ਵਿਸ਼ਵਾਸ ਦੀ ਧਰਤੀ ਵਾਲੀ ਜਸਬੀਰ ਕੇਸਰ
ਸੁਖਦੇਵ ਸਿੰਘ ਸਿਰਸਾ
ਜਸਬੀਰ ਕੇਸਰ ਨੇ ਕਦੇ ਕਿਹਾ ਸੀ: ‘‘ਮੈਨੂੰ ਚੰਦ ਨਹੀਂ ਚਾਹੀਦਾ/ ... ਬੱਸ ਦੋ ਕਦਮ ਧਰਤੀ ਚਾਹੀਦੀ ਹੈ/ ਵਿਸ਼ਵਾਸ ਨਾਲ ਖੜੋ ਸਕਣ ਲਈ।’’
ਜੁਲਾਈ 1975 ’ਚ ਡਾ. ਕੇਸਰ ਸਿੰਘ ਕੇਸਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਿਆ। ਮੈਂ ਤੇ ਮੇਰੇ ਪਿੰਡ ਦੇ ਸਾਥੀ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ’ਚ ਐਮ.ਏ. ’ਚ ਦਾਖ਼ਲਾ ਲੈ ਚੁੱਕੇ ਸਾਂ। ਦੇਸ਼ ਵਿੱਚ ਐਮਰਜੈਂਸੀ ਲੱਗ ਚੁੱਕੀ ਸੀ। ਯੂਨੀਵਰਸਿਟੀ ਦਾ ਮਾਹੌਲ ਸਾਡੇ ਲਈ ਓਪਰਾ ਸੀ। ਸੰਗਾਊ ਬਿਰਤੀ ਤੇ ਪਿੰਡ ’ਚੋਂ ਆਏ ਹੋਣ ਕਰਕੇ ਅਹਿਸਾਸ-ਏ-ਕਮਤਰੀ ਭਾਰੂ ਸੀ। ਦਾਖ਼ਲੇ ਵਾਲੀ ਇੰਟਰਵਿਊ ਸਮੇਂ ਇੱਕ ਤਾਂ ਸਾਡੀ ਹਾਲਤ ਵੱਗ ’ਚ ਗੁਆਚੀ ਵੱਛੀ ਵਰਗੀ ਸੀ, ਦੂਜਾ ਡਾ. ਕੇਸਰ ਨੇ ਸਿਰ ਤੋਂ ਪੈਰਾਂ ਤੱਕ ਤਾੜ ਕੇ ਪੁੱਛਿਆ, ‘‘ਪੜ੍ਹਨ ਆਏ ਹੋ ਕਿ ਮੌਜ ਮਸਤੀ ਕਰਨ?’’ ਅਸੀਂ ਜਸਵੰਤ ਸਿੰਘ ਕੰਵਲ ਤੋਂ ਡਾ. ਕੇਸਰ ਦੇ ਨਾਂ ਰੁੱਕਾ ਲੈ ਆਏ। ਇੱਕ ਦਿਨ ਹਿੰਮਤ ਜਿਹੀ ਕਰਕੇ ਪੌੜੀਆਂ ਉਤਰਦੇ ਡਾ. ਕੇਸਰ ਸਿੰਘ ਕੇਸਰ ਨੂੰ ਉਹ ਚਿੱਠੀ ਫੜਾਈ ਤਾਂ ਨਜ਼ਰ ਮਾਰ ਕੇ ਕਹਿੰਦੇ, ‘‘ਘਰ ਆਇਓ ਕਦੇ।’’ ਇੱਕ ਦਿਨ ਸ਼ਾਮ ਨੂੰ ਆਪਣੇ ਸੀਨੀਅਰ ਗੁਰਦੀਪ ਖ਼ੁਸ਼ਦਿਲ ਨੂੰ ਮੂਹਰੇ ਲਾ ਕੇ ਡਾ. ਕੇਸਰ ਦੇ ਘਰ 347, ਸੈਕਟਰ 15, ਚੰਡੀਗੜ੍ਹ ਦਾ ਕੁੰਡਾ ਜਾ ਖੜਕਾਇਆ। ਡਾ. ਕੇਸਰ ਨੇ ਪੁਲਸੀਆਂ ਵਰਗੀ ਪੁੱਛ-ਦੱਸ ਕੀਤੀ ਤੇ ਕਈ ਸਾਰੀਆਂ ਕਿਤਾਬਾਂ ਪੜ੍ਹਨ ਦੀ ਸਲਾਹ ਦਿੱਤੀ। ਡਾ. ਕੇਸਰ ਦਾ ਉਹ ਘਰ ਪੜ੍ਹਾਕੂ ਮੁੰਡਿਆਂ-ਕੁੜੀਆਂ, ਪੰਜਾਬੀ ਲੇਖਕਾਂ ਤੇ ਚਿੰਤਕਾਂ ਦਾ ਡੇਰਾ ਹੁੰਦਾ ਸੀ। ਡਾ. ਜਸਬੀਰ ਕੇਸਰ ਅਕਸਰ ਚਾਹ-ਪਾਣੀ ਦੀ ਸੇਵਾ ਕਰਦੇ ਤੇ ਫਿਰ ਵਿੱਚ-ਵਿੱਚ ਚਲਦੀ ਗੋਸ਼ਟੀ ’ਚ ਕੋਈ ਨਾ ਕੋਈ ਟੋਣਾ ਲਾ ਜਾਂਦੇ। ਉਹ ਖ਼ੁਦ ਕਾਲਜ ਵਿੱਚ ਪੜ੍ਹਾਉਂਦੇ ਸਨ। ਬੱਚੀ ਨਵਰੀਤ (ਰਿਤੂ) ਅਜੇ ਛੋਟੀ ਸੀ, ਪਰ ਡਾ. ਜਸਬੀਰ ਕੇਸਰ ਨੇ ਮਹਿਮਾਨਾਂ (ਬਹੁਤੇ ਸਾਡੇ ਵਰਗੇ ਬਿਨ ਬੁਲਾਏ) ਨੂੰ ਦੇਖ ਕੇ ਮੱਥੇ ਵੱਟ ਕਦੇ ਨਹੀਂ ਸੀ ਪਾਇਆ। ਮੈਂ ਪ੍ਰਿੰਸੀਪਲ ਸੁਜਾਨ ਸਿੰਘ, ਰਘੁਬੀਰ ਢੰਡ, ਗਿਆਨੀ ਕੇਸਰ ਸਿੰਘ, ਮੋਹਨ ਭੰਡਾਰੀ, ਰਾਮ ਸਰੂਪ ਅਣਖੀ ਅਤੇ ਗੁਰਦਿਆਲ ਸਿੰਘ ਵਰਗੇ ਵੱਡੇ ਨਾਮਣੇ ਵਾਲੇ ਲੇਖਕਾਂ ਦੀ ਸੰਗਤ ਡਾ. ਕੇਸਰ ਦੇ ਘਰ ਲਗਦੀਆਂ ਮਹਿਫ਼ਲਾਂ ਵਿੱਚ ਹੀ ਮਾਣੀ।
ਅਕਸਰ ਕਿਹਾ ਜਾਂਦਾ ਹੈ ਕਿ ਵੱਡੇ ਤੇ ਸੰਘਣੇ ਬੋਹੜਾਂ ਥੱਲੇ ਉੱਗੇ ਬੂਟੇ ਨਿਕੱਦੇ ਰਹਿ ਜਾਂਦੇ ਹਨ, ਪਰ ਡਾ. ਜਸਬੀਰ ਕੇਸਰ ਨੇ ਇਸ ਲੋਕ-ਭਾਖਿਆ ਨੂੰ ਝੁਠਲਾ ਦਿੱਤਾ। ਉਨ੍ਹਾਂ ਨੇ ਡਾ. ਕੇਸਰ ਦੀਆਂ ਕਈ ਲਿਖਤਾਂ ਨੂੰ ਸੋਧਿਆ, ਸੰਪਾਦਿਤ ਕੀਤਾ ਅਤੇ ਉਨ੍ਹਾਂ ਦੀ ਅਧੂਰੀ ਸਵੈ-ਜੀਵਨੀ ਨੂੰ ਸੰਪੂਰਨ ਕਰਕੇ ਛਾਪੇ ਦਾ ਜਾਮਾ ਪੁਆਇਆ। ਉਹ ਡਾ. ਕੇਸਰ ਦੀਆਂ ਲਿਖਤਾਂ ਦੇ ਪਹਿਲੇ ਪਾਠਕ ਸਨ। ਉਨ੍ਹਾਂ ਨੇ ਡਾ. ਕੇਸਰ ਨੂੰ ਸਾਰੀਆਂ ਦੁਨਿਆਵੀ ਜ਼ਿੰਮੇਵਾਰੀਆਂ ਤੋਂ ਫਾਰਗ ਕਰਕੇ ਚਿੰਤਨ-ਮਨਨ ਤੇ ਲਿਖਣ ਲਈ ਬਹੁਤ ਸੁਖਾਵਾਂ ਮਾਹੌਲ ਮੁਹੱਈਆ ਕੀਤਾ ਹੋਇਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਰਚਨਾਤਮਿਕ ਸਾਧਨਾ ਦਾ ਜਲੌਅ ਫਿੱਕਾ ਨਹੀਂ ਪੈਣ ਦਿੱਤਾ। ਉਹ ਖ਼ੁਦ ਸੂਖ਼ਮ-ਚਿੱਤ ਕਵੀ, ਸਿਰੜੀ ਖੋਜੀ, ਮਾਰਕਸਵਾਦੀ ਆਲੋਚਕ/ਚਿੰਤਕ, ਪਾਰਖੂ ਨਜ਼ਰ ਵਾਲੇ ਸੰਪਾਦਕ ਅਤੇ ਹਰਮਨ ਪਿਆਰੇ ਅਧਿਆਪਕ ਸਨ। ਉਨ੍ਹਾਂ ਨੇ ਗੁਰਮਤਿ ਸਾਹਿਤ ਦੇ ਨਾਮੀ ਵਿਦਵਾਨ ਡਾ. ਸੁਰਿੰਦਰ ਸਿੰਘ ਕੋਹਲੀ ਦੀ ਦੇਖ-ਰੇਖ ਵਿੱਚ ‘ਗੁਰੂ ਨਾਨਕ ਕਾਵਿ ਵਿੱਚ ਵਿਅਕਤੀ ਅਤੇ ਸਮਾਜ ਦਾ ਸੰਕਲਪ’ ਵਿਸ਼ੇ ਉੱਤੇ ਪੀਐੱਚ.ਡੀ. 1972 ਵਿੱਚ ਕੀਤੀ। ਉਨ੍ਹਾਂ ਨੇ ਪੰਜਾਬੀ ਸਾਹਿਤ-ਆਲੋਚਨਾ ਦੇ ਖੇਤਰ ਵਿੱਚ- ‘ਪੰਜਾਬੀ ਸਾਹਿਤ ਦੀ ਭੂਮਿਕਾ’, ‘ਨਾਵਲਕਾਰ ਕੇਸਰ ਸਿੰਘ ਦਾ ਜੁਝਾਰੂ ਮਾਨਵਵਾਦ’, ‘ਸਿੱਖ ਵਿਅਕਤੀ ਤੇ ਸਿੱਖ ਸਮਾਜ’ ਅਤੇ ‘ਸਾਹਿਤ ਦੀ ਪੜ੍ਹਤ’ ਆਦਿ ਗੰਭੀਰ ਮੰਥਨ ਵਾਲੀਆਂ ਪੁਸਤਕਾਂ ਨਾਲ ਵਾਧਾ ਕੀਤਾ। ‘ਮੈਂ ਮੁਨਕਰ ਹਾਂ’ ਉਨ੍ਹਾਂ ਦੀ ਵਾਰਤਕ ਦੀ ਕਿਤਾਬ ਹੈ, ਜਿਸ ਵਿੱਚ ਉਨ੍ਹਾਂ ਦੀਆਂ ਅਖ਼ਬਾਰੀ ਲਿਖਤਾਂ ਸ਼ਾਮਿਲ ਹਨ। ਇਨ੍ਹਾਂ ਅਖ਼ਬਾਰੀ ਲੇਖਾਂ ਦੀ ਨੌਈਅਤ ਵੀ ਗੰਭੀਰ-ਸੰਵਾਦੀ ਖ਼ਮੀਰ ਵਾਲੀ ਹੈ। ਡਾ. ਜਸਬੀਰ ਕੇਸਰ ਮਹਿਜ਼ ਅਕਾਦਮਿਕ ਕਿਸਮ ਦੇ ਆਲੋਚਕ ਜਾਂ ਚਿੰਤਕ ਨਹੀਂ ਸਨ। ਉਨ੍ਹਾਂ ਦੀ ਨਜ਼ਰ ਦਰਪੇਸ਼ ਆਰਥਿਕ, ਸਮਾਜਿਕ, ਰਾਜਸੀ ਅਤੇ ਨੈਤਿਕ ਮਸਲਿਆਂ ਉੱਪਰ ਰਹਿੰਦੀ ਸੀ। ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਹਾਸ਼ੀਆਗਤ ਸਮਾਜ, ਖ਼ਾਸ ਕਰਕੇ ਦਲਿਤਾਂ, ਔਰਤਾਂ, ਘੱਟ-ਗਿਣਤੀਆਂ ਅਤੇ ਪਰਵਾਸੀ ਮਜ਼ਦੂਰਾਂ ਦੇ ਮਾਨਵੀ ਅਧਿਕਾਰਾਂ ਦੀ ਬੁਲੰਦ ਸੁਰ ਵਿੱਚ ਵਕਾਲਤ ਕੀਤੀ। ਮਾਰਕਸਵਾਦੀ ਦ੍ਰਿਸ਼ਟੀ ਦੇ ਧਾਰਨੀ ਹੋਣ ਕਰਕੇ ਉਹ ਇਹ ਸਮਝਦੇ ਸਨ ਕਿ ਪਛਾਣਾਂ ਦੀ ਰਾਜਨੀਤੀ ਨੇ ਜਮਾਤੀ ਸੰਘਰਸ਼ ਤੇ ਵਰਗ ਚੇਤਨਾ ਦੀ ਧਾਰ ਨੂੰ ਇੱਕ ਹੱਦ ਤੱਕ ਖੁੰਢਾ ਕੀਤਾ ਹੈ। ਪਰ ਭਾਰਤ ਦੇ ਕੌਮੀ ਸੰਦਰਭ ਅਤੇ ਮੌਜੂਦਾ ਰਾਜਸੀ ਮੰਜ਼ਰ ਵਿੱਚ ਦਲਿਤਾਂ, ਔਰਤਾਂ, ਘੱਟ-ਗਿਣਤੀਆਂ ਅਤੇ ਪਰਵਾਸੀ ਮਜ਼ਦੂਰਾਂ ਦੀ ਪਛਾਣ ਤੇ ਮਨੁੱਖੀ ਅਧਿਕਾਰਾਂ ਦੇ ਸੁਆਲਾਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਇਸ ਸੰਦਰਭ ਵਿੱਚ ਉਨ੍ਹਾਂ ਦੀ ਸੰਪਾਦਿਤ ਤੇ ਅਨੁਵਾਦਿਤ ਪੁਸਤਕ ‘ਔਰਤ ਆਜ਼ਾਦ ਹੈ?’ ਵਿਚਾਰਨਯੋਗ ਹੈ। ਇਸੇ ਲੜੀ ਵਿੱਚ ਉਨ੍ਹਾਂ ਦੇ ਲੇਖ- ‘ਪੰਜਾਬ ਵਿੱਚ ਭਈਆ ਆਵਾਸੀ ਅਤੇ ਪੰਜਾਬੀ ਸਾਹਿਤ’, ‘ਨਾਰੀਵਾਦੀ ਦ੍ਰਿਸ਼ਟੀ ਤੇ ਪੰਜਾਬੀ ਕਾਵਿ’, ‘ਪੰਜਾਬੀ ਕਵਿਤਾ ਵਿੱਚ ਕਿਸਾਨੀ’, ‘ਪੰਜਾਬੀ ਕਵਿਤਾ ਵਿੱਚ ਦਿਹਾਤੀ ਔਰਤ’, ‘ਮਸਲਾ ਆਜ਼ਾਦ ਔਰਤ ਦਾ ਕਿ ਆਜ਼ਾਦ ਮਨੁੱਖ ਦਾ’, ‘ਖ਼ੁਦਕੁਸ਼ੀਆਂ ਦੀ ਫ਼ਸਲ ਦਾ ਬਿਰਤਾਂਤ’, ‘ਜਦੋਂ ਘਰ ਜੰਮ ਪਈ ਧੀ ਵੇ...’ ਅਤੇ ‘ਪਾਨੀ ਰੇ ਪਾਨੀ’ ਆਦਿ ਪੜ੍ਹਨ ਵਾਲੇ ਹਨ। ਡਾ. ਜਸਬੀਰ ਕੇਸਰ ਮੱਧਵਰਗੀ ਬੁੱਧੀਜੀਵੀਆਂ ਵਾਂਗ ਬੌਧਿਕ ਕਲਾਬਾਜ਼ੀਆਂ ਲਾਉਣ ਵਾਲੇ ਕਲਮਕਾਰ ਨਹੀਂ ਸਨ, ਸਗੋਂ ਉਹ ਪੰਜਾਬ ਦੇ ਸਥਾਨਕ, ਕੌਮੀ ਅਤੇ ਕੌਮਾਂਤਰੀ ਮਸਲਿਆਂ ਬਾਰੇ ਲਿਖਣ ਤੇ ਚਿੰਤਨ-ਮਨਨ ਕਰਨ ਵਾਲੇ ਕਰਮੱਠ ਲੇਖਕ ਸਨ। ਪ੍ਰਮਾਣ ਵਜੋਂ ਉਨ੍ਹਾਂ ਦੀ ਕਵਿਤਾ ਪੜ੍ਹੀ ਜਾ ਸਕਦੀ ਹੈ।
ਉਮਰ ਦੇ ਇਕਵੰਜਵੇਂ ਵਰ੍ਹੇ ’ਚ ਜਸਬੀਰ ਕੇਸਰ ਦਾ ਪਹਿਲਾ ਕਾਵਿ-ਸੰਗ੍ਰਹਿ ‘ਕਤਲਗਾਹ ਤੋਂ ਉਰੇ’ (1998) ਜਦੋਂ ਛਾਪੇ ਚੜ੍ਹਿਆ ਤਾਂ ਉਸ ਨੇ ਇੱਕ ਵੱਡਾ ਤੇ ਚਿੰਤਾਨੁਮਾ ਸੁਆਲ ਸਾਡੀ ਤਲੀ ’ਤੇ ਰੱਖ ਦਿੱਤਾ: ‘‘ਇੱਕੀਵੀਂ ਸਦੀ/ ਸੰਸਾਰ ਵਾਂਗ ਮੂੰਹ ਅੱਡੀ/ ਸਾਡੀਆਂ ਬਰੂਹਾਂ ’ਤੇ ਖੜ੍ਹੀ ਹੈ/ ਤੇ ਅਸੀਂ ਸਾਰੇ/ ਬੜੇ ਤਤਪਰ ਹਾਂ/ ਆਪਣੀਆਂ ਸਾਰੀਆਂ/ ਕਮੀਨਗੀਆਂ/ ਤੇ ਬੇਹੂਦਗੀਆਂ/ ਤੇ ਬੇਹਯਾਈਆਂ ਸਣੇ/ ਇਸ ਦੇ ਢਿੱਡ ਵਿੱਚ/ ਸਮਾ ਜਾਣ ਲਈ।’’ ਕਵਿੱਤਰੀ ਜਸਬੀਰ ਕੇਸਰ ਨੇ ਕਾਰਪੋਰੇਟ ਸੰਸਾਰ ਦੀਆਂ ਨਵ-ਉਦਾਰਵਾਦੀ ਨੀਤੀਆਂ ਵਾਲੇ ਬਾਜ਼ਾਰਵਾਦੀ ਦੌਰ ਲਈ ‘ਕਤਲਗਾਹ’ ਦਾ ਬਿੰਬ ਵਰਤਿਆ ਸੀ। ਉਹ ਸਮਝਦੀ ਸੀ ਕਿ ਮੰਡੀ ਨੇ ਮਨੁੱਖ ਨੂੰ ਪਦਾਰਥਾਂ ਦੀ ਚੂਹਾ-ਦੌੜ (ਰੈਟ ਰੇਸ) ਵਿੱਚ ਫਸਾ ਕੇ ‘ਬੌਣਾ ਮਹਾਂਬਲੀ’ ਬਣਾ ਦਿੱਤਾ ਹੈ। ਪਰ ਉਹ ਸਾਨੂੰ ਨਿਰਾਸ਼ ਨਹੀਂ ਕਰਦੀ ਜਦੋਂ ‘ਯੁੱਧ’ ਨਾਮੀ ਕਵਿਤਾ ’ਚ ਲਿਖਦੀ ਹੈ ਕਿ ‘‘ਜਦੋਂ/ ਯੁੱਧ ਤੁਹਾਡੇ ਗਲ ਪੈ ਜਾਏ/ ਤਾਂ ਸਾਰੀ ਜਾਨ ਨਾਲ/ ਇਸ ਨੂੰ ਲੜਨਾ ਹੀ ਪੈਂਦਾ ਹੈ/... ਤੇ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਹਮੇਸ਼ਾਂ/ ਰੌਂਦੀ ਜਾਣ ਵਾਲੀ/ ਧਿਰ ਹੀ ਹੋਵੋ।’’ ਜਸਬੀਰ ਕੇਸਰ ਦਾ ਦੂਜਾ ਕਾਵਿ-ਸੰਗ੍ਰਹਿ ‘ਯੁਗ ਕਥਾ’ 2012 ਵਿੱਚ ਛਪਿਆ। ਇਸ ਵਿਚਲੀਆਂ ਨਜ਼ਮਾਂ- ‘ਯੁਗ ਕਥਾ’, ‘ਗਲੋਬ’, ‘ਸੋਨੇ ਦੀ ਖਾਣ ਤੇ ਸਪਾਰਟੈਕਸ’, ‘ਤਰੱਕੀ’, ‘ਮੁਝੇ ਚਾਂਦ ਨਹੀਂ ਚਾਹੀਏ’, ‘ਮੰਡੀ’, ‘ਪਿੰਡ ਵਿਕਾਊ ਹੈ’ ਅਤੇ ‘ਸਾਂਝ’ ਸਮਕਾਲੀ ਪੰਜਾਬੀ ਕਵਿਤਾ ਦਾ ਹਾਸਿਲ ਹਨ। ਉਹ ਵਿਅੰਗ ਨਾਲ ‘ਗਲੋਬਲ ਚੇਤਨਾ’, ਸੂਚਨਾ-ਕ੍ਰਾਂਤੀ, ਅਤੇ ਉੱਤਰ-ਆਧੁਨਿਕਤਾ ਜਿਹੇ ਲੁਭਾਉਣੇ ਨਾਵਾਂ ਵਾਲੇ ਮੰਡੀ ਦੇ ਇਸ ਯੁਗ ਨੂੰ ‘ਖੁੱਲ੍ਹੀ ਮੰਡੀ ਤੇ ਤੰਗ ਜੇਬਾਂ’ ਦਾ ਦੌਰ ਕਹਿੰਦੀ ਹੈ, ਜਿੱਥੇ ਵਿਕਾਊ ਮਾਲ ਦਾ ਭੀੜ-ਭੜੱਕਾ ਹੈ। ‘ਗਲੋਬ’ ਨਜ਼ਮ ਵਿੱਚ ਉਹ ਆਪਣੇ ਪਿੰਡ ਦੇ ਵਿਸ਼ਵ ਮੰਡੀ ਵਿੱਚ ਗੁਆਚ ਜਾਣ ਦਾ ਤੌਖ਼ਲਾ ਹੈ। ‘ਸੋਨੇ ਦੀ ਖਾਣ ਤੇ ਸਪਾਰਟੈਕਸ’ ਕਵਿਤਾ ਵਿੱਚ ਬਿਰਤਾਂਤ ਸਿਰਜਿਆ ਹੈ ਕਿ ਗ਼ੁਲਾਮਾਂ ਦੀ ਬਗ਼ਾਵਤ ਰਾਹੀਂ ਮਜ਼ਦੂਰ ਨੂੰ ਮਿਲੇ ਹੱਕਾਂ ਨੂੰ ਅਜੋਕੀ ਮੰਡੀ ਤੇ ਕਾਰਪੋਰੇਟਾਂ ਦੀ ਆਵਾਰਾ ਪੂੰਜੀ ਕਿਵੇਂ ਡਕਾਰ ਰਹੀ ਹੈ?। ‘ਤਰੱਕੀ’ ਨਜ਼ਮ ਠੇਕੇਦਾਰੀ ਪ੍ਰਥਾ ਰਾਹੀਂ ਆਵਾਸੀ ਭਈਆ ਮਜ਼ਦੂਰਾਂ ਦੀ ਲੁੱਟ ਉੱਪਰ ਤਬਸਰਾ ਹੈ। ਅਜੋਕੇ ਲੁਭਾਉਣੇ ਬਾਜ਼ਾਰ ਤੇ ਉਪਭੋਗਤਾਵਾਦੀ ਸਭਿਆਚਾਰ ਨੇ ਮਨੁੱਖ ਨੂੰ ਇੱਕ ਦੂਜੇ ਲਈ ਏਨਾ ਬਿਗਾਨਾ ਬਣਾ ਦਿੱਤਾ ਹੈ ਕਿ ਗੁਆਂਢੀ ਆਪਣੇ ਗੁਆਂਢੀ ਨੂੰ ਓਪਰਿਆਂ ਵਾਂਗ ਦੇਖਦਾ ਹੈ, ਪਰ ਜਦੋਂ ਏਟੀਐਮ ਮਸ਼ੀਨ ਆਪਣੇ ਗਾਹਕ ਨੂੰ ਨਾਮ ਲੈ ਕੇ ਹੈਲੋ ਕਹਿੰਦੀ ਹੈ ਤਾਂ ਇਕਲਾਪੇ ਮਾਰੇ ਬੰਦੇ ਨੂੰ ਮਸ਼ੀਨ ਆਪਣਿਆਂ ਵਰਗੀ ਲੱਗਦੀ ਹੈ। ਇਸ ਸੰਗ੍ਰਹਿ ਦੀਆਂ ਹੋਰ ਨਜ਼ਮਾਂ ਵਿੱਚ ਵੀ ਆਧੁਨਿਕ ਸ਼ਹਿਰੀ ਬੰਦੇ ਦੀ ਮਸ਼ੀਨੀ ਜ਼ਿੰਦਗੀ ’ਤੇ ਸਖ਼ਤ ਵਿਅੰਗ ਹੈ।
ਭਾਵੇਂ ਡਾ. ਜਸਬੀਰ ਕੇਸਰ ਸਿੱਧੇ ਤੌਰ ’ਤੇ ਮੇਰੇ ਅਧਿਆਪਕ ਨਹੀਂ ਸਨ, ਪਰ ਡਾ. ਕੇਸਰ ਦੇ ਸ਼ਰੀਕ-ਏ-ਹਯਾਤ ਹੋਣ ਕਾਰਨ ਉਹ ਮੇਰੇ ਤੇ ਮੇਰੇ ਕਈ ਸਮਕਾਲੀਆਂ ਦੇ ਅਧਿਆਪਕਾਂ ਸਮਾਨ ਹੀ ਸਨ। ਉਨ੍ਹਾਂ ਦਾ ਘਰ ਤੇ ਉਨ੍ਹਾਂ ਦੀ ਰਸੋਈ ਸਾਡੇ ਕਲਾਸ-ਰੂਮਾਂ ਵਾਂਗ ਹੀ ਸਨ। ਡਾ. ਕੇਸਰ ਅਤੇ ਉਨ੍ਹਾਂ ਨੇ ਸਾਡੀ ਪੀੜ੍ਹੀ ਦੇ ਪੂਰ ਨੂੰ ਗੰਭੀਰ ਸਾਹਿਤ ਪੜ੍ਹਨ ਤੇ ਲਿਖਣ ਦੀ ਜਾਗ ਲਾਈ। ਪ੍ਰਗਤੀਸ਼ੀਲ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੈਮੀਨਾਰਾਂ ਅਤੇ ਵਿਸ਼ਵ-ਕਾਨਫ਼ਰੰਸਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਡਾਢੀ ਮਾਅਨਾਖ਼ੇਜ਼ ਹੁੰਦੀ ਸੀ। ਉਹ ਪੰਜ ਨਵੰਬਰ ਨੂੰ ਆਪਣਾ 76 ਕੁ ਵਰ੍ਹਿਆਂ ਦਾ ਸਫ਼ਰ ਮੁਕਾ ਕੇ ਲੰਬੇ ਦੇਸ ਵੱਲ ਕੂਚ ਕਰ ਗਏ ਹਨ। ਉਨ੍ਹਾਂ ਦੀਆਂ ਲਿਖਤਾਂ ਪੰਜਾਬੀ ਰਚਨਾਤਮਿਕਤਾ ਅਤੇ ਵਿਚਾਰਧਾਰਕ ਸੰਵਾਦ ਨੂੰ ਹੁੰਗਾਰਾ ਦਿੰਦੀਆਂ ਰਹਿਣਗੀਆਂ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਤੇ ਯਾਦ ਕਰਨ ਦਾ ਸਹੀ ਸਲੀਕਾ ਇਹੀ ਹੈ ਕਿ ਅਸੀਂ ਉਨ੍ਹਾਂ ਦੀਆਂ ਲਿਖਤਾਂ ਵਿਚਲੇ ਫ਼ਿਕਰਾਂ ਦਾ ਹੱਥ ਘੁੱਟ ਕੇ ਫੜੀ ਰੱਖੀਏ।
ਸੰਪਰਕ: 98156-36565