ਜਸਬੀਰ ਸਿੰਘ ਸਾਬਰ ਦਾ ਦੇਹਾਂਤ
ਪੱਤਰ ਪ੍ਰੇਰਕ
ਅੰਮ੍ਰਿਤਸਰ, 18 ਅਕਤੂਬਰ
ਪ੍ਰਸਿੱਧ ਵਿਦਵਾਨ ਡਾ. ਜਸਬੀਰ ਸਿੰਘ ਸਾਬਰ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ। ਡਾ. ਸਾਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਅਨ ਅਧਿਐਨ ਵਿਭਾਗ ਤੋਂ 2000 ਵਿੱਚ ਸੇਵਾਮੁਕਤ ਹੋਏ ਸਨ। 1942 ਨੂੰ ਜਨਮੇ ਡਾ. ਸਾਬਰ ਦੇ ਪਿਤਾ ਸ਼ੇਰ ਸਿੰਘ ਆਜ਼ਾਦੀ ਘੁਲਾਟੀਏ ਸਨ। ਡਾ. ਸਾਬਰ ਮੱਧ ਕਲੀਨ ਪੰਜਾਬੀ ਸਾਹਿਤ ਅਤੇ ਖਾਸ ਤੌਰ ’ਤੇ ਗੁਰਮਤਿ ਸਾਹਿਤ, ਗੁਰਬਾਣੀ, ਸਿੱਖ ਇਤਿਹਾਸ, ਸਿੱਖ ਸੱਭਿਆਚਾਰ ਅਤੇ ਗੁਰਮਤਿ ਸੰਗੀਤ ਨੂੰ ਸਮੇਂ ਦੇ ਹਾਣ ਦਾ ਪੇਸ਼ ਕਰਨ ਵਾਲੇ ਵਿਸ਼ਵ ਪ੍ਰਸਿੱਧ ਵਿਦਵਾਨ ਸਨ। ਉਨ੍ਹਾਂ ਇਕ ਦਹਾਕਾ ਪੰਜਾਬੀ ਦੀ ਪੱਤਰਕਾਰੀ ਵਿਚ ਗੁਜ਼ਾਰਦਿਆਂ ਕੌਮੀ ਦਰਦ ਅਖ਼ਬਾਰ ਦੇ ਸੰਪਾਦਕ, ਸ਼੍ਰੋਮਣੀ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਇੰਚਾਰਜ ਰਹੇ। ਉਨ੍ਹਾਂ ਦੀਆਂ ਤਿੰਨ ਦਰਜਨ ਤੋਂ ਵੱਧ ਮੌਲਿਕ ਅਤੇ ਸੰਪਾਦਤ ਪੁਸਤਕਾਂ ਹਨ। ਡਾ. ਸਾਬਰ ਨੂੰ 1988 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਨੇ ਕੌਮੀ ਐਵਾਰਡ ਨਾਲ ਸਨਮਾਨਿਆ ਸੀ।
ਉਨ੍ਹਾਂ ਦਾ ਅੰਤਿਮ ਸਸਕਾਰ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸਮਸ਼ਾਨ ਘਾਟ ਵਿਖੇ ਅੱਜ ਬਾਅਦ ਦੁਪਹਿਰ ਕੀਤਾ ਗਿਆ। ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ, ਪ੍ਰਿੰ. ਡਾ ਮਹਿਲ ਸਿੰਘ, ਡਾ ਪਰਮਿੰਦਰ, ਸੁਖਵਿੰਦਰ ਸਿੰਘ ਨਰੂਲਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।