ਜਸਤੇਜ ਸਿੰਘ ਤੇ ਜਸਕੀਰਤ ਸਿੰਘ ਨੇ ਸਜਾਈ ਸਭ ਤੋਂ ਸੋਹਣੀ ਦਸਤਾਰ
ਪੱਤਰ ਪੇਰਕ
ਕੁਰਾਲੀ, 2 ਜੁਲਾਈ
ਸਥਾਨਕ ਨਗਰ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਚਨਾਲੋਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਦਸਤਾਰ ਸਜਾਉਣ ਮੁਕਾਬਲੇ ਕਰਵਾਏ ਗਏ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਨ੍ਹਾਂ ਮੁਕਾਬਲਿਆਂ ਦੌਰਾਨ ਵੱਖ ਵੱਖ ਵਰਗਾਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਨੌਜਵਾਨਾਂ ਹਰਪ੍ਰੀਤ ਸਿੰਘ ਚਨਾਲੋਂ ਤੇ ਸੁਖਵਿੰਦਰ ਸਿੰਘ ਚਨਾਲੋਂ ਦੀ ਦੇਖਰੇਖ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਦਸਤਾਰ ਮੁਕਾਬਲੇ ਦੇ 5-14 ਸਾਲ ਉਮਰ ਵਰਗ ਵਿੱਚ ਜਸਤੇਜ ਸਿੰਘ ਨੇ ਪਹਿਲਾ, ਸੁਖਦੀਪ ਸਿੰਘ ਨੇ ਦੂਜਾ ਤੇ ਜਸ਼ਨਦੀਪ ਨੇ ਤੀਜਾ ਜਦਕਿ 15-25 ਸਾਲ ਉਮਰ ਵਰਗ ਵਿੱਚ ਜਸਕੀਰਤ ਸਿੰਘ ਨੇ ਪਹਿਲਾ, ਜਸਕਰਨ ਸਿੰਘ ਨੇ ਦੂਜਾ ਤੇ ਰੋਹਿਤਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਤੋਂ ਪਹਿਲਾਂ ਨੌਜਵਾਨਾਂ ਨੂੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਇੰਟਰਨੈਸ਼ਨਲ ਗਤਕਾ ਅਖਾੜਾ ਗੁਰਦੁਆਰਾ ਭੱਠਾ ਸਾਹਿਬ ਦੀ ਟੀਮ ਵੱਲੋਂ ਇੱਕ ਮਹੀਨੇ ਦੇ ਅਰਸੇ ਲਈ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ ਅਤੇ ਅੰਤਿਮ ਦਿਨ ਮੁਕਾਬਲੇ ਕਰਵਾਏ ਗਏ।
ਦਸਤਾਰ ਸਜਾਉਣ ਮੁਕਾਬਲੇ ਦੇ ਇਨਾਮ ਵੰਡ ਸਮਾਗਮ ਵਿੱਚ ਕੌਂਸਲਰ ਤੇ ‘ਆਪ’ ਆਗੂ ਬਹਾਦਰ ਸਿੰਘ ਓਕੇ ਤੇ ਗੁਰਮੇਲ ਸਿੰਘ ਪਾਬਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਕੁਰਹਿਤਾਂ ਤੋਂ ਬਚਣ ਦਾ ਸੱਦਾ ਦਿੱਤਾ। ਇਸ ਮੌਕੇ ਸੁਖਜੀਤ ਸਿੰਘ, ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਰਾਜਿੰਦਰ ਸਿੰਘ ਤੇ ਤੇਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।