ਹਰਿਆਣਾ ਵਿੱਚ ਜੱਜ ਬਣਿਆ ਬਠਿੰਡਾ ਦਾ ਜਸਮੀਤ
ਮਨੋਜ ਸ਼ਰਮਾ
ਬਠਿੰਡਾ, 22 ਅਕਤੂਬਰ
ਬਠਿੰਡਾ ਦੇ ਜਸਮੀਤ ਸਿੰਘ ਨੇ ਹਰਿਆਣਾ ਵਿੱਚ ਹੋਈ ਜੁਡੀਸ਼ਰੀ ਦੀ ਪ੍ਰੀਖਿਆ ’ਚ 18 ਰੈਂਕ ਪ੍ਰਾਪਤ ਕਰਕੇ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ। ਗੌਰਤਲਬ ਹੈ ਕਿ ਜਸਮੀਤ ਦੇ ਪਿਤਾ ਬਠਿੰਡਾ ਵਿੱਚ ਉਸਾਰੀ ਦੇ ਠੇਕੇਦਾਰ ਹਨ। ਉਨ੍ਹਾਂ ਦੀ ਮਾਤਾ ਮਨਿੰਦਰ ਕੌਰ ਬਠਿੰਡਾ ਵਿੱਚ ਅਕੈਡਮੀ ਚਲਾ ਰਹੀ ਹੈ। ਉਨ੍ਹਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਰਿਜਨਲ ਸੈਂਟਰ ਤੋਂ ਐੱਲਐੱਲਐੱਮ ਦੀ ਪੜ੍ਹਾਈ ਕੀਤੀ। ਉਹ ਸਫ਼ਲਤਾ ਦਾ ਸਿਹਰਾ ਆਪਣੀ ਮਾਤਾ ਮਨਿੰਦਰ ਕੌਰ ਨੂੰ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਬਚਪਨ ਵਿੱਚ ਹੀ ਜੱਜ ਬਣਨ ਦੀ ਇੱਛਾ ਸੀ ਪਰ ਪਹਿਲਾਂ ਸਫ਼ਲਤਾ ਨਹੀਂ ਸੀ ਮਿਲੀ। ਫਿਰ 2023-24 ਦੌਰਾਨ ਦਿੱਲੀ ਅਤੇ ਹਰਿਆਣਾ ਜੁਡੀਸ਼ਰੀ ਦੀ ਪ੍ਰੀਖਿਆ ਦਿੱਤੀ। ਹੁਣ ਉਸ ਵੱਲੋਂ ਹਰਿਆਣਾ ਸੂਬੇ ਵਿਚ ਪ੍ਰੀਖਿਆ ਦੇ ਆਏ ਨਤੀਜੇ ਦੌਰਾਨ 18 ਰੈਂਕ ਪ੍ਰਾਪਤ ਕੀਤਾ। ਜਸਮੀਤ ਦੱਸਦਾ ਹੈ ਕਿ ਉਸ ਦਾ ਵੱਡਾ ਭਰਾ ਆਸਟਰੇਲੀਆ ਦਾ ਵਸਨੀਕ ਹੈ। ਉਸ ਦੇ ਮਾਤਾ ਪਿਤਾ ਉਸ ’ਤੇ ਵਿਦੇਸ਼ ਜਾਣ ਦਾ ਜ਼ੋਰ ਪਾਉਂਦੇ ਰਹੇ ਪਰ ਉਹ ਨਹੀਂ ਗਿਆ। ਉਸ ਨੇ ਆਖਿਆ ਕਿ ਉਹ ਲੋਕਾਂ ਨੂੰ ਨਿਆਂ ਦੇਣਾ ਚਾਹੁੰਦਾ ਸੀ।