ਜਰਖੜ ਹਾਕੀ ਅਕੈਡਮੀ ਨੂੰ ਅੰਡਰ-14 ਤੇ 21 ਵਰਗ ਵਿੱਚ ਸੋਨ ਤਗ਼ਮੇ
ਸਤਵਿੰਦਰ ਬਸਰਾ
ਲੁਧਿਆਣਾ, 29 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸਥਾਨਕ ਪੀਏਯੂ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿੱਚ ਹਾਕੀ ਲੜਕੇ ਅੰਡਰ-14 ਅਤੇ 21 ਵਰਗ ਵਿੱਚ ਸੋਨੇ ਦੇ ਤਗਮੇ ਜਿੱਤ ਕੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਕੀ ਅੰਡਰ-14 ਸਾਲ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੂੰ 1-0 ਨਾਲ ਹਰਾ ਕੇ, ਅੰਡਰ-21 ਸਾਲ ਉਮਰ ਤੋਂ ਉੱਪਰ ਦੇ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ ਪੀਏਯੂ ਨੂੰ 3-2 ਨਾਲ ਹਰਾ ਕੇ ਦੂਸਰਾ ਸੋਨ ਤਗ਼ਮਾ ਜਿੱਤਿਆ । 21 ਸਾਲ ਤੋਂ ਘੱਟ ਉਮਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਫਾਈਨਲ ਮੁਕਾਬਲੇ ਵਿੱਚ ਮਾਲਵਾ ਅਕੈਡਮੀ ਲੁਧਿਆਣਾ ਤੋਂ ਬਹੁਤ ਹੀ ਸੰਘਰਸ਼ਪੂਰਨ ਮੁਕਾਬਲੇ ਵਿੱਚ 3-5 ਗੋਲਾਂ ਦੇ ਫਰਕ ਨਾਲ ਹਾਰ ਕੇ ਦੂਸਰੇ ਸਥਾਨ ਤੇ ਰਹਿੰਦਿਆਂ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ। ਅੰਡਰ- 17 ਸਾਲ ਵਰਗ ਵਿੱਚ ਵੀ ਜਰਖੜ ਹਾਕੀ ਅਕੈਡਮੀ ਦੇ ਹਿੱਸੇ ਕਾਂਸੀ ਦਾ ਤਗ਼ਮਾ ਆਇਆ। ਇਸ ਤਰ੍ਹਾਂ ਹਾਕੀ ਦੇ ਚਾਰੇ ਵਰਗਾਂ ਵਿੱਚ ਜਰਖੜ ਅਕੈਡਮੀ ਨੇ ਕੋਈ ਨਾ ਕੋਈ ਤਗ਼ਮਾ ਜਰੂਰ ਹਾਸਲ ਕੀਤਾ। ਜਿਸ ਨਾਲ ਉਸ ਨੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਜ਼ਿਲ੍ਹਾ ਲੁਧਿਆਣਾ ਦੇ ਖੇਡ ਅਧਿਕਾਰੀ ਕੁਲਦੀਪ ਚੁੱਘ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਅਤੇ ਮੈਡਲ ਦਿੱਤੇ। ਇਸ ਮੌਕੇ ਗੁਰਸਤਿੰਦਰ ਸਿੰਘ ਪ੍ਰਗਟ, ਮਨਪ੍ਰੀਤ ਸਿੰਘ ਮੰਡੀਆ, ਸੁਖਬੀਰ ਸਿੰਘ ਸੁੱਖੀ, ਪਰਮਜੀਤ ਸਿੰਘ ਗਰੇਵਾਲ, ਪਵਨਪ੍ਰੀਤ ਸਿੰਘ ਡੰਗੋਰਾ, ਪ੍ਰੇਮ ਸਿੰਘ ਮਾਂਗਟ ਰਾਮਪੁਰ, ਹੋਰ ਅਧਿਕਾਰੀ ਖਿਡਾਰੀ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਜਰਖੜ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਹੋਰਾਂ ਨੇ ਅਕੈਡਮੀ ਦੀਆਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਅਕੈਡਮੀ ਦਾ ਨਾਮ ਉੱਚਾ ਕਰਨ ਲਈ ਪ੍ਰੇਰਿਤ ਕੀਤਾ।