ਰੰਗਮੰਚ ਤੋੋੋੋਂ ਹੌਲੀਵੁੱਡ ਪਹੁੰਚਿਆ ਜਸਬੀਰ ਗਿੱਲ
ਉੱਤਮਵੀਰ ਸਿੰਘ ਦਾਊਂ
ਅਦਾਕਾਰ ਜਸਬੀਰ ਗਿੱਲ ਦਾ ਪਿਛੋਕੜ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਕਰਾਲਾ ਕਲਾਂ ਦਾ ਹੈ। ਉਸ ਦਾ ਜਨਮ ਅਸਾਮ ਵਿਚ ਮਾਤਾ ਮੁਖ਼ਤਿਆਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਪਿਤਾ ਬੰਤ ਸਿੰਘ ਫ਼ੌਜ ਵਿਚ ਹੌਲਦਾਰ ਸਨ ਜਿਸ ਕਾਰਨ ਉਸਨੇ ਆਪਣੇ ਬਚਪਨ ਦਾ ਜ਼ਿਆਦਾ ਸਮਾਂ ਨਾਨਕੇ ਪਿੰਡ ਧਨੌਲਾ (ਫ਼ਤਹਿਗੜ੍ਹ ਸਾਹਿਬ) ਵਿਚ ਹੀ ਗੁਜ਼ਾਰਿਆ। ਉਸ ਨੂੰ ਸਕੂਲ ’ਚ ਪੜ੍ਹਦਿਆਂ ਹੀ ਅਦਾਕਾਰੀ ਦੀ ਚਿਣਗ ਲੱਗ ਗਈ ਤੇ ਇਕ ਵਧੀਆ ਅਦਾਕਾਰ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉਹ ਰੰਗਮੰਚ ਨਾਲ ਜੁੜ ਗਿਆ। ਫਿਰ ਉਸਦਾ ਮੇਲ ਰੰਗਮੰਚ ਨਿਰਦੇਸ਼ਕ ਮਾਸਟਰ ਤਰਲੋਚਨ ਸਿੰਘ ਨਾਲ ਹੋਇਆ, ਜਿਨ੍ਹਾਂ ਦੀ ਨਿਰਦੇਸ਼ਨਾ ਹੇਠ ‘ਦੇਵ ਪੁਰਸ਼ ਹਾਰ ਗਏ’, ‘ਸਾੜ੍ਹ ਸਤੀ’, ‘ਚਾਨਣ ਦੇ ਵਣਜਾਰੇ’, ‘ਛਵੀਆਂ ਦੀ ਰੁੱਤ’, ‘ਸਿਊਂਕ’, ‘ਇਨਕਲਾਬ ਜ਼ਿੰਦਾਬਾਦ’ ਆਦਿ ਨਾਟਕਾਂ ਦਾ ਮੰਚਨ ਕੀਤਾ। ਉਹ ਕਾਲਜ ਪੜ੍ਹਦਿਆਂ ਭੰਗੜੇ ਦੀ ਪੇਸ਼ਕਾਰੀ ਤੇ ਚਿੱਤਰਕਲਾ ਦਾ ਸ਼ੌਕ ਵੀ ਪੂਰਦਾ ਰਿਹਾ। ਉਸ ਨੇ ਆਪਣੀ ਕਲਾ ਨੂੰ ਹੋਰ ਨਿਖਾਰਨ ਲਈ ਐੱਮ.ਏ. ਥੀਏਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।
ਰੰਗਮੰਚ ਤੋਂ ਹੌਲੀਵੁੱਡ ਤਕ ਪਛਾਣ ਬਣਾਉਣ ਵਾਲੇ ਅਦਾਕਾਰ ਜਸਬੀਰ ਗਿੱਲ ਨੇ ਭਾਵੇਂ ਹਰੇਕ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ ਹੈ, ਪਰ ਦਰਸ਼ਕ ਉਸ ਨੂੰ ਖ਼ਲਨਾਇਕ ਦੀ ਭੂਮਿਕਾ ਵਿਚ ਜ਼ਿਆਦਾ ਪਸੰਦ ਕਰਦੇ ਹਨ। ਹੁਣ ਤਕ ਉਸ ਨੇ ਬਹੁਤ ਸਾਰੀਆਂ ਸੰਗੀਤਕ ਵੀਡੀਓਜ਼, ਟੈਲੀਵਿਜ਼ਨ ਸੀਰੀਅਲਾਂ, ਪੰਜਾਬੀ ਸਿਨਮਾ ਤੇ ਬੌਲੀਵੁੱਡ ਵਿਚ ਅਦਾਕਾਰੀ ਕੀਤੀ, ਪਰ ਹੌਲੀਵੁੱਡ ਦੀ ਡਿਸਕਵਰੀ ਚੈਨਲ ਲਈ ਬਣੀ ਸੱਚੀ ਕਹਾਣੀ ’ਤੇ ਆਧਾਰਿਤ ਫ਼ਿਲਮ ‘ਏ ਲਵ ਸਟੋਰੀ’ ਵਿਚ ਪੁਲੀਸ ਅਫ਼ਸਰ ਦੀ ਨਿਭਾਈ ਭੂਮਿਕਾ ਨੇ ਉਸ ਨੂੰ ਵੱਖਰੀ ਪਛਾਣ ਦਿੱਤੀ। ਉਸ ਨੇ ਗੁਰਸ਼ਰਨ ਭਾਜੀ ਦੀ ਨਿਰਦੇਸ਼ਨਾਂ ਹੇਠ ‘ਵਿਰਾਨ ਧਰਤੀ ਵਿਰਾਨ ਲੋਕ’, ‘ਇਨਾਮ’, ‘ਨਵਾਂ ਜ਼ਮਾਨਾ’ ਅਤੇ ‘ਬੁੱਤ ਜਾਗ ਪਿਆ’ ਨਾਟਕਾਂ ਵਿਚ ਕੰਮ ਕਰਕੇ ਆਪਣੀ ਪ੍ਰਤਿਭਾ ਨੂੰ ਨਿਖਾਰਿਆ। ਉਸਨੂੰ ਡਾ. ਆਤਮਜੀਤ ਤੇ ਕੇਵਲ ਧਾਲੀਵਾਲ ਦੀ ਟੀਮ ਨਾਲ ਬਹੁਤ ਸਾਰੇ ਨਾਟਕ ਖੇਡਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਜਸਬੀਰ ਗਿੱਲ ਨੇ ਆਪਣੀ ਨਿਰਦੇਸ਼ਨਾਂ ਹੇਠ ‘ਹੋਰ ਭੀ ਉਠਸੀ ਮਰਦ ਕਾ ਚੇਲਾ’, ‘ਕੁਦਰਤ ਦੇ ਸਭ ਬੰਦੇ’, ‘ਮਿੱਟੀ ਰੁਦਨ ਕਰੇ’, ‘ਜਦੋਂ ਮੈਂ ਸਿਰਫ਼ ਔਰਤ ਹੁੰਦੀ ਹਾਂ’, ‘ਬਾਲ ਭਗਵਾਨ’, ‘ਮਿੱਟੀ ਨਾ ਹੋਏ ਮਤਰੇਈ’ ਆਦਿ ਨਾਟਕਾਂ ਦਾ ਸੂਝਵਾਨ ਦ੍ਰਿਸ਼ਟੀ ਨਾਲ ਸਫਲਤਾ ਪੂਰਬਕ ਮੰਚਨ ਕੀਤਾ। ਇਸ ਦੇ ਨਾਲ ਹੀ ਉਸ ਨੇ ਨਿਰਦੇਸ਼ਕ ਵਜੋਂ ਟੈਲੀ ਫ਼ਿਲਮਾਂ ‘ਧੰਨ-ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ’, ‘ਲੋੜ ਚੇਤਨਾ ਦੀ’, ‘ਦੀਵਾ ਬਲੇ ਹਨੇਰਾ ਜਾਏ’ ਦਾ ਨਿਰਦੇਸ਼ਨ ਵੀ ਕੀਤਾ।
ਉਹ ਛੋਟੇ ਪਰਦੇ ’ਤੇ ਹਰਮਨ ਪਿਆਰੇ ਹੋਏ ਲੜੀਵਾਰਾਂ ‘ਮਨ ਜੀਤੇ ਜਗ ਜੀਤ’, ‘ਸਰਹੱਦ’,‘ਦੋ ਅਕਾਲਗੜ੍ਹ’, ‘ਜ਼ੁਲਮ ਦੀ ਅੱਗ’, ‘ਆਪਣੀ ਮਿੱਟੀ’, ‘ਗਾਉਂਦੀ ਧਰਤੀ’, ‘ਤੂਤਾਂ ਵਾਲਾ ਖੂਹ’, ‘ਕਮਲੀ’, ‘ਮਿਸ਼ਨ ਫ਼ਤਹਿ’ ਰਾਹੀਂ ਲੋਕਾਂ ਦੇ ਦਿਲਾਂ ਵਿਚ ਵਸਿਆ। ਇਸ ਤੋਂ ਇਲਾਵਾ ਫ਼ਿਲਮੀ ਪਰਦੇ ਦੇ ਮਕਬੂਲ ਅਦਾਕਾਰਾਂ ਮਲਕੀਤ ਸਿੰਘ ਰੌਣੀ, ਕੁਲਵੀਰ ਸਿੰਘ, ਮਲਾਗਰ ਸਿੰਘ ਤੇ ਸੁਰਜੀਤ ਮੰਡ ਦੇ ਸਹਿਯੋਗ ਨਾਲ ‘ਚੇਤਨਾ ਕਲਾ ਮੰਚ’ ਸ੍ਰੀ ਚਮਕੌਰ ਸਾਹਿਬ ਦੇ ਮੰਚ ਤੋਂ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਨ ਦਾ ਮਾਣ ਮਿਲਿਆ। ਉਹ ਸਵਰਨ ਸਿੰਘ ਭੰਗੂ ਦਾ ਰਿਣੀ ਹੈ, ਜਿਨ੍ਹਾਂ ਸਮੇਂ-ਸਮੇਂ ਉਸ ਦੀ ਕਲਾ ਨੂੰ ਦੇਖ ਕੇ ਹੌਸਲਾ ਅਫ਼ਜ਼ਾਈ ਕੀਤੀ ਤੇ ਨਾਲ ਹੀ ਮਾਰਗ ਦਰਸ਼ਨ ਵੀ ਕੀਤਾ।
ਉਹ ਪਿਛਲੇ 30 ਸਾਲਾਂ ਤੋਂ ਕਲਾ ਰਾਹੀਂ ‘ਸਤਿਕਾਰ ਰੰਗਮੰਚ’ ਦੇ ਬੈਨਰ ਰਾਹੀਂ ਸਮਾਜਿਕ ਬੁਰਾਈਆਂ ਪ੍ਰਤੀ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ। ਜਸਬੀਰ ਗਿੱਲ ਕੋਲ ਕਲਾ ਨੂੰ ਪ੍ਰਗਟਾਉਣ ਲਈ ਦਮਦਾਰ ਆਵਾਜ਼, ਵਿਲੱਖਣ ਅੰਦਾਜ਼ ਤੇ ਕਿਰਦਾਰ ਦੇ ਚਰਿੱਤਰ ਨੂੰ ਆਪਣੇ ਧੁਰ ਅੰਦਰ ਸਮਾਉਣ ਦਾ ਹੁਨਰ ਹੈ। ਇਹੀ ਵਿਅਕਤੀਤਵ ਦਰਸ਼ਕਾਂ ’ਤੇ ਉਸ ਦਾ ਪ੍ਰਭਾਵ ਸਿਰਜਦਾ ਹੈ। ਪੰਜਾਬੀ ਸਿਨਮਾ ਵਿਚ ਉਸਨੇ ਸ਼ੁਰੂਆਤ ਫ਼ਿਲਮ ‘ਖੇਡ ਨਸੀਬਾਂ ਦੇ’ ਤੋਂ ਕੀਤੀ। ਇਸ ਮਗਰੋਂ ‘ਵਾਰਿਸ ਸ਼ਾਹ’, ‘ਬਿੱਕਰ ਬਾਈ ਸੈਂਟੀਮੈਂਟਲ’, ‘ਜੱਟ ਜੇਮਸ ਬੌਂਡ’, ‘ਤੂਫ਼ਾਨ ਸਿੰਘ’, ‘ਬੰਬੂਕਾਟ’, ‘ਗੋਰਿਆਂ ਨੂੰ ਦਫਾ ਕਰੋ’, ‘ਚੰਨਾ ਮੇਰਿਆ’, ‘ਬਾਈ ਜੀ ਤੁਸੀਂ ਘੈਂਟ ਹੋ’, ‘ਨੌਟੀ ਜੱਟ’, ‘ਭਲਵਾਨ ਸਿੰਘ’, ‘ਸੱਜਣ ਸਿੰਘ ਰੰਗਰੂਟ’, ‘ਲੁੱਕਣ-ਮਿੱਚੀ’ ਤੇ ‘ਜੱਦੀ ਸਰਦਾਰ’ ਵਿਚ ਨਿਭਾਏ ਵੱਖ-ਵੱਖ ਕਿਰਦਾਰਾਂ ਦੀ ਕਲਾ ਖੇਤਰ ਵਿਚ ਖ਼ੂਬ ਚਰਚਾ ਹੋਈ। ਉਸ ਨੇ ਬੌਲੀਵੁੱਡ ਦੇ ਨਿਰਮਾਤਾ ਨਿਤਿਨ ਮਨਮੋਹਨ ਅਤੇ ਨਿਰਦੇਸ਼ਕ ਮਨੀ ਸ਼ੰਕਰ ਦੀ ਹਿੰਦੀ ਫ਼ਿਲਮ ‘ਟੈਂਗੋ ਚਾਰਲੀ’ ਵਿਚ ਬੌਲੀਵੁੱਡ ਦੇ ਮਝੇ ਹੋਏ ਅਦਾਕਾਰਾਂ ਨਾਲ ਕੰਮ ਕਰਕੇ ਆਪਣੀ ਅਦਾਕਾਰੀ ਦਾ ਸਿੱਕਾ ਮਨਵਾਇਆ। ਹਰ ਤਰ੍ਹਾਂ ਦੇ ਕਿਰਦਾਰ ਨੂੰ ਤਨਦੇਹੀ ਨਾਲ ਨਿਭਾਉਣ ਵਾਲਾ ਅਦਾਕਾਰ ਜਸਬੀਰ ਗਿੱਲ ਜਲਦੀ ਹੀ ਕਈ ਪੰਜਾਬੀ ਫ਼ਿਲਮਾਂ ਵਿਚ ਵੱਖਰੇ ਰੂਪ ਵਿਚ ਦਿਖਾਈ ਦੇਵੇਗਾ। ਉਸ ਦਾ ਕਹਿਣਾ ਹੈ ਕਿ ਉਸ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਆਉਣ ਵਾਲੀਆਂ ਫ਼ਿਲਮਾਂ ਥੋੜ੍ਹੀਆਂ ਹਟਵੀਆਂ ਹਨ, ਜਿਨ੍ਹਾਂ ਵਿਚ ਨਿਭਾਏ ਉਸ ਦੇ ਵੱਖ-ਵੱਖ ਕਿਰਦਾਰਾਂ ਨੂੰ ਦਰਸ਼ਕ ਜ਼ਰੂਰ ਪਸੰਦ ਕਰਨਗੇ।
ਸੰਪਰਕ: 87290-00242