਰਮੀਤ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਵਾਸੀਆਂ ਨੇ ਪਹਿਲਾਂ ਹੀ ਪੰਚਾਇਤ ਮੈਂਬਰ ਚੁਣ ਲਿਆ ਸੀ। ਨਵੀਂ ਪੰਚਾਇਤ ਦਾ ਇਸ ਮੌਕੇ ਸਨਮਾਨ ਕੀਤਾ ਗਿਆ।
ਸੁਖਚੈਨ ਸਿੰਘ ਪਿੰਡ ਧਾਰੀਵਾਲ ਕਲਾਂ ਦੇ ਸਰਪੰਚ ਬਣੇ
ਧਾਰੀਵਾਲ (ਪੱਤਰ ਪ੍ਰੇਰਕ): ਪਿੰਡ ਧਾਰੀਵਾਲ ਕਲਾਂ ਵਿੱਚ ਸੁਖਚੈਨ ਸਿੰਘ 238 ਵੋਟਾਂ ਦੇ ਫਰਕ ਨਾਲ ਜਿੱਤ ਕੇ ਪਿੰਡ ਦੇ ਸਰਪੰਚ ਬਣੇ ਹਨ। ਪੰਚਾਂ ਵਿੱਚ ਹਰਵਿੰਦਰ ਕੌਰ, ਨਰਿੰਦਰ ਕੌਰ, ਅਮਰੀਕ ਸਿੰਘ, ਰਾਜਵਿੰਦਰ ਕੌਰ, ਬੱਬੀ, ਜਿੰਦਰ ਸਿੰਘ, ਕੁਲਵੰਤ ਸਿੰਘ ਅਤੇ ਹਰਦੀਪ ਸਿੰਘ ਜੇਤੂ ਰਹੇ। ਸਮਾਜ ਸੇਵੀ ਬਾਬਾ ਅਜੈਬ ਸਿੰਘ ਨੇ ਪਿੰਡ ਦੇ ਨਵੇਂ ਸਰਪੰਚ ਸੁਖਚੈਨ ਸਿੰਘ ਦਾ ਹਾਰ ਅਤੇ ਸਿਰਪਾਓ ਪਾ ਕੇ ਸਨਮਾਨ ਕੀਤਾ। ਆਮ ਆਦਮੀ ਪਾਰਟੀ ਨਾਲ ਸਬੰਧਿਤ ਨਵੇਂ ਸਰਪੰਚ ਸੁਖਚੈਨ ਸਿੰਘ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਉਹ ਬਿਨਾਂ ਕਿਸੇ ਭੇਦਭਾਵ ਦੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣਗੇ। ਇਸੇ ਦੌਰਾਨ ਪਿੰਡ ਭੁੰਬਲੀ ਵਿੱਚ ਪਰਮਜੀਤ ਸਿੰਘ ਆਪਣੇ ਵਿਰੋਧੀ ਭਗਵੰਤ ਸਿੰਘ ਨੂੰ 482 ਵੋਟਾਂ ਦੇ ਫਰਕ ਨਾਲ ਹਰਾ ਕੇ ਪਿੰਡ ਦੇ ਲਗਾਤਾਰ ਦੂਜੀ ਵਾਰੀ ਸਰਪੰਚ ਬਣੇ ਹਨ। ਪਿੰਡ ਵਾਸੀਆਂ ਨੇ ਸਰਪੰਚ ਪਰਮਜੀਤ ਸਿੰਘ ਦਾ ਥਾਂ ਥਾਂ ’ਤੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ।